25 ਜੁਲਾਈ ਤੱਕ ਮਾਨਸੂਨ ਦਿਖਾਵੇਗਾ ਰੂਪ , ਹੋਵੇਗੀ ਜ਼ਬਰਦਸਤ ਬਰਸਾਤ

ਜਲੰਧਰ- ਸੂਬੇ ‘ਚ ਵੀਰਵਾਰ ਨੂੰ ਭਾਰੀ ਮੀਂਹ ਪਿਆ। 50 ਸਾਲਾਂ ‘ਚ ਤੀਜੀ ਵਾਰ ਲੁਧਿਆਣਾ ‘ਚ ਜੁਲਾਈ ਮਹੀਨੇ 150 ਮਿਲੀਮੀਟਰ ਮੀਂਹ ਪਿਆ। ਜਲੰਧਰ, ਲੁਧਿਆਣਾ ਸਮੇਤ ਕਈ ਸ਼ਹਿਰਾਂ ‘ਚ ਸੜਕਾਂ ਨੇ ਝੀਲਾਂ ਦਾ ਰੂਪ ਧਾਰ ਲਿਆ। ਪਾਣੀ ਭਰ ਜਾਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਸ਼ਹਿਰਾਂ ‘ਚ ਹਾਦਸੇ ਵੀ ਵਾਪਰੇ। ਮੌਸਮ ਵਿਭਾਗ ਚੰਡੀਗੜ੍ਹ ਦੀ ਭਵਿੱਖਬਾਣੀ ਅਨੁਸਾਰ 25 ਜੁਲਾਈ ਤਕ ਯਾਨੀ ਚਾਰ ਦਿਨਾਂ ਤਕ ਸੂਬੇ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾਂ ਦੇ ਪਿੰਡ ਲਾਡਪੁਰੀ ‘ਚ ਵਿਧਵਾ ਲਕਸ਼ਮੀ ਦੇਵੀ ਦੇ ਕਮਰੇ ਦੀ ਛੱਤ ਡਿੱਗਣ ਕਾਰਨ 20 ਸਾਲਾ ਧੀ ਨੀਤੂ ਤੇ ਪੁੱਤਰ ਗੁਰਪ੍ਰੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਏ। ਮੋਗਾ, ਬਰਨਾਲਾ, ਅੰਮ੍ਰਿਤਸਰ ‘ਚ ਵੀ ਕਈ ਘਰਾਂ ਦੀਆਂ ਛੱਤਾਂ ਤੇ ਕੰਧਾਂ ਢਹਿ ਗਈਆਂ ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਤਰਨਤਾਰਨ ‘ਚ ਇਕ ਦਰਜਨ ਪਿੰਡਾਂ ਦੀ 15 ਹਜ਼ਾਰ ਏਕੜ ਫਸਲ ਪਾਣੀ ਦੀ ਲਪੇਟ ‘ਚ ਆ ਗਈ। ਜਲੰਧਰ ਦੇ ਛੇ ਪਿੰਡਾਂ ‘ਚ ਵੀ ਫ਼ਸਲਾਂ ਦਾ ਨੁਕਸਾਨ ਹੋਇਆ ਹੈ।

ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਮਲਕਪੁਰ ‘ਚੋਂ ਲੰਘਦੀ ਡਰੇਨ ਦਾ ਪੁਲ ਬਰਸਾਤੀ ਪਾਣੀ ਦੇ ਵਹਾਅ ‘ਚ ਰੁੜ੍ਹ ਗਿਆ। ਇਸ ਕਾਰਨ ਅੱਧੀ ਦਰਜਨ ਦੇ ਕਰੀਬ ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਪਠਾਨਕੋਟ ‘ਚ ਪ੍ਰਸ਼ਾਸਨ ਨੇ ਦਰਿਆ ਕੰਢੇ ਰਹਿਣ ਵਾਲੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਨਿਰਦੇਸ਼ ਜਾਰੀ ਕੀਤੇ ਹਨ।

ਪੰਜਾਬ ‘ਚ ਮੌਨਸੂਨ ਦੀ ਸ਼ੁਰੂਆਤ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਰਾਤ ਨੂੰ ਸ਼ੁਰੂ ਹੋਈ ਬਾਰਿਸ਼ ਸਵੇਰ ਤਕ ਜਾਰੀ ਰਹੀ। ਇਸ ਕਾਰਨ ਸ਼ਹਿਰ ਦੇ ਜ਼ਿਆਦਾਤਰ ਇਲਾਕਿਆਂ ‘ਚ ਪਾਣੀ ਭਰ ਗਿਆ ਤੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਪੈ ਰਹੀਆਂ ਸੂਰਜ ਦੀਆਂ ਕਿਰਨਾਂ ਤੋਂ ਵੀ ਲੋਕਾਂ ਨੂੰ ਰਾਹਤ ਮਿਲੀ। ਮੀਂਹ ਕਾਰਨ 24 ਘੰਟਿਆਂ ਦੇ ਅੰਦਰ ਵੱਧ ਤੋਂ ਵੱਧ ਤਾਪਮਾਨ ਵੀ ਡਿੱਗਿਆ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 31.4 ਡਿਗਰੀ ਸੈਲਸੀਅਸ ਤਕ ਡਿੱਗ ਕੇ 30 ਡਿਗਰੀ ਸੈਲਸੀਅਸ ‘ਤੇ ਆ ਗਿਆ।