ਭਾਜਪਾ ਨੇ ਅਨਿਲ ਜੋਸ਼ੀ ਨੂੰ 6 ਸਾਲ ਲਈ ਪਾਰਟੀ ‘ਚੋ ਕੱਢਿਆ

ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ ਅੱਜ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਹੈ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ੍ਰੀ ਜੋਸ਼ੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ 6 ਸਾਲਾਂ ਲਈ ਕੱਢਣ ਦਾ ਐਲਾਨ ਕੀਤਾ ਹੈ। ਸ੍ਰੀ ਜੋਸ਼ੀ ਅਕਾਲੀ-ਭਾਜਪਾ ਸਰਕਾਰ ਸਮੇਂ ਸਾਲ 2012 ਤੋਂ 2017 ਤੱਕ ਕੈਬਨਿਟ ਮੰਤਰੀ ਰਹੇ ਅਤੇ ਉਹ ਅੰਮ੍ਰਿਤਸਰ ਸ਼ਹਿਰ ਦੇ ਇੱਕ ਹਲਕੇ ਦੀ ਨੁਮਾਇੰਦਗੀ ਕਰਦੇ ਸਨ।

ਸੂਬਾ ਪ੍ਰਧਾਨ ਨੇ 7 ਜੁਲਾਈ ਨੂੰ ਜੋਸ਼ੀ ਨੂੰ ਨੋਟਿਸ ਜਾਰੀ ਕਰਦਿਆਂ ਦੋ ਦਿਨਾਂ ਦੇ ਅੰਦਰ-ਅੰਦਰ ਜਵਾਬ ਦੇਣ ਲਈ ਕਿਹਾ ਸੀ। ਭਾਜਪਾ ਦੇ ਜਨਰਲ ਸਕੱਤਰ ਡਾ. ਸੁਭਾਸ਼ ਸ਼ਰਮਾ ਨੇ ਇੱਕ ਬਿਆਨ ਰਾਹੀਂ ਕਿਹਾ ਕਿ ਅਨਿਲ ਜੋਸ਼ੀ ਕੇਂਦਰ ਸਰਕਾਰ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਉਸ ਦੀਆਂ ਨੀਤੀਆਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਜੋਸ਼ੀ ਨੇ ਨੋਟਿਸ ਮਿਲਣ ਤੋਂ ਬਾਅਦ ਵੀ ਭਾਜਪਾ ਖ਼ਿਲਾਫ਼ ਚੱਲਣ ਦਾ ਆਪਣਾ ਅੜੀਅਲ ਰਵੱਈਆ ਨਹੀਂ ਛੱਡਿਆ। ਪਾਰਟੀ ਨੇ ਕਿਹਾ ਕਿ ਸਾਬਕਾ ਮੰਤਰੀ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਹੀ ਅਨੁਸ਼ਾਸਨੀ ਕਮੇਟੀ ਦੀ ਸਿਫਾਰਿਸ਼ ’ਤੇ ਪ੍ਰਦੇਸ਼ ਭਾਜਪਾ ਪ੍ਰਧਾਨ ਅਸਵਨੀ ਸ਼ਰਮਾ ਨੇ ਜੋਸ਼ੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲ ਲਈ ਕੱਢ ਦਿੱਤਾ ਹੈ। ਸੂਤਰਾਂ ਮੁਤਾਬਕ ਭਾਜਪਾ ਅੰਦਰ ਬਗ਼ਾਵਤੀ ਸੁਰਾਂ ਵਧਣ ਕਰਕੇ ਅਨਿਲ ਜੋਸ਼ੀ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। ਵਿਧਾਨ ਸਭਾ ਚੋਣਾਂ ਨਜ਼ਦੀਕ ਹੋਣ ਕਾਰਨ ਭਗਵਾਂ ਪਾਰਟੀ ਦੀ ਸਥਿਤੀ ਕਸੂਤੀ ਬਣੀ ਪਈ ਸੀ।

ਪਾਰਟੀ ਆਗੂਆਂ ਦਾ ਇਹ ਵੀ ਮੰਨਣਾ ਹੈ ਕਿ ਸੂਬਾ ਪ੍ਰਧਾਨ ਵੱਲੋਂ ਕੀਤੀ ਗਈ ਇਸ ਕਾਰਵਾਈ ਨਾਲ ਭਾਜਪਾ ਦਾ ਅੰਦਰੂਨੀ ਸੰਕਟ ਹੱਲ ਹੋਣ ਦੀ ਥਾਂ ਹੋਰ ਡੂੰਘਾ ਹੋ ਸਕਦਾ ਹੈ। ਕਾਬਿਲੇਗੌਰ ਹੈ ਕਿ ਅਨਿਲ ਜੋਸ਼ੀ ਸਮੇਤ ਹੋਰ ਕਈ ਆਗੂਆਂ ਨੇ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਸੂਬਾਈ ਅਤੇ ਕੇਂਦਰੀ ਲੀਡਰਸ਼ਿਪ ਨੂੰ ਸ਼ੀਸ਼ਾ ਦਿਖਾਉਣ ਦੇ ਯਤਨ ਕੀਤੇ ਸਨ। ਬੀਤੇ ਸਾਲ ਸੰਸਦ ਵੱਲੋਂ ਖੇਤੀ ਕਾਨੂੰਨ ਪਾਸ ਕੀਤੇ ਜਾਣ ਤੋਂ ਬਾਅਦ ਭਾਜਪਾ ਆਗੂਆਂ ਨੂੰ ਪੰਜਾਬ ਵਿੱਚ ਲਗਾਤਾਰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਕਿਸਾਨਾਂ ਨੇ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਹੀ ਨਹੀਂ ਕੀਤਾ ਹੋਇਆ ਹੈ ਸਗੋਂ ਸਿਆਸੀ ਗਤੀਵਿਧੀਆਂ ਕਰਨੀਆਂ ਵੀ ਮੁਸ਼ਕਲ ਹੋਈਆਂ ਪਈਆਂ ਹਨ। ਇਸੇ ਰੋਹ ਦੇ ਚਲਦਿਆਂ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦੇ ਮਲੋਟ ’ਚ ਕੱਪੜੇ ਤੱਕ ਪਾੜ ਦਿੱਤੇ ਗਏ ਸਨ। ਇੱਕ ਹੋਰ ਆਗੂ ਹਰਜੀਤ ਸਿੰਘ ਗਰੇਵਾਲ ਦੇ ਖੇਤ ਵਿੱਚ ਲਾਇਆ ਝੋਨਾ ਵੀ ਕਿਸਾਨਾਂ ਨੇ ਪੁੱਟ ਦਿੱਤਾ ਸੀ।

ਜ਼ਿਕਰਯੋਗ ਹੈ ਕਿ ਅਨਿਲ ਜੋਸ਼ੀ ਵੱਲੋਂ ਪਿਛਲੇ ਇਕ ਮਹੀਨੇ ਤੋਂ ਖੇਤੀ ਕਾਨੂੰਨਾਂ ਦੇ ਮਾਮਲੇ ’ਤੇ ਪਾਰਟੀ ਆਗੂਆਂ ਦੇ ਵਿਵਹਾਰ ਦੀ ਨਿੰਦਾ ਕੀਤੀ ਜਾ ਰਹੀ ਸੀ। ਉਹ ਕਿਸਾਨਾਂ ਦੀ ਗੱਲ ਸੁਣਨ ਦੀ ਵਕਾਲਤ ਕਰਦੇ ਆ ਰਹੇ ਸਨ। ਉਨ੍ਹਾਂ ਇਹ ਵੀ ਕਿਹਾ ਸੀ ਕਿ ਪਾਰਟੀ ਦੀ ਕੌਮੀ ਲੀਡਰਸ਼ਿਪ ਜ਼ਮੀਨੀ ਹਾਲਾਤ ਸਮਝਣ ’ਚ ਨਾਕਾਮ ਰਹੀ ਹੈ। ਸ੍ਰੀ ਜੋਸ਼ੀ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀ ਕਿ ਲੋਕ ਭਾਜਪਾ ਆਗੂਆਂ ਨੂੰ ਬਾਹਰ ਨਹੀਂ ਨਿਕਲਣ ਦੇ ਰਹੇ ਅਤੇ ਪਾਰਟੀ ਸਰਕਾਰ ਬਣਾਉਣ ਦੇ ਦਾਅਵੇ ਕਰ ਰਹੀ ਹੈ। ਭਾਜਪਾ ਦੇ ਇੱਕ ਹੋਰ ਆਗੂ ਕੇ ਡੀ ਭੰਡਾਰੀ ਨੇ ਵੀ ਅਨਿਲ ਜੋਸ਼ੀ ਦੀ ਸੁਰ ਨਾਲ ਸੁਰ ਮਿਲਾਉਂਦਿਆਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਅੰਦੋਲਨ ਦਾ ਸਾਰਥਕ ਹੱਲ ਕੱਢਣ ਦਾ ਮਸ਼ਵਰਾ ਦਿੱਤਾ ਸੀ।

ਜੋਸ਼ੀ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅਸਤੀਫ਼ਾ ਮੰਗਿਆ

ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਸੁਜਾਨਪੁਰ ਅਤੇ ਪਠਾਨਕੋਟ ਦਾ ਦੌਰਾ ਕੀਤਾ। ਉਹ ਸੁਜਾਨਪੁਰ ਵਿੱਚ ਭਾਜਪਾ ਨੂੰ ਅਲਵਿਦਾ ਆਖਣ ਵਾਲੇ ਸਾਬਕਾ ਨਗਰ ਕੌਂਸਲ ਪ੍ਰਧਾਨ ਰਾਜ ਕੁਮਾਰ ਗੁਪਤਾ ਦੇ ਘਰ ਗਏ। ਰਾਜ ਕੁਮਾਰ ਗੁਪਤਾ ਨੇ ਜੋਸ਼ੀ ਦੀ ਮੌਜੂਦਗੀ ਵਿੱਚ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ ਕੀਤਾ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਨਿਲ ਜੋਸ਼ੀ ਨੇ ਅਸ਼ਵਨੀ ਸ਼ਰਮਾ ਨੂੰ ਸੂਬਾ ਪ੍ਰਧਾਨਗੀ ਤੋਂ ਤਿਆਗ ਪੱਤਰ ਦੇਣ ਲਈ ਕਿਹਾ।

ਬਾਅਦ ਵਿੱਚ ਉਹ ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਦੇ ਪਠਾਨਕੋਟ ਵਿੱਚ ਸਥਿਤ ਘਰ ਪੁੱਜੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਤਰ੍ਹਾਂ ਭਾਜਪਾ ਦੇ ਅਸੰਤੁਸ਼ਟ ਆਗੂਆਂ ਨੇ ਸਰਗਰਮੀਆਂ ਵਿੱਢ ਦਿੱਤੀਆਂ ਹਨ। ਉਧਰ, ਰਾਜ ਕੁਮਾਰ ਗੁਪਤਾ ਨੇ ਸੁਜਾਨਪੁਰ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਐਲਾਨ ਕਰ ਦਿੱਤਾ। ਅਨਿਲ ਜੋਸ਼ੀ ਦੇ ਇਸ ਦੌਰੇ ਨੂੰ ਲੈ ਕੇ ਅੱਜ ਸ਼ਹਿਰ ਅੰਦਰ ਚਰਚਾਵਾਂ ਦਾ ਬਾਜ਼ਾਰ ਗਰਮ ਹੋ ਗਿਆ। ਰਾਜਸੀ ਮਾਹਿਰਾਂ ਅਨੁਸਾਰ, ਅਨਿਲ ਜੋਸ਼ੀ ਨੂੰ 6 ਸਾਲ ਲਈ ਪਾਰਟੀ ਵਿਚੋਂ ਕੱਢਣਾ ਭਾਜਪਾ ਨੂੰ ਕਾਫੀ ਮਹਿੰਗਾ ਸਾਬਤ ਹੋ ਸਕਦਾ ਹੈ। ਪਾਰਟੀ ਵਿੱਚੋਂ ਕੱਢਣ ਦੇ ਐਲਾਨ ਮਗਰੋਂ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਵਿੱਚੋਂ ਪਾਰਟੀ ਦੇ ਕਈ ਆਗੂਆਂ ਦੇ ਭਾਜਪਾ ਨੂੰ ਅਸਤੀਫ਼ੇ ਦੇਣ ਦੀ ਸੰਭਾਵਨਾ ਵਧ ਗਈ ਹੈ। ਅਨਿਲ ਜੋਸ਼ੀ ਨੇ ਸੁਜਾਨਪੁਰ ਵਿੱਚ ਕਿਹਾ ਕਿ ਭਾਜਪਾ ਦੀ ਸੂਬਾਈ ਲੀਡਰਸ਼ਿਪ ਕਿਸਾਨੀ ਮੁੱਦੇ ’ਤੇ ਦਿੱਲੀ ਹਾਈਕਮਾਨ ਨੂੰ ਪੰਜਾਬ ਦੀ ਸਹੀ ਸਥਿਤੀ ਤੋਂ ਜਾਣੂ ਨਹੀਂ ਕਰਵਾ ਸਕੀ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕੇ ਹਨ।

ਇਸ ਕਰਕੇ ਉਨ੍ਹਾਂ ਨੂੰ ਤਿਆਗ ਪੱਤਰ ਦੇ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਕਿਸਾਨਾਂ ਤੋਂ ਬਿਨਾ ਪਾਰਟੀ ਕਿਵੇਂ ਕਾਮਯਾਬ ਹੋ ਸਕੇਗੀ। ਮੌਜੂਦਾ ਨਗਰ ਕੌਂਸਲਰ ਰਾਜ ਕੁਮਾਰ ਗੁਪਤਾ ਨੇ ਕਿਹਾ ਕਿ ਨਗਰ ਕੌਂਸਲ ਦੀ ਚੋਣ ਸਮੇਂ ਭਾਜਪਾ ਵੱਲੋਂ ਜਾਰੀ ਕੀਤਾ ਗਿਆ ਵ੍ਹਿਪ ਜੇਕਰ ਖੋਲ੍ਹਿਆ ਹੁੰਦਾ ਤਾਂ ਉਹ ਅੱਜ ਪ੍ਰਧਾਨ ਹੁੰਦੇ। ਉਧਰ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਨੇ ਕਿਹਾ ਕਿ ਉਹ ਪਿਛਲੇ 3-4 ਦਿਨਾਂ ਤੋਂ ਬਿਮਾਰ ਹਨ ਅਤੇ ਅਨਿਲ ਜੋਸ਼ੀ ਉਨ੍ਹਾਂ ਦਾ ਹਾਲ-ਚਾਲ ਪੁੱਛਣ ਆਏ ਸਨ। ਉਨ੍ਹਾਂ ਜੋਸ਼ੀ ਨੂੰ ਪਾਰਟੀ ’ਚੋਂ ਕੱਢਣ ਦੀ ਕਾਰਵਾਈ ਨੂੰ ਮੰਦਭਾਗਾ ਕਿਹਾ। ਉਨ੍ਹਾਂ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।