ਨਿੱਝਰ ਹੱਤਿਆ ਮਾਮਲੇ ’ਚ ਅਮਰੀਕਾ ਨੇ ਫਿਰ ਦਿੱਤਾ ਬਿਆਨ, ਕਿਹਾ- ਕੈਨੇਡਾ ਦੇ ਸੰਪਰਕ ’ਚ ਹਾਂ

Washington- ਹਰਦੀਪ ਸਿੰਘ ਨਿੱਝਰ ਦੀ ਹੱਤਿਆ ਦੇ ਮਾਮਲੇ ’ਚ ਇੱਕ ਵਾਰ ਅਮਰੀਕਾ ਦਾ ਬਿਆਨ ਸਾਹਮਣੇ ਆਇਆ ਹੈ। ਅਮਰੀਕਾ ਦਾ ਕਹਿਣਾ ਹੈ ਕਿ ਉਹ ਇਸ ਹੱਤਿਆ ਮਾਮਲੇ ’ਚ ਕੈਨੇਡਾ ਦੇ ਸੰਪਰਕ ’ਚ ਹੈ। ਅਮਰੀਕਾ ਦੇ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਦਾ ਕਹਿਣਾ ਹੈ ਕਿ ਉਹ ਇਸ ਬਾਰੇ ’ਚ ਆਪਣੇ ਕੈਨੇਡੀਅਨ ਸਹਿਯੋਗੀਆਂ ਨਾਲ ਗੱਲ ਕਰ ਰਹੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਹਾਲ ਹੀ ’ਚ ਦੋਸ਼ ਲਾਇਆ ਸੀ ਕਿ ਨਿੱਝਰ ਦੇ ਕਤਲ ਪਿੱਛੇ ਭਾਰਤੀ ਸਰਕਾਰੀ ਏਜੰਸੀਆਂ ਦਾ ਹੱਥ ਹੈ। ਤੁਹਾਨੂੰ ਦੱਸ ਦੇਈਏ ਕਿ ਨਿੱਝਰ ਦੀ ਬੀਤੀ 18 ਜੂਨ ਨੂੰ ਕੈਨੇਡਾ ਦੇ ਸਰੀ ’ਚ ਇੱਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ’ਚ ਇੱਕ ਬਹਿਸ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੇ ਦੇਸ਼ ਦੇ ਰਾਸ਼ਟਰੀ ਸੁਰੱਖਿਆ ਅਧਿਕਾਰੀਆਂ ਕੋਲ ਇਹ ਮੰਨਣ ਦਾ ਕਾਰਨ ਹੈ ਕਿ ‘ਭਾਰਤ ਸਰਕਾਰ ਦੇ ਏਜੰਟਾਂ’ ਨੇ ਇੱਕ ਕੈਨੇਡੀਅਨ ਨਾਗਰਿਕ ਦਾ ਕਤਲ ਕੀਤਾ ਸੀ ਜੋ ਸਰੀ ’ਚ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਵੀ ਸਨ।
ਹਾਲਾਂਕਿ, ਭਾਰਤ ਨੇ ਇਨ੍ਹਾਂ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਅਤੇ ਉਨ੍ਹਾਂ ਨੂੰ ’ਬੇਹੂਦਾ’ ਅਤੇ ’ਪ੍ਰੇਰਿਤ’ ਕਰਾਰ ਦਿੱਤਾ ਹੈ। ਇੱਥੇ ਦੱਸ ਦੇਈਏ ਕਿ ਕੈਨੇਡਾ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦਾਅਵੇ ਦੇ ਸਮਰਥਨ ’ਚ ਅਜੇ ਤੱਕ ਕੋਈ ਸਬੂਤ ਨਹੀਂ ਦਿੱਤਾ ਹੈ। ਮਿਲਰ ਦਾ ਕਹਿਣਾ ਹੈ ਕਿ ਅਮਰੀਕਾ ਨੇ ਕਈ ਮੌਕਿਆਂ ’ਤੇ ਭਾਰਤ ਸਰਕਾਰ ਨੂੰ ਕੈਨੇਡਾ ਦੀ ਜਾਂਚ ’ਚ ਸਹਿਯੋਗ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਸ਼ੁੱਕਰਵਾਰ ਨੂੰ ਹੋਈ ਮੁਲਾਕਾਤ ਦੌਰਾਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਇਸ ਮੁੱਦੇ ’ਤੇ ਚਰਚਾ ਕਰਨ ਦਾ ਮੌਕਾ ਮਿਲਿਆ ਸੀ।
ਵਿਦੇਸ਼ ਮੰਤਰੀ ਜੈਸ਼ੰਕਰ ਨੇ ਹਾਲ ਹੀ ’ਚ ਕਿਹਾ ਸੀ ਕਿ ਕੈਨੇਡਾ ’ਚ ਅੱਤਵਾਦ, ਕੱਟੜਪੰਥ ਅਤੇ ਹਿੰਸਾ ਦੇ ਸਬੰਧ ’ਚ ਕੈਨੇਡੀਅਨ ਸਰਕਾਰ ਦੇ ‘ਦਇਆਵਾਨ ਵਤੀਰੇ’ ਕਾਰਨ ਕੈਨੇਡਾ ਨਾਲ ਚੱਲ ਰਹੀ ਸਮੱਸਿਆ ਕੁਝ ਸਾਲਾਂ ਤੋਂ ਬਰਕਰਾਰ ਹੈ। ਹਾਲਾਂਕਿ ਮੌਜੂਦਾ ਸਥਿਤੀ ਨੂੰ ‘ਅੜਿੱਕਾ’ ਨਹੀਂ ਕਿਹਾ ਜਾ ਸਕਦਾ ਹੈ ਪਰ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਇਸ ਮੁੱਦੇ ਬਾਰੇ ਕੈਨੇਡੀਅਨ ਪੱਖ ਦੁਆਰਾ ਸਾਂਝੇ ਕੀਤੇ ਗਏ ਕਿਸੇ ਵੀ ਵਿਸ਼ੇਸ਼ ਅਤੇ ਸੰਬੰਧਿਤ ਨੁਕਤੇ ’ਤੇ ਵਿਚਾਰ ਕਰਨ ਲਈ ਤਿਆਰ ਹੈ।