ਖਤਮ ਹੋਇਆ ਪਹਿਲਵਾਨਾਂ ਦਾ ਧਰਨਾ, ਅੱਜ ਹੋਵੇਗਾ ਜਾਂਚ ਕਮੇਟੀ ਦਾ ਐਲਾਨ

ਨਵੀਂ ਦਿੱਲੀ- ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (ਡਬਲਿਊ.ਐੱਫ.ਆਈ.) ਅਤੇ ਪਹਿਲਵਾਨਾਂ ਵਿਚਕਾਰ ‘ਦੰਗਲ’ ਤੀਜੇ ਦਿਨ ਸਮਾਪਤ ਹੋ ਗਿਆ। WFI ਦੇ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਦੋਸ਼ਾਂ ਦੀ ਜਾਂਚ ਦੋ ਕਮੇਟੀਆਂ ਦੁਆਰਾ ਕੀਤੀ ਜਾਵੇਗੀ। ਖੇਡ ਮੰਤਰੀ ਅਨੁਰਾਗ ਠਾਕੁਰ ਨੇ ਪਹਿਲਵਾਨਾਂ ਨਾਲ ਦੇਰ ਰਾਤ ਹੋਈ ਮੀਟਿੰਗ ਤੋਂ ਬਾਅਦ ਦੋਸ਼ਾਂ ਦੀ ਜਾਂਚ ਲਈ ਕਮੇਟੀ ਦੇ ਗਠਨ ਦਾ ਐਲਾਨ ਕੀਤਾ। ਕਮੇਟੀ ਦੇ ਘੱਟੋ-ਘੱਟ ਤਿੰਨ ਮੈਂਬਰ ਹੋਣਗੇ।ਖੇਡ ਮੰਤਰਾਲਾ ਸ਼ਨੀਵਾਰ ਨੂੰ ਕਮੇਟੀ ਮੈਂਬਰਾਂ ਦਾ ਐਲਾਨ ਕਰੇਗਾ। ਇਹ ਕਮੇਟੀ ਚਾਰ ਹਫ਼ਤਿਆਂ ਵਿੱਚ ਸਾਰੇ ਦੋਸ਼ਾਂ ਦੀ ਜਾਂਚ ਕਰੇਗੀ। ਜਾਂਚ ਪੂਰੀ ਹੋਣ ਤੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਆਪਣੇ ਆਪ ਨੂੰ WFI ਤੋਂ ਦੂਰ ਰੱਖਣਗੇ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਅਸਤੀਫਾ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਖੇਡ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਪਹਿਲਵਾਨ ਹੜਤਾਲ ਖਤਮ ਕਰਨ ਲਈ ਸਹਿਮਤ ਹੋ ਗਏ। ਇਸ ਤੋਂ ਪਹਿਲਾਂ ਸ਼ੁੱਕਰਵਾਰ ਦੇਰ ਸ਼ਾਮ ਨੂੰ ਭਾਰਤੀ ਓਲੰਪਿਕ ਸੰਘ (IOA) ਨੇ ਬ੍ਰਿਜ ਭੂਸ਼ਣ ‘ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਐਮਸੀ ਮੈਰੀਕਾਮ ਦੀ ਅਗਵਾਈ ਵਾਲੀ ਸੱਤ ਮੈਂਬਰੀ ਕਮੇਟੀ ਦੇ ਗਠਨ ਦਾ ਐਲਾਨ ਕੀਤਾ ਸੀ। ਇਹ ਕਮੇਟੀ ਅੰਦਰੂਨੀ ਸ਼ਿਕਾਇਤਾਂ ਕਮੇਟੀ ਹੈ। ਇਹ ਕਿਸੇ ਵੀ ਖੇਡ ਵਿੱਚ ਔਰਤਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਕਰੇਗੀ।ਬ੍ਰਿਜ ਭੂਸ਼ਣ ਗੋਂਡਾ ਵਿੱਚ ਹਨ।

ਦੂਜੇ ਪਾਸੇ ਬ੍ਰਿਜ ਭੂਸ਼ਣ ਗੋਂਡਾ ‘ਚ ਬੈਠ ਕੇ ਦਿੱਲੀ ‘ਚ ਹੋ ਰਹੇ ਅੰਦੋਲਨ ‘ਤੇ ਨਜ਼ਰ ਰੱਖ ਰਹੇ ਸਨ। ਪਹਿਲਾਂ ਉਨ੍ਹਾਂ ਨੇ ਚਾਰ ਵਜੇ ਪ੍ਰੈੱਸ ਕਾਨਫਰੰਸ ਕਰਨ ਦਾ ਐਲਾਨ ਕੀਤਾ ਸੀ ਪਰ ਦੇਰ ਸ਼ਾਮ ਉਨ੍ਹਾਂ ਨੇ ਇਸ ਨੂੰ ਰੱਦ ਕਰ ਦਿੱਤਾ। ਬ੍ਰਿਜ ਭੂਸ਼ਣ ਮੀਡੀਆ ਸਾਹਮਣੇ ਨਹੀਂ ਆਏ ਪਰ ਉਨ੍ਹਾਂ ਦੇ ਵਿਧਾਇਕ ਪੁੱਤਰ ਪ੍ਰਤੀਕ ਭੂਸ਼ਣ ਸਿੰਘ ਨੇ ਕਿਹਾ ਕਿ ਕੁਸ਼ਤੀ ਸੰਘ ਨੇ 72 ਘੰਟਿਆਂ ਦੇ ਅੰਦਰ ਖੇਡ ਮੰਤਰਾਲੇ ਨੂੰ ਰਸਮੀ ਜਵਾਬ ਭੇਜ ਦਿੱਤਾ ਹੈ।ਇਸ ਤੋਂ ਪਹਿਲਾਂ, ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ IOA ਨੂੰ ਪੱਤਰ ਲਿਖ ਕੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਜਾਂਚ ਲਈ ਇੱਕ ਕਮੇਟੀ ਦੀ ਮੰਗ ਕੀਤੀ ਸੀ, ਜਿਸ ਤੋਂ ਬਾਅਦ ਇੱਕ ਐਮਰਜੈਂਸੀ ਮੀਟਿੰਗ ਬੁਲਾਈ ਗਈ ਸੀ, ਜਿਸ ਵਿੱਚ ਅਭਿਨਵ ਬਿੰਦਰਾ ਵੀ ਮੌਜੂਦ ਸਨ।