ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ ਦਿਹਾਂਤ

ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਦਿਲੀਪ ਕੁਮਾਰ ਦਾ 98 ਸਾਲ ਦੀ ਉਮਰ ਵਿਚ ਬੁੱਧਵਾਰ ਨੂੰ ਦਿਹਾਂਤ ਹੋ ਗਿਆ। ਮੁੰਬਈ ਦੇ ਪੀਡੀ ਹਿੰਦੂਜਾ ਹਸਪਤਾਲ ਵਿਚ ਉਨ੍ਹਾਂ ਦਾ ਇਲਾਜ ਕਰਨ ਵਾਲੇ ਇਕ ਪਲਮਨੋਲੋਜਿਸਟ ਡਾ: ਜਲੀਲ ਪਾਰਕਰ ਨੇ ਇਸ ਦੀ ਪੁਸ਼ਟੀ ਕੀਤੀ ਹੈ।ਪ੍ਰਸਿੱਧ ਅਭਿਨੇਤਾ ਦੇ ਅੰਤਿਮ ਸੰਸਕਾਰ ਸ਼ਾਮ 5 ਵਜੇ ਮੁੰਬਈ ਵਿੱਚ ਕੀਤੇ ਜਾਣਗੇ। ਉਸ ਦਾ ਅੰਤਿਮ ਸੰਸਕਾਰ ਜੁਹੂ ਵਿਚ ਕੀਤਾ ਜਾਵੇਗਾ।

ਦਿਲੀਪ ਕੁਮਾਰ ਦੀ ਮ੍ਰਿਤਕ ਦੇਹ ਨੂੰ ਅੰਤਿਮ ਸੰਸਕਾਰ ਤੋਂ ਪਹਿਲਾਂ ਘਰ ਲਿਜਾਇਆ ਜਾਵੇਗਾ। ਅਭਿਨੇਤਾ ਪਿਛਲੇ ਕੁਝ ਦਿਨਾਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਸੀ ਅਤੇ ਕਈ ਵਾਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹੁਣ ਵੀ ਉਨ੍ਹਾਂ ਨੂੰ 30 ਜੂਨ ਨੂੰ ਮੁੰਬਈ ਦੇ ਹਿੰਦੂਜਾ ਹਸਪਤਾਲ ਦੇ ਆਈਸੀਯੂ ਵਿਚ ਦਾਖਲ ਕਰਵਾਇਆ ਗਿਆ ਸੀ।

ਦਿਲੀਪ ਕੁਮਾਰ ਦਾ ਇਲਾਜ ਕਰ ਰਹੇ ਡਾਕਟਰ ਜਲੀਲ ਪਾਰਕਰ ਨੇ ਮੀਡੀਆ ਨੂੰ ਦੱਸਿਆ ਕਿ, “98 ਸਾਲ ਦੀ ਉਮਰ ਵਿਚ, ਹਰ ਵਿਅਕਤੀ ਨੂੰ ਕੋਈ ਨਾ ਕੋਈ ਮੁਸ਼ਕਲ ਪੇਸ਼ ਆਉਂਦੀ ਹੈ। ਇਹ ਉਮਰ ਦਾ ਮਾਮਲਾ ਸੀ, ਜਿਸ ਕਾਰਨ ਅੱਜ ਸਵੇਰ 7: 30 ਵਜੇ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਨੂੰ ਸਾਹ ਲੈਣ ਵਿਚ ਦਿੱਕਤ ਆ ਰਹੀ ਸੀ। ਅਸੀਂ ਉਨ੍ਹਾਂ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ, ਅਸੀਂ ਚਾਹੁੰਦੇ ਸੀ ਕਿ ਉਹ 100 ਸਾਲ ਪੂਰੇ ਕਰਨ। ”

ਸ਼ਾਮ 5 ਵਜੇ ਹੋਵੇਗਾ ਅੰਤਿਮ ਸੰਸਕਾਰ

ਦਿਲੀਪ ਕੁਮਾਰ ਦੇ ਪਰਿਵਾਰਕ ਦੋਸਤ ਫੈਸਲ ਫਾਰੂਕੀ ਨੇ ਕਿਹਾ, “ਦਿਲੀਪ ਸਾਹਿਬ ਸਿਰਫ ਇਕ ਫਿਲਮ ਅਭਿਨੇਤਾ ਹੀ ਨਹੀਂ ਸਨ, ਬਲਕਿ ਇਕ ਮਹਾਨ ਇਨਸਾਨ ਵੀ ਸਨ। ਉਨ੍ਹਾਂ ਵਰਗੇ ਵਿਅਕਤੀ ਦਾ ਮਿਲਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਸ਼ਾਮ 5 ਵਜੇ ਜੁਹੂ ਕਬਰਸਤਾਨ ਵਿਖੇ ਕੀਤਾ ਜਾਵੇਗਾ।

ਟੀਵੀ ਪੰਜਾਬ ਬਿਊਰੋ