ਦਿੱਲੀ ’ਚ ਖ਼ਰਾਬ ਹੋਇਆ ਟਰੂਡੋ ਦਾ ਜਹਾਜ਼

New Delhi- ਜੀ.-20 ਸਿਖਰ ਸੰਮੇਲਨ ’ਚ ਸ਼ਾਮਿਲ ਹੋਣ ਲਈ ਦਿੱਲੀ ਆਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਐਤਵਾਰ ਨੂੰ ਦਿੱਲੀ ਤੋਂ ਰਵਾਨਗੀ ਨਹੀਂ ਹੋ ਸਕੀ। ਉਨ੍ਹਾਂ ਦੇ ਜਹਾਜ਼ ’ਚ ਅਚਾਨਕ ਆਈ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਕੈਨੇਡੀਅਨ ਵਫ਼ਦ ਐਤਵਾਰ ਨੂੰ ਦਿੱਲੀ ’ਚ ਹੀ ਰੁਕਿਆ। ਮੀਡੀਆ ਰਿਪੋਰਟਾਂ ਮੁਤਾਬਕ ਪ੍ਰਧਾਨ ਮੰਤਰੀ ਦਾ ਵਫ਼ਦ ਉਦੋਂ ਤੱਕ ਦਿੱਲੀ ’ਚ ਰੁਕੇਗਾ, ਜਦੋਂ ਤੱਕ ਇੰਜੀਨੀਅਰਾਂ ਦੀ ਟੀਮ ਜਹਾਜ਼ ’ਚ ਆਈ ਤਕਨੀਕੀ ਖ਼ਰਾਬੀ ਦੀ ਜਾਂਚ ਨਹੀਂ ਕਰ ਲੈਂਦੀ।
ਕੈਨੇਡੀਅਨ ਪ੍ਰਧਾਨ ਮੰਤਰੀ ਦੀ ਉਡਾਣ ਐਤਵਾਰ ਰਾਤੀਂ 8 ਵਜੇ ਲਈ ਨਿਰਧਾਰਿਤ ਕੀਤੀ ਗਈ ਸੀ ਪਰ ਅਚਾਨਕ ਆਈ ਤਕਨੀਕੀ ਖ਼ਰਾਬੀ ਦੇ ਚੱਲਦਿਆਂ ਉਹ ਦਿੱਲੀ ਤੋਂ ਰਵਾਨਾ ਨਹੀਂ ਹੋ ਸਕੇ। ਜਸਟਿਨ ਟਰੂਡੋ ਦੇ ਦਫ਼ਤਰ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਜਹਾਜ਼ ’ਚ ਤਕਨੀਕੀ ਦਿੱਕਤਾਂ ਆਈਆਂ ਹਨ। ਹਾਲਾਂਕਿ ਦਿੱਕਤਾਂ ਬਾਰੇ ’ਚ ਦਫ਼ਤਰ ਵਲੋਂ ਕੋਈ ਵੀ ਸਪੱਸ਼ਟ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਜੀ. 20 ਸਿਖਰ ਸੰਮੇਲਨ ’ਚ ਸ਼ਾਮਿਲ ਹੋਣ ਲਈ ਟਰੂਡੋ ਆਪਣੇ ਬੇਟੇ ਜੇਵੀਅਰ ਨਾਲ ਸ਼ੁੱਕਰਵਾਰ ਨੂੰ ਦਿੱਲੀ ਪਹੁੰਚੇ ਸਨ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਨੂੰ ਟਰੂਡੋ ਨਾਲ ਦੁਵੱਲੀ ਬੈਠਕ ਕੀਤੀ। ਬੈਠਕ ਦੇ ਆਖ਼ਰੀ ਦਿਨ ਟਰੂਡੋ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਭਾਰਤ, ਕੈਨੇਡਾ ਲਈ ਇੱਕ ਮਹੱਤਵਪੂਰਨ ਭਾਗੀਦਾਰ ਹੈ ਅਤੇ ਉਹ ਇਸ ਦਿਸ਼ਾ ’ਚ ਕੰਮ ਕਰਨਾ ਜਾਰੀ ਰੱਖਣਗੇ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਰੂਡੋ ਨੂੰ ਕੈਨੇਡਾ ’ਚ ਚਰਮਪੰਥੀ ਤੱਤਾਂ ਦੀਆਂ ਗਤੀਵਿਧੀਆਂ ’ਤੇ ਭਾਰਤ ਦੀਆਂ ਸਖ਼ਤ ਚਿੰਤਾਵਾਂ ਤੋਂ ਜਾਣੂੰ ਕਰਾਇਆ।