ਤਿੰਨ ਦਿਨਾਂ ਬਾਅਦ ਪੰਜਾਬ ਚ ਬਦਲੇਗਾ ਮੌਸਮ, ਬਰਸਾਤ ਵਧਾਏਗੀ ਠੰਡ

ਡੈਸਕ- ਪੰਜਾਬ ਵਿਚ ਮੌਸਮ ਕਰਵਟ ਬਦਲ ਰਿਹਾ ਹੈ। 25 ਨਵੰਬਰ ਦੀ ਰਾਤ ਤੋਂ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ। ਇਸ ਦੇ ਅਸਰ ਨਾਲ ਪੰਜਾਬ ਵਿਚ 27 ਨਵੰਬਰ ਤੋਂ ਕੁਝ ਥਾਵਾਂ ‘ਤੇ ਹਲਕੇ ਤੋਂ ਮੱਧਮ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਮਤਾਬਕ ਮੀਂਹ ਕਾਰਨ ਦਿਨ ਤੇ ਰਾਤ ਤਾਪਮਾਨ ਵਿਚ ਦੋ ਡਿਗਰੀ ਤੱਕ ਕਮੀ ਦਰਜ ਕੀਤੀ ਜਾ ਸਕਦੀ ਹੈ। ਨਾਲ ਹੀ ਧੁੰਦ ਦਾ ਕਹਿਰ ਵੀ ਵਧੇਗਾ। ਫਿਲਹਾਲ ਪੰਜਾਬ ਵਿਚ ਕੁਝ ਥਾਵਾਂ ‘ਤੇ ਧੁੰਨਦ ਪੈ ਰਹੀ ਹੈ ਪਰ ਮੀਂਹ ਦੇ ਬਾਅਦ ਧੁੰਦ ਸੰਘਣੀ ਹੋਣ ਦੀ ਸੰਭਾਵਨਾ ਹੈ।

ਹਾਲਾਂਕਿ ਬੀਤੇ ਕਈ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਹੈ। ਬਾਵਜੂਦ ਇਸ ਦੇ ਤਿੰਨ ਦਿਨ ਵਿਚ ਰਾਤ ਦੇ ਤਾਪਮਾਨ ਵਿਚ 3.2 ਡਿਗਰੀ ਸੈਲਸੀਅਸ ਦੀ ਕਮੀ ਦੇਖਣ ਨੂੰ ਮਿਲੀ ਹੈ ਜਦੋਂ ਕਿ ਅਧਿਕਤਮ ਤਾਪਮਾਨ ਵਿਚ ਬੀਤੇ ਤਿੰਨ ਦਿਨਾਂ ਵਿਚ 1.4 ਡਿਗਰੀ ਤੇ ਬੀਤੇ 5 ਦਿਨਾਂ ਵਿਚ ਤਿੰਨ ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਹੈ। ਇਸ ਦਰਮਿਆਨ ਹੁਣ ਨਵੇਂ ਪੱਛਮੀ ਗੜਬੜੀ ਸਰਗਰਮ ਹੋਣ ਨਾਲ ਮੀਂਹ ਦੀ ਸੰਭਾਵਨਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਮੀਂਹ ਨਾਲ ਏਕਿਊਆਈ ਦੇ ਪੱਧਰ ਵਿਚ ਗਿਰਾਵਟ ਆਏਗੀ।

ਪੰਜਾਬ ਵਿੱਚ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਲਗਾਤਾਰ ਕਮੀ ਆ ਰਹੀ ਹੈ। ਇਸ ਦੇ ਬਾਵਜੂਦ ਹਵਾ ਪ੍ਰਦੂਸ਼ਿਤ ਹੈ। ਬੁੱਧਵਾਰ ਨੂੰ ਪਰਾਲੀ ਸਾੜਨ ਦੇ 512 ਮਾਮਲੇ ਸਾਹਮਣੇ ਆਏ ਹਨ। ਇਸ ਦੇ ਮੁਕਾਬਲੇ ਵੀਰਵਾਰ ਨੂੰ 50 ਫੀਸਦੀ ਦੀ ਕਮੀ ਦਰਜ ਕੀਤੀ ਗਈ। ਵੀਰਵਾਰ ਨੂੰ ਪਰਾਲੀ ਸਾੜਨ ਦੇ 205 ਮਾਮਲੇ ਸਾਹਮਣੇ ਆਏ। ਸੋਮਵਾਰ ਨੂੰ ਪਰਾਲੀ ਸਾੜਨ ਦੇ 600 ਤੋਂ ਵੱਧ ਮਾਮਲੇ ਸਾਹਮਣੇ ਆਏ ਅਤੇ ਮੰਗਲਵਾਰ ਨੂੰ 513 ਮਾਮਲੇ ਸਾਹਮਣੇ ਆਏ। ਵੀਰਵਾਰ ਨੂੰ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 59 ਮਾਮਲੇ ਸਾਹਮਣੇ ਆਏ ਹਨ। ਮੋਗਾ ਵਿੱਚ 28, ਮੁਕਤਸਰ ਵਿੱਚ 25, ਕਪੂਰਥਲਾ ਵਿੱਚ 10, ਫ਼ਿਰੋਜ਼ਪੁਰ ਵਿੱਚ 15, ਫਰੀਦਕੋਟ ਵਿੱਚ 13, ਬਠਿੰਡਾ ਵਿੱਚ 15 ਅਤੇ ਸੰਗਰੂਰ ਜ਼ਿਲ੍ਹੇ ਵਿੱਚ 11 ਮਾਮਲੇ ਸਾਹਮਣੇ ਆਏ ਹਨ।