ਬਰਸਾਤ ਨਾਲ ਪੰਜਾਬ ‘ਚ ਬਦਲਿਆ ਮੌਸਮ, ਕਈ ਥਾਂ ਹੋਈ ਗੜ੍ਹੇਮਾਰੀ

ਡੈਸਕ- ਦੇਸ਼ ਦੇ ਵੱਖ-ਵੱਖ ਸੂਬਿਆਂ ਵਿਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਕਈ ਸੂਬਿਆਂ ਵਿਚ ਪੈ ਰਹੇ ਮੀਂਹ ਨੇ ਠੰਡ ਵਧਾ ਦਿੱਤੀ ਹੈ। ਦੂਜੇ ਪਾਸੇ ਕੱਲ੍ਹ ਤੋਂ ਪੰਜਾਬ ਦਾ ਮੌਸਮ ਵੀ ਬਦਲ ਗਿਆ ਹੈ। ਹਲਕੀ-ਹਲਕੀ ਬੂੰਦਾਬਾਦੀ ਨੇ ਮੌਸਮ ਦਾ ਮਿਜਾਜ਼ ਬਦਲ ਦਿੱਤਾ ਹੈ ਜਿਸ ਨਾਲ ਤਾਪਮਾਨ ਵਿਚ ਵੀ ਗਿਰਾਵਟ ਹੋਈ ਹੈ।ਅੱਜ ਵੀ ਸੂਬੇ ਭਰ ਵਿਚ ਕੁਝ-ਕੁਝ ਹਿੱਸਿਆਂ ਵਿਚ ਹਲਕੇ ਬੱਦਲ ਛਾਏ ਰਹਿਣਗੇ।

ਇਸ ਦੌਰਾਨ ਹਲਕੀ ਤੋਂ ਮੱਧਮ ਮੀਂਹ ਹੋਣ ਦੀ ਸੰਭਾਵਨਾ ਪ੍ਰਗਟਾਈ ਹੈ। ਮੀਂਹ ਨਾਲ ਤਾਪਮਾਨ ਵਿਚ 2 ਤੋਂ 4 ਡਿਗਰੀ ਸੈਲਸੀਅਸ ਤੱਕ ਗਿਰਾਵਟ ਆਸਕਦੀ ਹੈ ਜਿਸ ਨਾਲ ਰਾਤ ਦੇ ਸਮੇਂ ਠੰਡ ਵਧੇਗੀ। ਬੀਤੇ ਦਿਨੀਂ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿਚ ਸਵੇਰੇ ਧੁੱਪ ਨਿਕਲੀ ਤੇ ਦੁਪਹਿਰ ਬਾਅਦ ਹਲਕੇ ਬੱਦਲ ਬਣੇ ਰਹੇ।

ਲੁਧਿਆਣਾ ਦਾ ਅਧਿਕਤਮ ਤਾਪਮਾਨ 28.2 ਡਿਗਰੀ ਤੇ ਘੱਟੋ-ਘੱਟ ਤਾਪਮਾਨ 15.2 ਡਿਗਰੀ ਸੈਲਸੀਅਸ, ਬਠਿੰਡਾ ਦਾ ਅਧਿਕਤਮ ਤਾਪਮਾਨ 29.6 ਤੇ ਨਿਊਨਤਮ ਤਾਪਮਾਨ 15.6 ਡਿਗਰੀ ਸੈਲਸੀਅਸ, ਗੁਰਦਾਸਪੁਰ ਦਾ ਅਧਿਕਤਮ ਤਾਪਮਾਨ 28 ਡਿਗਰੀ ਤੇ ਨਿਊਨਤਮ ਤਾਪਮਾਨ 15 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਪੰਜਾਬ ਵਿਚ ਆਉਣ ਵਾਲੇ ਕੁਝ ਦਿਨਾਂ ਵਿਚ ਦਿਨ ਦੀ ਸ਼ੁਰੂਆਤ ਧੁੰਦ ਨਾਲ ਹੋ ਸਕਦੀ ਹੈ। ਕੁਝ ਥਾਵਾਂ ‘ਤੇ ਧੁੱਪ ਦੇ ਨਾਲ-ਨਾਲ ਬੱਦਲ ਵੀ ਛਾਏ ਰਹਿਣਗੇ। ਦੱਸ ਦੇਈਏ ਕਿ ਹਵਾ ਦੀ ਗੁਣਵੱਤਾ ਖਰਾਬ ਹੋਣ ਨਾਲ ਸ਼ਹਿਰ ਕਾਫੀ ਪ੍ਰਦੂਸ਼ਿਤ ਨਜ਼ਰ ਆ ਰਿਹਾ ਹੈ। ਇਸ ਨਾਲ ਲੋਕਾਂ ਨੂੰ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।