● On air now · ਟੀਵੀ ਪੰਜਾਬ

Punjabi News · Since 2013

Breaking

PR ਦੇ ਪੰਜ ਸੌਖੇ ਰਾਹ! ਕੈਨੇਡਾ ਵਿੱਚ ਵੱਸਣ ਦੇ ਸੁਨਹਿਰੀ ਮੌਕੇ! CANADA NEWS BULETIN

VANCOUVER: ਫੈਡਰਲ ਸਰਕਾਰ ਭਾਵੇਂ ਇਮੀਗ੍ਰੇਸ਼ਨ ’ਤੇ ਕਾਬੂ ਪਾਉਣ ਦੇ ਦਾਅਵੇ ਕਰ ਰਹੀ ਹੈ, ਪਰ ਦੇਸ਼ ਵਿੱਚ ਮੌਜੂਦ ਲੱਖਾਂ ਆਰਜ਼ੀ ਵਸਨੀਕਾਂ ਦਾ ਸਹੀ ਅੰਕੜਾ ਸਰਕਾਰ ਕੋਲ ਉਪਲਬਧ ਨਹੀਂ ਹੈ। ਮਾਹਿਰਾਂ ਅਨੁਸਾਰ, ਨਵੇਂ ਵੀਜ਼ੇ ਘੱਟ ਕਰਨ ਤੋਂ ਬਾਅਦ ਹੁਣ ਸਭ ਤੋਂ ਵੱਡੀ…


VANCOUVER: ਫੈਡਰਲ ਸਰਕਾਰ ਭਾਵੇਂ ਇਮੀਗ੍ਰੇਸ਼ਨ ’ਤੇ ਕਾਬੂ ਪਾਉਣ ਦੇ ਦਾਅਵੇ ਕਰ ਰਹੀ ਹੈ, ਪਰ ਦੇਸ਼ ਵਿੱਚ ਮੌਜੂਦ ਲੱਖਾਂ ਆਰਜ਼ੀ ਵਸਨੀਕਾਂ ਦਾ ਸਹੀ ਅੰਕੜਾ ਸਰਕਾਰ ਕੋਲ ਉਪਲਬਧ ਨਹੀਂ ਹੈ। ਮਾਹਿਰਾਂ ਅਨੁਸਾਰ, ਨਵੇਂ ਵੀਜ਼ੇ ਘੱਟ ਕਰਨ ਤੋਂ ਬਾਅਦ ਹੁਣ ਸਭ ਤੋਂ ਵੱਡੀ ਚੁਣੌਤੀ ਇਹ ਪਤਾ ਲਗਾਉਣਾ ਹੈ ਕਿ ਜਿਨ੍ਹਾਂ ਲੋਕਾਂ ਦੇ ਵੀਜ਼ੇ ਜਾਂ ਵਰਕ ਪਰਮਿਟ ਖ਼ਤਮ ਹੋ ਚੁੱਕੇ ਹਨ, ਉਨ੍ਹਾਂ ਵਿੱਚੋਂ ਕਿੰਨੇ ਲੋਕ ਕੈਨੇਡਾ ਛੱਡ ਕੇ ਜਾ ਚੁੱਕੇ ਹਨ ਅਤੇ ਕਿੰਨੇ ਅਜੇ ਵੀ ਇੱਥੇ ਹੀ ਰਹਿ ਰਹੇ ਹਨ। ਇਮੀਗ੍ਰੇਸ਼ਨ ਨੀਤੀ ਮਾਹਿਰ ਪਰੀਸਾ ਮਹਿਬੂਬੀ ਅਨੁਸਾਰ, ਕੈਨੇਡਾ ਸਰਕਾਰ ਆਰਜ਼ੀ ਵਸਨੀਕਾਂ ਦੀ ਗਿਣਤੀ ਦੇ ਮਾਮਲੇ ਵਿੱਚ “ਹਨੇਰੇ ਵਿੱਚ” ਹੈ। ਉਨ੍ਹਾਂ ਕੋਲ ਇਸ ਗੱਲ ਦਾ ਕੋਈ ਭਰੋਸੇਯੋਗ ਡਾਟਾ ਨਹੀਂ ਹੈ ਕਿ ਹਰ ਸਾਲ ਕਿੰਨੇ ਵੀਜ਼ੇ ਨਵਿਆਏ ਜਾਂਦੇ ਹਨ ਅਤੇ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਕਿੰਨੇ ਵਿਦੇਸ਼ੀ ਆਪਣੇ ਦੇਸ਼ ਪਰਤੇ ਹਨ। ਅੰਕੜਿਆਂ ਮੁਤਾਬਕ, 30 ਜੂਨ ਤੱਕ ਕੈਨੇਡਾ ਵਿੱਚ ਲਗਭਗ 6.32 ਲੱਖ ਸਟੱਡੀ ਪਰਮਿਟ ਅਤੇ 15 ਲੱਖ ਵਰਕ ਪਰਮਿਟ ਧਾਰਕ ਸਨ, ਜੋ ਕਿ ਜੂਨ 2024 ਨਾਲੋਂ ਘੱਟ ਹਨ। ਨਵੇਂ ਆਉਣ ਵਾਲਿਆਂ ਦੀ ਗਿਣਤੀ ਵਿੱਚ ਭਾਰੀ ਕਮੀ ਦੇਖੀ ਗਈ ਹੈ। ਇਸ ਸਾਲ ਜਨਵਰੀ ਤੋਂ ਜੂਨ ਸਰਕਾਰ ਨੇ ਸਿਰਫ਼ 22,410 ਨਵੇਂ ਵਿਦਿਆਰਥੀ ਆਉਣ ਦਿੱਤੇ, ਜਦਕਿ 2024 ਵਿੱਚ ਇਹ ਗਿਣਤੀ 1,24,930 ਸੀ। ਇਸ ਸਾਲ ਪਹਿਲੇ ਛੇ ਮਹੀਨਿਆਂ ਵਿੱਚ 98,130 ਨਵੇਂ ਵਰਕਰ ਪਹੁੰਚੇ, ਜਦਕਿ 2024 ਵਿੱਚ ਇਹ ਗਿਣਤੀ 2,44,985 ਸੀ। ਸਰਕਾਰ ਨੇ 2027 ਤੱਕ ਆਰਜ਼ੀ ਵਸਨੀਕਾਂ ਦੀ ਗਿਣਤੀ ਕੁੱਲ ਆਬਾਦੀ ਦੇ 5 ਫ਼ੀਸਦੀ ਤੋਂ ਹੇਠਾਂ ਲਿਆਉਣ ਦਾ ਟੀਚਾ ਰੱਖਿਆ ਹੈ, ਜੋ ਕਿ ਫਿਲਹਾਲ ਲਗਭਗ 6.2 ਫ਼ੀਸਦੀ ਹੈ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨੂੰ 3 ਤੋਂ 4 ਫ਼ੀਸਦੀ ਤੱਕ ਲਿਆਂਦਾ ਜਾਣਾ ਚਾਹੀਦਾ ਹੈ। ਦੂਜੇ ਪਾਸੇ, ਕੰਜ਼ਰਵੇਟਿਵ ਇਮੀਗ੍ਰੇਸ਼ਨ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਸਰਕਾਰੀ ਦਾਅਵਿਆਂ ‘ਤੇ ਸਵਾਲ ਚੁੱਕਦਿਆਂ ਕਿਹਾ ਕਿ ਇਮੀਗ੍ਰੇਸ਼ਨ ਦਾ ਪੱਧਰ ਕੈਨੇਡਾ ਵਿੱਚ ਰਿਹਾਇਸ਼, ਨੌਕਰੀਆਂ ਅਤੇ ਸਿਹਤ ਸੇਵਾਵਾਂ ਦੀ ਸਮਰੱਥਾ ਅਨੁਸਾਰ ਹੀ ਤੈਅ ਹੋਣਾ ਚਾਹੀਦਾ ਹੈ। ਸਰਕਾਰ ਨੇ ਪੱਕੇ ਵਸਨੀਕਾਂ ਦੇ ਟੀਚੇ ਵੀ 5 ਲੱਖ ਤੋਂ ਘਟਾ ਕੇ 2025 ਲਈ 3.95 ਲੱਖ ਅਤੇ 2026 ਲਈ 3.80 ਲੱਖ ਕਰ ਦਿੱਤੇ ਹਨ। ਹਾਲਾਂਕਿ, ਕੁਝ ਵਿਸ਼ੇਸ਼ ਪ੍ਰੋਗਰਾਮਾਂ ਤਹਿਤ ਹੋਰ ਲੋਕਾਂ ਨੂੰ ਵੀ ਪੱਕੀ ਰਿਹਾਇਸ਼ ਦਿੱਤੀ ਜਾਣੀ ਹੈ, ਜਿਸ ਕਰਕੇ ਅਸਲ ਅੰਕੜਿਆਂ ਦਾ ਸਹੀ ਅੰਦਾਜ਼ਾ ਲਗਾਉਣਾ ਅਜੇ ਮੁਸ਼ਕਲ ਹੈ।

ਟੋਰਾਂਟੋ ਪੁਲਿਸ ਇੱਕ ਅਜਿਹੇ ਵਿਅਕਤੀ ਦੀ ਪਛਾਣ ਕਰਨ ਲਈ ਆਮ ਜਨਤਾ ਤੋਂ ਮਦਦ ਮੰਗ ਰਹੀ ਹੈ, ਜਿਸ ਨੇ ਸਿੱਖ ਵਿਰੋਧੀ ਮੰਦੇ ਬੋਲ ਬੋਲੇ, ਨਸਲੀ ਟਿੱਪਣੀਆਂ ਕੀਤੀਆਂ ਅਤੇ ਫਿਰ ਇੱਕ ਵਿਅਕਤੀ ਦੀ ਲੱਤ ਵਿੱਚ ਚਾਕੂ ਮਾਰ ਦਿੱਤਾ। ਇਹ ਘਟਨਾ ਸ਼ਨੀਵਾਰ ਨੂੰ ‘ਕੁਈਨਜ਼ ਕੁਏ’ ਅਤੇ ‘ਲੋਅਰ ਸਪੈਡੀਨਾ ਐਵੇਨਿਊ’ ਦੇ ਨੇੜੇ ਵਾਪਰੀ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਇਲਾਕੇ ਵਿੱਚ ਇੱਕ ਚਾਕੂਧਾਰੀ ਵਿਅਕਤੀ ਹੋਣ ਦੀ ਖਬਰ ਮਿਲੀ ਸੀ। ਜਾਂਚਕਰਤਾਵਾਂ ਅਨੁਸਾਰ, ਸ਼ੱਕੀ ਵਿਅਕਤੀ ਬਿਨਾਂ ਕਿਸੇ ਉਕਸਾਵੇ ਦੇ ਪੀੜਤ ਅਤੇ ਇੱਕ ਗਵਾਹ ਦੇ ਕੋਲ ਆਇਆ। ਉਸ ਨੇ ਸਿੱਖਾਂ ਬਾਰੇ ਨਫ਼ਰਤ ਭਰੇ ਸ਼ਬਦ ਬੋਲੇ, ਨਸਲੀ ਬੋਲੀ ਵਰਤੀ ਅਤੇ ਫਿਰ ਹਥਿਆਰ ਨਾਲ ਪੀੜਤ ‘ਤੇ ਹਮਲਾ ਕਰ ਦਿੱਤਾ। ਪੁਲਿਸ ਮੁਤਾਬਕ ਪੀੜਤ ਦੇ ਸੱਟਾਂ ਜ਼ਿਆਦਾ ਗੰਭੀਰ ਜਾਂ ਜਾਨਲੇਵਾ ਨਹੀਂ ਹਨ। ਸ਼ੱਕੀ ਹਮਲਾਵਰ ਦਾ ਕੱਦ ਲਗਭਗ 5 ਫੁੱਟ 6 ਇੰਚ ਹੈ ਅਤੇ ਉਸ ਦੇ ਕਾਲੇ ਵਾਲ ਹਨ। ਉਸ ਨੂੰ ਆਖਰੀ ਵਾਰ ਨੇਵੀ-ਬਲੂ ਰੰਗ ਦੀ ਛੋਟੀਆਂ ਬਾਹਾਂ ਵਾਲੀ ਟੀ-ਸ਼ਰਟ, ਨੀਲੀ ਜੀਨਜ਼ ਅਤੇ ਗ੍ਰੇਅ-ਕਾਲੇ ਰੰਗ ਦੇ ਨਿਊ ਬੈਲੇਂਸ ਸਨੀਕਰਸ ਪਾਏ ਦੇਖਿਆ ਗਿਆ ਸੀ। ਉਸ ਦੀ ਟੀ-ਸ਼ਰਟ ਦੇ ਪਿੱਛੇ ਐਨ.ਐਫ.ਐਲ. “ਸੰਡੇ ਟਿਕਟ” ਦਾ ਲੋਗੋ ਅਤੇ ਧੌਣ ਤੋਂ ਬਾਹਾਂ ਤੱਕ ਚਿੱਟੀਆਂ ਧਾਰੀਆਂ ਬਣੀਆਂ ਹੋਈਆਂ ਸਨ, ਜਦਕਿ ਉਸ ਦੀ ਜੀਨਜ਼ ਦੀ ਖੱਬੀ ਪਿੰਜਣੀ ‘ਤੇ ਕਾਲੇ ਤੇਲ ਦਾ ਦਾਗ ਸੀ। ਪੁਲਿਸ ਇਸ ਘਟਨਾ ਨੂੰ ਨਫ਼ਰਤ ਤੋਂ ਪ੍ਰੇਰਿਤ ਹਮਲੇ ਵਜੋਂ ਦੇਖ ਰਹੀ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਟੋਰਾਂਟੋ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਘਟਨਾ ਜਾਂ ਸ਼ੱਕੀ ਬਾਰੇ ਕੋਈ ਜਾਣਕਾਰੀ ਹੋਵੇ, ਤਾਂ ਉਹ ਪੁਲਿਸ ਦੇ ਹੇਟ ਕ੍ਰਾਈਮ ਯੂਨਿਟ ਨਾਲ 416-808-3505 ‘ਤੇ ਸੰਪਰਕ ਕਰੇ ਜਾਂ ‘ਕ੍ਰਾਈਮ ਸਟੌਪਰਜ਼’ ਰਾਹੀਂ ਗੁਪਤ ਰੂਪ ਵਿੱਚ ਜਾਣਕਾਰੀ ਸਾਂਝੀ ਕਰੇ।

ਫੈਡਰਲ ਸਰਕਾਰ ਵੱਲੋਂ ਯੋਗਤਾ ਪ੍ਰਾਪਤ ਵਿਦੇਸ਼ੀ ਡਾਕਟਰਾਂ ਨੂੰ ਪੱਕੀ ਰਿਹਾਇਸ਼ ਦੇਣ ਅਤੇ ਉਨ੍ਹਾਂ ਦੇ ਕਰੀਅਰ ਨੂੰ ਅੱਗੇ ਵਧਾਉਣ ਲਈ ਪੰਜ ਖਾਸ ਰਸਤਿਆਂ ‘ਤੇ ਧਿਆਨ ਦਿੱਤਾ ਜਾ ਰਿਹਾ ਹੈ। ਇਹ ਮੁੱਖ ਰਾਹ ਹਨ: ਐਕਸਪ੍ਰੈਸ ਐਂਟਰੀ, ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ, ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ, ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ, ਅਤੇ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ। ਕਿਹੜਾ ਰਾਹ ਸਭ ਤੋਂ ਵਧੀਆ ਹੈ, ਇਹ ਡਾਕਟਰ ਦੇ ਕੰਮ ਦੇ ਤਜਰਬੇ, ਨੌਕਰੀ ਦੇ ਮਿਲੇ ਆਫਰ, ਰਹਿਣ ਦੀ ਜਗ੍ਹਾ, ਭਾਸ਼ਾ ਦੀ ਸਮਰੱਥਾ ਅਤੇ ਹੋਰ ਸ਼ਰਤਾਂ ‘ਤੇ ਨਿਰਭਰ ਕਰਦਾ ਹੈ। ਹਾਲਾਂਕਿ, ਪੱਕੀ ਰਿਹਾਇਸ਼ ਮਿਲਣਾ ਪ੍ਰਕਿਰਿਆ ਦਾ ਸਿਰਫ਼ ਇੱਕ ਹਿੱਸਾ ਹੈ। ਵਿਦੇਸ਼ਾਂ ਤੋਂ ਪੜ੍ਹਾਈ ਕਰਕੇ ਆਏ ਡਾਕਟਰਾਂ ਨੂੰ ਡਾਕਟਰੀ ਸ਼ੁਰੂ ਕਰਨ ਲਈ ਆਪਣੀ ਡਿਗਰੀ ਦੀ ਜਾਂਚ ਕਰਵਾਉਣੀ ਪੈਂਦੀ ਹੈ ਅਤੇ ਸਬੰਧਤ ਸੂਬੇ ਦੇ ਮੈਡੀਕਲ ਬੋਰਡ ਤੋਂ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ। ਐਕਸਪ੍ਰੈਸ ਐਂਟਰੀ ਉਨ੍ਹਾਂ ਡਾਕਟਰਾਂ ਲਈ ਖਾਸ ਸ਼੍ਰੇਣੀ ਹੈ ਜਿਨ੍ਹਾਂ ਕੋਲ ਪਿਛਲੇ ਤਿੰਨ ਸਾਲਾਂ ਵਿੱਚ ਕੈਨੇਡਾ ਵਿੱਚ ਘੱਟੋ-ਘੱਟ ਇੱਕ ਸਾਲ ਕੰਮ ਕਰਨ ਦਾ ਤਜਰਬਾ ਹੈ। ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਤਹਿਤ ਵੱਖ-ਵੱਖ ਸੂਬੇ ਯੋਗ ਡਾਕਟਰਾਂ ਦੀ ਚੋਣ ਕਰ ਸਕਦੇ ਹਨ। ਸਰਕਾਰ ਨੇ ਨੌਕਰੀ ਦਾ ਆਫਰ ਜਾਂ ਸਪੋਰਟ ਲੈਟਰ ਰੱਖਣ ਵਾਲੇ ਡਾਕਟਰਾਂ ਲਈ 5,000 ਵਿਸ਼ੇਸ਼ ਸੀਟਾਂ ਰੱਖੀਆਂ ਹਨ। ਅਟਲਾਂਟਿਕ ਇਮੀਗ੍ਰੇਸ਼ਨ ਪ੍ਰੋਗਰਾਮ ਉਨ੍ਹਾਂ ਡਾਕਟਰਾਂ ਲਈ ਹੈ ਜੋ ਅਟਲਾਂਟਿਕ ਖੇਤਰ ਦੇ ਸੂਬਿਆਂ ਵਿੱਚ ਰਹਿਣਾ ਅਤੇ ਕੰਮ ਕਰਨਾ ਚਾਹੁੰਦੇ ਹਨ। ਰੂਰਲ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਛੋਟੇ ਅਤੇ ਪੇਂਡੂ ਇਲਾਕਿਆਂ ਵਿੱਚ ਜਾ ਕੇ ਵੱਸਣ ਵਾਲੇ ਡਾਕਟਰਾਂ ਲਈ ਬਣਾਇਆ ਗਿਆ ਹੈ ਅਤੇ ਫ੍ਰੈਂਕੋਫੋਨ ਕਮਿਊਨਿਟੀ ਇਮੀਗ੍ਰੇਸ਼ਨ ਪਾਇਲਟ ਪ੍ਰੋਗਰਾਮ ਉਨ੍ਹਾਂ ਡਾਕਟਰਾਂ ਦੀ ਮਦਦ ਕਰਦਾ ਹੈ ਜੋ ਫ੍ਰੈਂਚ ਭਾਸ਼ਾਈ ਖੇਤਰਾਂ ਵਿੱਚ ਵੱਸਣਾ ਚਾਹੁੰਦੇ ਹਨ।  ਪੀਐੱਨਪੀ ਪ੍ਰੋਗਰਾਮ ਉਨ੍ਹਾਂ ਡਾਕਟਰਾਂ ਲਈ ਬਹੁਤ ਮਹੱਤਵਪੂਰਨ ਹੈ ਜਿਨ੍ਹਾਂ ਕੋਲ ਨੌਕਰੀ ਦਾ ਆਫਰ ਹੈ। ਸੂਬੇ ਵੱਲੋਂ ਚੁਣੇ ਗਏ ਡਾਕਟਰਾਂ ਦੇ ਵਰਕ ਪਰਮਿਟ 14 ਦਿਨਾਂ ਦੇ ਅੰਦਰ ਤਿਆਰ ਹੋ ਜਾਂਦੇ ਹਨ, ਜਿਸ ਨਾਲ ਉਹ ਆਪਣੀ ਪੀ ਆਰ ਦੀ ਅਰਜ਼ੀ ਦੇ ਨਤੀਜੇ ਦਾ ਇੰਤਜ਼ਾਰ ਕਰਦੇ ਹੋਏ ਕੰਮ ਸ਼ੁਰੂ ਕਰ ਸਕਦੇ ਹਨ। ਸਾਲ 2024 ਵਿੱਚ ਕੈਨੇਡਾ ਦੇ 31% ਫੈਮਿਲੀ ਡਾਕਟਰ ਵਿਦੇਸ਼ਾਂ ਤੋਂ ਪੜ੍ਹੇ ਹੋਏ ਸਨ, ਅਤੇ ਸਿਹਤ ਖੇਤਰ ਵਿੱਚ ਕੰਮ ਕਰਨ ਵਾਲਾ ਹਰ ਚੌਥਾ ਵਿਅਕਤੀ ਬਾਹਰਲੇ ਦੇਸ਼ ਤੋਂ ਆਇਆ ਸੀ। ਇਹ ਦਰਸਾਉਂਦਾ ਹੈ ਕਿ ਕੈਨੇਡਾ ਦੇ ਮੈਡੀਕਲ ਖੇਤਰ ਵਿੱਚ ਵਿਦੇਸ਼ੀ ਮਾਹਿਰਾਂ ਦੀ ਕਿੰਨੀ ਵੱਡੀ ਮੰਗ ਹੈ। ਇਸਦੇ ਲਈ ਸਰਕਾਰ ਕੁੱਝ ਖਾਸ ਸ਼ਰਤਾਂ ਲਾਜ਼ਮੀ ਕੀਤੀਆਂ ਹਨ। ਵਿਦੇਸ਼ੀ ਮੈਡੀਕਲ ਡਿਗਰੀ ਨੂੰ ਕੈਨੇਡੀਅਨ ਪ੍ਰਕਿਰਿਆ ਰਾਹੀਂ ਮਾਨਤਾ ਦਿਵਾਉਣੀ ਪਵੇਗੀ। ਡਾਕਟਰੀ ਸ਼ੁਰੂ ਕਰਨ ਤੋਂ ਪਹਿਲਾਂ ਸੂਬੇ ਦੇ ਮੈਡੀਕਲ ਬੋਰਡ ਤੋਂ ਲਾਇਸੈਂਸ ਲੈਣਾ ਲਾਜ਼ਮੀ ਹੈ। ਐਕਸਪ੍ਰੈਸ ਐਂਟਰੀ ਵਰਗੇ ਕੁਝ ਰਾਰਸਤਿਆਂ ਲਈ ਕੈਨੇਡਾ ਵਿੱਚ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ। ਅਟਲਾਂਟਿਕ, ਪੇਂਡੂ ਜਾਂ ਫ੍ਰੈਂਕੋਫੋਨ ਰਸਤਿਆਂ ਲਈ ਨਿਰਧਾਰਿਤ ਖੇਤਰਾਂ ਵਿੱਚ ਰਹਿਣਾ ਪਵੇਗਾ। ਚੁਣੇ ਗਏ ਪ੍ਰੋਗਰਾਮ ਅਨੁਸਾਰ ਅੰਗਰੇਜ਼ੀ ਜਾਂ ਫ੍ਰੈਂਚ ਭਾਸ਼ਾ ਦਾ ਟੈਸਟ ਪਾਸ ਕਰਨਾ ਹੋਵੇਗਾ। ਕੈਨੇਡਾ ਵਿੱਚ ਅਪਲਾਈ ਕਰਨ ਤੋਂ ਪਹਿਲਾਂ ਹਰੇਕ ਡਾਕਟਰ ਨੂੰ ਆਪਣੀ ਯੋਗਤਾ ਦੀ ਜਾਂਚ ਚੰਗੀ ਤਰ੍ਹਾਂ ਕਰ ਲੈਣੀ ਚਾਹੀਦੀ ਹੈ।

ਵਾਟਰਲੂ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਇੱਕ ਟੀਮ ਨੇ ਆਪਣੇ ਰੋਕਟ ਰਾਹੀਂ ਵਿਸ਼ਵ ਰਿਕਾਰਡ ਬਣਾ ਕੇ ਇਤਿਹਾਸ ਦੇ ਪੰਨਿਆਂ ਵਿੱਚ ਆਪਣਾ ਨਾਂ ਦਰਜ ਕਰਵਾ ਲਿਆ ਹੈ। ਇਸ ਟੀਮ ਨੇ ਓਨਟਾਰੀਓ ਦੇ ਟਿਮਿੰਸ ਵਿੱਚ ਆਯੋਜਿਤ ‘2026 ਲਾਂਚ ਕੈਨੇਡਾ ਚੈਲੇਂਜ’ ਦੌਰਾਨ ਸਭ ਤੋਂ ਉੱਚੀ ਉਡਾਣ ਭਰਨ ਵਾਲੇ ਅਮੈਚਓਰ ਲਿਕਵਿਡ-ਫਿਊਲ ਰੋਕਟ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ। ਇਹ ਰੋਕਟ 63,497 ਫੁੱਟ ਦੀ ਉੱਚਾਈ ਤੱਕ ਪਹੁੰਚਿਆ। ਇਹ ਸਫਲਤਾ ਵਿਦਿਆਰਥੀਆਂ ਦੀ ਸਾਲ ਭਰ ਦੀ ਕਰੜੀ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਨੇ 17 ਫੁੱਟ ਲੰਬੇ ਅਤੇ ਪੂਰਾ ਈਂਧਨ ਭਰਨ ‘ਤੇ 300 ਪੌਂਡ ਵਜ਼ਨੀ ‘ਪੋਲਾਰਿਸ’ ਨਾਮਕ ਰੋਕਟ ਦਾ ਡਿਜ਼ਾਈਨ ਤਿਆਰ ਕੀਤਾ, ਉਸ ਨੂੰ ਬਣਾਇਆ ਅਤੇ ਉਸ ਦਾ ਸਫਲ ਪਰੀਖਣ ਕੀਤਾ। ਟੀਮ ਦੀ ਇੰਟੀਗ੍ਰੇਸ਼ਨ ਲੀਡ ਨਿਵਾ ਪਟੇਲ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸਾਲ ਦੀ ਸ਼ੁਰੂਆਤ ਹੀ ਵਿਸ਼ਵ ਰਿਕਾਰਡ ਤੋੜਨ ਦੇ ਮਨੋਰਥ ਨਾਲ ਕੀਤੀ ਸੀ। ਇਸ ਤੋਂ ਪਹਿਲਾਂ ਇਹ ਰਿਕਾਰਡ ਜਾਰਜੀਆ ਟੈਕ ਦੇ ਯੈਲੋ ਜੈਕੇਟ ਸਪੇਸ ਪ੍ਰੋਗਰਾਮ ਦੇ ਨਾਂ ਸੀ, ਜਿਨ੍ਹਾਂ ਦਾ ਰੋਕਟ 56,590 ਫੁੱਟ ਤੱਕ ਗਿਆ ਸੀ। ਪੋਲਾਰਿਸ ਨੇ ਇਸ ਰਿਕਾਰਡ ਨੂੰ ਲਗਭਗ 7,000 ਫੁੱਟ ਦੇ ਫਰਕ ਨਾਲ ਮਾਤ ਦਿੱਤੀ ਹੈ। ਜ਼ਮੀਨ ਤੋਂ ਰੋਕਟ ਦੀ ਉਡਾਣ ਦੇਖ ਰਹੇ ਵਿਦਿਆਰਥੀ ਉੱਚਾਈ ਦਾ ਟੀਚਾ ਪਾਰ ਹੁੰਦੇ ਹੀ ਭਾਵੁਕ ਹੋ ਗਏ। ਨਿਵਾ ਪਟੇਲ ਨੇ ਕਿਹਾ ਕਿ ਉਸ ਨੂੰ ਰੋਣ ਦੀ ਉਮੀਦ ਨਹੀਂ ਸੀ, ਪਰ ਖੁਸ਼ੀ ਦੇ ਮਾਰੇ ਉਸ ਦੇ ਅੱਥਰੂ ਛਲਕ ਪਏ। ਟੀਮ ਦੇ ਲੀਡਰ ਲੂਕਾ ਸਕਾਵੋਨ ਨੇ ਕਿਹਾ ਕਿ ਸ਼ੁਰੂਆਤੀ ਘਬਰਾਹਟ ਪੂਰੀ ਤਰ੍ਹਾਂ ਅਪਾਰ ਖੁਸ਼ੀ ਵਿੱਚ ਬਦਲ ਗਈ। ਹਾਲਾਂਕਿ, ਰਿਕਾਰਡ ਤੋੜਨਾ ਹੀ ਟੀਮ ਦਾ ਇਕਲੌਤਾ ਮਕਸਦ ਨਹੀਂ ਸੀ। ਵਿਦਿਆਰਥੀ ਉਡਾਣ ਤੋਂ ਬਾਅਦ ਪੋਲਾਰਿਸ ਨੂੰ ਸੁਰੱਖਿਅਤ ਵਾਪਸ ਵੀ ਪ੍ਰਾਪਤ ਕਰਨਾ ਚਾਹੁੰਦੇ ਸਨ, ਜੋ ਕਿ ਉਹ ਆਪਣੇ ਪਿਛਲੇ ਰੋਕਟ ਨਾਲ ਨਹੀਂ ਕਰ ਸਕੇ ਸਨ। ਟੀਮ ਲਈ ਰੋਕਟ ਦੀ ਸੁਰੱਖਿਅਤ ਵਾਪਸੀ ਰਿਕਾਰਡ ਬਣਾਉਣ ਨਾਲੋਂ ਵੀ ਵੱਧ ਮਹੱਤਵਪੂਰਨ ਸੀ। ਇਸ ਲਈ ਟੀਮ ਨੇ ਰੋਕਟ ਵਿੱਚ ਇੱਕ ਵਿਸ਼ੇਸ਼ ਪੈਰਾਸ਼ੂਟ ਸਿਸਟਮ ਲਗਾਇਆ ਸੀ ਤਾਂ ਜੋ ਇੰਨੇ ਵੱਡੇ ਰੋਕਟ ਨੂੰ ਸੁਰੱਖਿਅਤ ਧਰਤੀ ‘ਤੇ ਲਿਆਂਦਾ ਜਾ ਸਕੇ। ਉਨ੍ਹਾਂ ਦੀ ਇਹ ਤਿਆਰੀ ਰੰਗ ਲਿਆਈ। ਲਗਭਗ ਸੱਤ ਮਿੰਟ ਦੀ ਉਡਾਣ ਤੋਂ ਬਾਅਦ ਪੈਰਾਸ਼ੂਟ ਬਿਲਕੁਲ ਯੋਜਨਾ ਮੁਤਾਬਕ ਖੁੱਲ੍ਹੇ ਅਤੇ ਰੋਕਟ ਹੇਠਾਂ ਆਉਣਾ ਸ਼ੁਰੂ ਹੋ ਗਿਆ। ਹਾਲਾਂਕਿ ਰੋਕਟ ਦੀ ਲੈਂਡਿੰਗ ਥੋੜ੍ਹੀ ਖਰਾਬ ਰਹੀ ਅਤੇ ਉਹ ਰੁੱਖਾਂ ਨਾਲ ਜਾ ਟਕਰਾਇਆ, ਪਰ ਇਸ ਦੇ ਬਾਵਜੂਦ ਰੋਕਟ ਪੂਰੀ ਤਰ੍ਹਾਂ ਸਹੀ-ਸਲਾਮਤ ਰਿਹਾ। ਸਕਾਵੋਨ ਨੇ ਦੱਸਿਆ ਕਿ ਰੋਕਟ ਲਾਂਚ ਵਾਲੀ ਜਗ੍ਹਾ ਤੋਂ ਲਗਭਗ 1.5 ਕਿਲੋਮੀਟਰ ਦੂਰ ਉਤਰਿਆ। ਇਹ ਸਫਲ ਉਡਾਣ ਵਿਦਿਆਰਥੀਆਂ ਲਈ ਇੱਕ ਵੱਡਾ ਮੀਲ ਦਾ ਪੱਥਰ ਸਾਬਤ ਹੋਈ ਹੈ। ਹੁਣ ਨਿਵਾ ਪਟੇਲ ਅਤੇ ਲੂਕਾ ਸਕਾਵੋਨ ਜਲਦੀ ਹੀ ਕੈਨੇਡੀਅਨ ਸਪੇਸ ਏਜੰਸੀ ਅਤੇ ਸਪੇਸਐਕਸ ਨਾਲ ਆਪਣੀ ਇੰਟਰਨਸ਼ਿਪ ਸ਼ੁਰੂ ਕਰਨਗੇ।

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ‘ਤੇ ਕੈਨੇਡਾ ਵਿਰੁੱਧ ਜ਼ੋਰਦਾਰ ਭੜਾਸ ਕੱਢੀ। ਟਰੰਪ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੈਰਿਫ ਲਗਾ ਕੇ ਅਮਰੀਕਾ ਦੇ ਆਟੋਮੋਬਾਈਲ ਕਾਰੋਬਾਰ ਨੂੰ ਮੁੜ ਸੁਰਜੀਤ ਕੀਤਾ ਅਤੇ ਬਚਾਇਆ ਹੈ। ਉਨ੍ਹਾਂ ਨੇ ਕੈਨੇਡਾ ਨੂੰ ਸਭ ਤੋਂ ਮਾੜਾ ਫਾਇਦਾ ਚੁੱਕਣ ਵਾਲਾ ਦੇਸ਼ ਕਰਾਰ ਦਿੱਤਾ। ਟਰੰਪ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਸਭ ਤੋਂ ਮਾੜਾ ਫਾਇਦਾ ਚੁੱਕਣ ਵਾਲਿਆਂ ਵਿੱਚੋਂ ਇੱਕ ਕੈਨੇਡਾ ਹੈ। ਮੈਨੂੰ ਕੈਨੇਡੀਅਨ ਗੱਡੀਆਂ ਨਹੀਂ ਚਾਹੀਦੀਆਂ, ਕੈਨੇਡੀਅਨ ਪਾਰਟਸ ਨਹੀਂ ਚਾਹੀਦੇ, ਅਤੇ ਨਾ ਹੀ ਕੈਨੇਡਾ ਦੀ ਕੋਈ ਹੋਰ ਚੀਜ਼ ਚਾਹੀਦੀ ਹੈ। ਉਹ ਦਹਾਕਿਆਂ ਤੋਂ ਸਾਡਾ ਨੁਕਸਾਨ ਕਰ ਰਹੇ ਹਨ, ਅਤੇ ਹੁਣ ਇਹ ਸਭ ਬੰਦ ਹੋਵੇਗਾ। ਉਨ੍ਹਾਂ ਅੱਗੇ ਲਿਖਿਆ ਕਿ ਇਹ ਕਦਮ ਪੁਰਾਣੇ ਰਾਸ਼ਟਰਪਤੀਆਂ ਦੁਆਰਾ ਬਹੁਤ ਪਹਿਲਾਂ ਚੁੱਕਿਆ ਜਾਣਾ ਚਾਹੀਦਾ ਸੀ। ਕੈਨੇਡਾ ਅਮਰੀਕਾ ਦੇ ਇੱਕ ਰਾਜ ਵਾਂਗ ਵਿਵਹਾਰ ਕਰਨਾ ਚਾਹੁੰਦਾ ਹੈ, ਪਰ ਉਹ ਅਜਿਹਾ ਨਹੀਂ ਹੈ। ਟਰੰਪ ਨੇ ਕਿਹਾ ਕਿ ਉਹ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਕੰਮ ਕਰਦੇ ਹਨ, ਪਰ ਉਨ੍ਹਾਂ ਨੂੰ ਕੈਨੇਡਾ ਦਾ ਰਵੱਈਆ ਸਭ ਤੋਂ ਖਰਾਬ ਲੱਗਦਾ ਹੈ। ਇੱਕ ਹੋਰ ਪੋਸਟ ਵਿੱਚ ਅਮਰੀਕੀ ਰਾਸ਼ਟਰਪਤੀ ਨੇ ਅਮਰੀਕਾ ਨਾਲ ਵਪਾਰ ਕਰਨ ਵਾਲੀਆਂ ਸਾਰੀਆਂ ਕੈਨੇਡੀਅਨ ਕੰਪਨੀਆਂ ਨੂੰ ਤੁਰੰਤ ਆਪਣਾ ਕੰਮਕਾਜ ਅਮਰੀਕਾ ਵਿੱਚ ਸ਼ਿਫਟ ਕਰਨ ਦੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਜੋ ਕੰਪਨੀਆਂ ਅਮਰੀਕਾ ਵਾਪਸ ਆਉਣਗੀਆਂ, ਉਨ੍ਹਾਂ ‘ਤੇ ਕੋਈ ਟੈਰਿਫ ਨਹੀਂ ਲਗਾਇਆ ਜਾਵੇਗਾ। ਟਰੰਪ ਨੇ ਇਹ ਵੀ ਦਾਅਵਾ ਕੀਤਾ ਕਿ ਅਮਰੀਕਾ ਸਾਲਾਂ ਤੋਂ ਕੈਨੇਡਾ ਨਾਲ 60 ਅਰਬ ਡਾਲਰ ਤੋਂ ਵੱਧ ਦਾ ਨੁਕਸਾਨ ਉਠਾ ਰਹਾ ਸੀ, ਪਰ ਹੁਣ ਟੈਰਿਫ ਤੋਂ ਬਚਣ ਲਈ ਬਹੁਤ ਸਾਰੇ ਕਾਰੋਬਾਰ ਅਮਰੀਕਾ ਵਾਪਸ ਆ ਰਹੇ ਹਨ। ਇਸ ਤੋਂ ਇਲਾਵਾ, ਟਰੰਪ ਨੇ ਵੈਨੇਜ਼ੁਏਲਾ ਨਾਲ ਤੇਲ ਸਮਝੌਤੇ ਤੋਂ ਬਾਅਦ ਇੱਕ ਖਬਰ ਸਾਂਝੀ ਕਰਦੇ ਹੋਏ ਕਿਹਾ ਕਿ ਕੈਨੇਡਾ ਨੂੰ ਚੇਤਾਵਨੀ ਦਿੱਤੀ ਜਾ ਚੁੱਕੀ ਹੈ। ਇਸ ਊਰਜਾ ਸਮਝੌਤੇ ਨਾਲ ਕੈਨੇਡਾ ‘ਤੇ ਦਬਾਅ ਵਧੇਗਾ ਅਤੇ ਊਰਜਾ ਦੇ ਖੇਤਰ ਵਿੱਚ ਉਸ ਦਾ ਪ੍ਰਭਾਵ ਘਟੇਗਾ। ਟਰੰਪ ਨੇ ਦੁਹਰਾਇਆ ਕਿ ਅਮਰੀਕਾ ਆਪਣੀਆਂ ਗੱਡੀਆਂ ਆਪ ਬਣਾਉਣਾ ਚਾਹੁੰਦਾ ਹੈ ਅਤੇ ਕੈਨੇਡਾ ਦੁਆਰਾ ਕੀਤਾ ਜਾ ਰਿਹਾ ਸ਼ੋਸ਼ਣ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੱਕ ਵੱਖਰੀ ਪੋਸਟ ਵਿੱਚ, ਟਰੰਪ ਨੇ ਇੱਕ ਹੋਰ ਖਬਰ ਸਾਂਝੀ ਕੀਤੀ ਜਿਸ ਵਿੱਚ ਈਸਾਈ ਆਗੂਆਂ ਨੇ ਉਨ੍ਹਾਂ ਨੂੰ ਇੱਕ ਕਾਨੂੰਨੀ ਰਸਤਾ ਬਣਾਉਣ ਦੀ ਅਪੀਲ ਕੀਤੀ ਹੈ। ਇਸ ਅਪੀਲ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਵਿੱਚ ਨਫ਼ਰਤ ਦਾ ਸਾਹਮਣਾ ਕਰ ਰਹੇ ਯਹੂਦੀਆਂ ਨੂੰ ਅਮਰੀਕਾ ਵਿੱਚ ਆ ਕੇ ਵੱਸਣ ਦੀ ਇਜਾਜ਼ਤ ਦਿੱਤੀ ਜਾਵੇ।

ਇੱਕ ਪ੍ਰਮੁੱਖ ਮੀਡੀਆ ਅਦਾਰੇ ਵੱਲੋਂ ਆਪਣੇ ਪਾਠਕਾਂ ਨਾਲ ਫ਼ੋਨ ਰਾਹੀਂ ਕੀਤੇ ਸਰਵੇਖਣ ਤੋਂ ਜਾਣਕਾਰੀ ਮਿਲੀ ਹੈ ਕਿ ਟਰੰਪ ਦੇ ਟੈਰਿਫ਼ਾਂ ਦੇ ਰੋਸ ਵਜੋਂ ਕੈਨੇਡਾ ਦੇ ਲੋਕ ਵੱਡੀ ਗਿਣਤੀ ਵਿੱਚ ਅਮਰੀਕੀ ਉਤਪਾਦਾਂ ਤੋਂ ਮੂੰਹ ਮੋੜ ਰਹੇ ਹਨ। ਗੱਲ ਸਿਰਫ਼ ਉਤਪਾਦਾਂ ਤੱਕ ਸੀਮਤ ਨਹੀਂ ਰਹੀ, ਸਗੋਂ ਲੋਕ ਅਮਰੀਕਾ ਦੇ ਸੈਰ-ਸਪਾਟੇ, ਮਨੋਰੰਜਨ ਅਤੇ ਉੱਥੋਂ ਦੀਆਂ ਬਹੁਕੌਮੀ ਕੰਪਨੀਆਂ ਨੂੰ ਵੀ ਦਰਕਿਨਾਰ ਕਰ ਰਹੇ ਹਨ। ਹੋਰ ਤਾਂ ਹੋਰ, ਕੁਝ ਲੋਕਾਂ ਨੇ ਐਮਾਜ਼ਾਨ ਵਰਗੀਆਂ ਕੰਪਨੀਆਂ ਦਾ ਬਾਈਕਾਟ ਕੀਤੇ ਜਾਣ ਬਾਰੇ ਦੱਸਿਆ ਹੈ। ਸਰਵੇਖਣ ਅਨੁਸਾਰ ਕੁਝ ਲੋਕਾਂ ਨੇ ਅਮਰੀਕਾ ਦੇ ਸੈਰ-ਸਪਾਟੇ ਵਾਲੀਆਂ ਥਾਵਾਂ ਦੀ ਅਗਾਊਂ ਬੁਕਿੰਗ ਇਸ ਕਰਕੇ ਰੱਦ ਕਰਵਾਈ ਤਾਂ ਜੋ ਉਹ ਉੱਥੋਂ ਦੀ ਅਰਥਵਿਵਸਥਾ ਨੂੰ ਢਾਹ ਲਾਉਣ ਵਿੱਚ ਆਪਣਾ ਮਾਮੂਲੀ ਯੋਗਦਾਨ ਪਾ ਸਕਣ। ਪਰ ਥੋੜ੍ਹੇ ਜਿਹੇ ਲੋਕਾਂ ਦਾ ਕਹਿਣਾ ਸੀ ਕਿ ਉਹ ਅਮਰੀਕੀ ਵਸਤਾਂ ਦਰਕਿਨਾਰ ਕਰਕੇ ਉੱਥੋਂ ਦੀ ਸਰਕਾਰ ਦੀਆਂ ਗ਼ਲਤੀਆਂ ਦੀ ਸਜ਼ਾ ਆਪਣੇ ਉਤਪਾਦਕ ਭਰਾਵਾਂ ਨੂੰ ਨਹੀਂ ਦੇਣਾ ਚਾਹੁੰਦੇ। ਕੁਝ ਹੋਰ ਲੋਕਾਂ ਨੇ ਕਿਹਾ ਕਿ ਬੇਸ਼ੱਕ ਕੁਝ ਅਮਰੀਕੀ ਉਤਪਾਦ ਕੈਨੇਡਾ ਵਿੱਚ ਸਸਤੇ ਵਿਕਦੇ ਹਨ, ਪਰ ਉਹ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਅਤੇ ਕੁਝ ਵੱਧ ਖ਼ਰਚਣਾ ਉਨ੍ਹਾਂ ਨੂੰ ਚੁਭਦਾ ਨਹੀਂ। ਦੇਸ਼ ਭਗਤੀ ਲਈ ਬਾਈਕਾਟ ਸਮੇਂ ਦੀ ਲੋੜ ਹੈ। ਕੁਝ ਨੇ ਵਿਚਾਰ ਪ੍ਰਗਟਾਏ ਕਿ ਉਹ ਅਮਰੀਕੀ ਰਾਸ਼ਟਰਪਤੀ ਦੇ ਕੈਨੇਡਾ ਪ੍ਰਤੀ ਗ਼ੈਰ-ਜ਼ਿੰਮੇਵਾਰਾਨਾ ਰਵੱਈਏ ਤੋਂ ਦੁਖੀ ਹਨ ਅਤੇ ਅਮਰੀਕੀ ਵਸਤਾਂ ਦਾ ਬਾਈਕਾਟ ਕਰਕੇ ਅਮਰੀਕੀ ਉਤਪਾਦਕਾਂ ਤੇ ਕਾਰੋਬਾਰੀਆਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਹਨ ਕਿ ਇਹ ਉਨ੍ਹਾਂ ਵੱਲੋਂ ਰਾਸ਼ਟਰਪਤੀ ਦੀ ਚੋਣ ਮੌਕੇ ਕੀਤੀ ਗ਼ਲਤੀ ਦੀ ਸਜ਼ਾ ਹੈ। ਕੁਝ ਹੋਰਾਂ ਦਾ ਰੋਸ ਹੈ ਕਿ ਟਰੰਪ ਕੈਨੇਡਾ ਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਕਰਕੇ ਕੈਨੇਡਾ ਦੇ ਲੋਕਾਂ ਨੂੰ ਬੇਇੱਜ਼ਤ ਕਰ ਰਹੇ ਹਨ, ਜਿਸ ਨੂੰ ਸਹਿਣ ਨਹੀਂ ਕੀਤਾ ਜਾ ਸਕਦਾ। ਬ੍ਰਿਟਿਸ਼ ਕੋਲੰਬੀਆ ਦੀ ਰਹਿਣ ਵਾਲੀ ਔਰਤ ਸਾਰਾ ਕਰੌਕੈਟ ਦਾ ਕਹਿਣਾ ਸੀ ਕਿ ਉਹ ਰਸੋਈ ਦੀ ਕਿਸੇ ਵਸਤੂ ਦੇ ਬਗੈਰ ਗੁਜ਼ਾਰਾ ਕਰ ਲੈਂਦੀ ਹੈ, ਪਰ ਕੋਈ ਅਮਰੀਕੀ ਉਤਪਾਦ ਨਹੀਂ ਖ਼ਰੀਦਦੀ। ਇੱਕ ਵਾਰ ਉਹ ਸਟੋਰ ਤੋਂ ਗ਼ਲਤੀ ਨਾਲ ਅਮਰੀਕੀ ਉਤਪਾਦ ਖ਼ਰੀਦ ਲਿਆਈ ਸੀ, ਪਰ ਘਰ ਜਾ ਕੇ ਪਤਾ ਲੱਗਣ ’ਤੇ ਤੁਰੰਤ ਵਾਪਸ ਕਰਕੇ ਆਈ। ਇੱਕ ਸੰਜੀਦਾ ਪਾਠਕ ਦਾ ਕਹਿਣਾ ਸੀ ਕਿ ਅਮਰੀਕੀ ਸਰਕਾਰ ਦੇ ਵਿਹਾਰ ਕਰਕੇ ਉਸ ਦੇ ਪਰਿਵਾਰ ਨੇ ਆਪਣੇ ਖਾਣ-ਪੀਣ ਦੀਆਂ ਆਦਤਾਂ ਬਦਲ ਲਈਆਂ ਹਨ।

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਵੱਲੋਂ ਲੇਕ ਓਨਟਾਰੀਓ ਨੂੰ “ਹੁਣ ਅਤੇ ਹਮੇਸ਼ਾ” ਲਈ ਓਨਟਾਰੀਓ ਦੀ ਝੀਲ ਦੱਸਣ ਵਾਲਾ ਇੱਕ ਬੋਰਡ ਲਗਾਉਣ ਦੇ 24 ਘੰਟਿਆਂ ਬਾਅਦ ਹੀ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸੂਬੇ ਦੇ ਕਈ ਸਰਕਾਰੀ ਅਦਾਰਿਆਂ ਦੀਆਂ ਵੈੱਬਸਾਈਟਾਂ ਦੇ ਮੈਪਸ ਉੱਤੇ ਇਸ ਝੀਲ ਦਾ ਨਾਂ “ਲੇਕ ਅਮਰੀਕਾ” ਲਿਖਿਆ ਦਿਖਾਈ ਦੇਣ ਲੱਗਾ, ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਵੈੱਬਸਾਈਟਾਂ ਦੀ ਸਮੀਖਿਆ ਸ਼ੁਰੂ ਕਰ ਦਿੱਤੀ ਹੈ। ਜਨਤਕ ਅਤੇ ਵਪਾਰਕ ਸੇਵਾਵਾਂ ਦੇ ਮੰਤਰੀ ਸਟੀਫਨ ਕ੍ਰਾਫੋਰਡ ਨੇ ਦੱਸਿਆ ਕਿ ਕੁਝ ਸਰਕਾਰੀ ਵੈੱਬਸਾਈਟਾਂ ਸਿੱਧਾ ਗੂਗਲ ਮੈਪਸ ਤੋਂ ਡਾਟਾ ਲੈਂਦੀਆਂ ਹਨ। ਗੂਗਲ ਵੱਲੋਂ ਕੀਤੇ ਗਏ ਹਾਲੀਆ ਬਦਲਾਅ ਤੋਂ ਬਾਅਦ, ਸਰਕਾਰ ਇਹ ਯਕੀਨੀ ਬਣਾਉਣ ਲਈ ਜਾਂਚ ਕਰ ਰਹੀ ਹੈ ਕਿ ਸਾਰੀਆਂ ਵੈੱਬਸਾਈਟਾਂ ‘ਤੇ ਝੀਲ ਦਾ ਸਹੀ ਨਾਂ “ਲੇਕ ਓਨਟਾਰੀਓ” ਹੀ ਦਿਖਾਇਆ ਜਾਵੇ। ਸੋਸ਼ਲ ਮੀਡੀਆ ‘ਤੇ ਲੋਕਾਂ ਨੇ ਦੇਖਿਆ ਕਿ ਹਾਈਡ੍ਰੋ ਵਨ, ਮੈਟਰੋਲਿੰਕਸ, ਇਨਫਰਾਸਟ੍ਰਕਚਰ ਓਨਟਾਰੀਓ ਅਤੇ ਐੱਲਸੀਬੀਓ ਵਰਗੀਆਂ ਸਰਕਾਰੀ ਅਤੇ ਜਨਤਕ ਵੈੱਬਸਾਈਟਾਂ ਦੇ ਮੈਪਸ ‘ਤੇ “ਲੇਕ ਅਮਰੀਕਾ” ਲਿਖਿਆ ਆ ਰਿਹਾ ਸੀ। ਇਹ ਨਵਾਂ ਨਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਜਾਰੀ ਕੀਤੇ ਗਏ ਇੱਕ ਕਾਰਜਕਾਰੀ ਹੁਕਮ ਤੋਂ ਬਾਅਦ ਸਾਹਮਣੇ ਆਇਆ ਹੈ। ਇਹ ਕਦਮ ਕੈਨੇਡਾ ਅਤੇ ਅਮਰੀਕਾ ਵਿਚਾਲੇ ਚੱਲ ਰਹੇ ਵਪਾਰਕ ਵਿਵਾਦ ਅਤੇ ਗੱਲਬਾਤ ਟੁੱਟਣ ਤੋਂ ਬਾਅਦ ਚੁੱਕਿਆ ਗਿਆ ਹੈ। ਟਰੰਪ ਦੇ ਹੁਕਮ ਅਨੁਸਾਰ, ਅਮਰੀਕਾ ਲੇਕ ਓਨਟਾਰੀਓ ਦੇ ਜ਼ਿਆਦਾਤਰ ਹਿੱਸੇ ਉੱਤੇ ਆਪਣਾ ਦਾਅਵਾ ਕਰਦਾ ਹੈ। ਗੂਗਲ ਮੈਪਸ ਨੇ ਸਪੱਸ਼ਟ ਕੀਤਾ ਕਿ ਉਹ ਸਰਕਾਰੀ ਸਰੋਤਾਂ, ਜਿਵੇਂ ਕਿ ਅਮਰੀਕੀ ਜਿਓਗ੍ਰਾਫਿਕ ਨੇਮਜ਼ ਇਨਫਾਰਮੇਸ਼ਨ ਸਰਵਿਸ ਦੇ ਆਧਾਰ ‘ਤੇ ਨਾਂ ਬਦਲਦਾ ਹੈ। ਇਸ ਨੇ ਹਾਲ ਹੀ ਵਿੱਚ ਆਪਣੇ ਰਿਕਾਰਡ ਵਿੱਚ ਇਸ ਦਾ ਨਾਂ ਬਦਲ ਕੇ “ਲੇਕ ਅਮਰੀਕਾ” ਕਰ ਦਿੱਤਾ ਸੀ। ਗੂਗਲ ਦੇ ਮੁਤਾਬਕ, ਅਮਰੀਕਾ ਵਿੱਚ ਮੈਪਸ ਵਰਤਣ ਵਾਲੇ ਵਰਤੋਂਕਾਰਾਂ ਨੂੰ “ਲੇਕ ਅਮਰੀਕਾ” ਦਿਖਾਈ ਦੇਵੇਗਾ, ਜਦਕਿ ਕੈਨੇਡਾ ਵਿੱਚ ਇਹ “ਲੇਕ ਓਨਟਾਰੀਓ” ਹੀ ਰਹੇਗਾ। ਦੋਵਾਂ ਦੇਸ਼ਾਂ ਤੋਂ ਬਾਹਰ ਦੇ ਲੋਕਾਂ ਨੂੰ ਬ੍ਰੈਕੇਟ ਵਿੱਚ ਦੋਵੇਂ ਨਾਂ ਦਿਖਾਈ ਦੇਣਗੇ। ਹਾਈਡ੍ਰੋ ਵਨ ਨੇ ਇੱਕ ਬਿਆਨ ਵਿੱਚ ਮੰਨਿਆ ਕਿ ਉਨ੍ਹਾਂ ਦੇ ਆਊਟੇਜ ਮੈਪ ਉੱਤੇ ਗਲਤ ਨਾਂ ਦਿਖਾਇਆ ਜਾ ਰਿਹਾ ਸੀ। ਕੰਪਨੀ ਨੇ ਕਿਹਾ ਕਿ ਇਹ ਸਮੱਸਿਆ ਤੀਜੀ-ਧਿਰ ਦੀ ਮੈਪਿੰਗ ਸੇਵਾ ਕਾਰਨ ਆਈ ਹੈ। ਉਹ ਇਸ ਗਲਤੀ ਨੂੰ ਜਲਦੀ ਤੋਂ ਜਲਦੀ ਸੁਧਾਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਇਸ ਨਾਲ ਹੋਈ ਪਰੇਸ਼ਾਨੀ ਲਈ ਮਾਫੀ ਮੰਗਦੇ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਰੰਪ ਨੇ ਕਿਸੇ ਜਗ੍ਹਾ ਦਾ ਨਾਂ ਬਦਲਿਆ ਹੋਵੇ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਮੈਕਸੀਕੋ ਦੀ ਖਾੜੀ ਦਾ ਨਾਂ ਬਦਲ ਕੇ “ਗਲਫ ਆਫ ਅਮਰੀਕਾ” ਕਰ ਦਿੱਤਾ ਸੀ, ਜਿਸ ਨੂੰ ਗੂਗਲ, ਐਪਲ ਅਤੇ ਮਾਈਕ੍ਰੋਸਾਫਟ ਨੇ ਵੀ ਆਪਣੇ ਨਕਸ਼ਿਆਂ ਵਿੱਚ ਅਪਡੇਟ ਕਰ ਦਿੱਤਾ ਸੀ।

ਕੈਨੇਡਾ ਦੀਆਂ ਤਿੰਨ ਮਹੱਤਵਪੂਰਨ ਸੰਸਦੀ ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ ਵੋਟਿੰਗ ਸ਼ੁਰੂ ਹੋ ਗਈ ਹੈ। ਇਹ ਚੋਣਾਂ ਅਜਿਹੇ ਸਮੇਂ ਹੋ ਰਹੀਆਂ ਹਨ ਜਦੋਂ ਕੈਨੇਡੀਅਨ ਨਾਗਰਿਕ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸ਼ੁਰੂ ਕੀਤੇ ਵਪਾਰਕ ਤਣਾਅ ਦੇ ਪ੍ਰਭਾਵਾਂ ਦਾ ਸਾਹਮਣਾ ਕਰ ਰਹੇ ਹਨ। ਇਹ ਵੋਟਿੰਗ ਓਨਟਾਰੀਓ ਦੀ ਬੀਚਜ਼-ਈਸਟ ਯੌਰਕ ਸੀਟ, ਕਿਊਬੈਕ ਦੀ ਸ਼ਿਕੂਟੀਮੀ-ਲੇ ਫਿਓਰਡ ਸੀਟ ਅਤੇ ਬ੍ਰਿਟਿਸ਼ ਕੋਲੰਬੀਆ ਦੀ ਨੌਰਥ ਵੈਨਕੂਵਰ-ਕੈਪੀਲਾਨੋ ਸੀਟ ‘ਤੇ ਹੋ ਰਹੀ ਹੈ। ਇਲੈਕਸ਼ਨਜ਼ ਕੈਨੇਡਾ ਅਨੁਸਾਰ, 21 ਅਗਸਤ ਤੋਂ 24 ਅਗਸਤ ਤੱਕ ਹੋਈ ਸ਼ੁਰੂਆਤੀ ਵੋਟਿੰਗ ਵਿੱਚ ਹੀ ਲਗਭਗ 39,500 ਲੋਕ ਆਪਣੀ ਵੋਟ ਪਾ ਚੁੱਕੇ ਸਨ। ਸਭ ਤੋਂ ਵੱਧ ਸ਼ੁਰੂਆਤੀ ਵੋਟਿੰਗ ਨੌਰਥ ਵੈਨਕੂਵਰ-ਕੈਪੀਲਾਨੋ ਵਿੱਚ 16,700, ਬੀਚਜ਼-ਈਸਟ ਯੌਰਕ ਵਿੱਚ 11,800 ਅਤੇ ਸ਼ਿਕੂਟੀਮੀ-ਲੇ ਫਿਓਰਡ ਵਿੱਚ 11,000 ਦਰਜ ਕੀਤੀ ਗਈ। ਨੌਰਥ ਵੈਨਕੂਵਰ-ਕੈਪੀਲਾਨੋ ਸੀਟ ‘ਤੇ ਲਿਬਰਲ ਪਾਰਟੀ 2015 ਤੋਂ ਜਿੱਤਦੀ ਆ ਰਹੀ ਹੈ। ਇਹ ਸੀਟ ਸਾਬਕਾ ਮੰਤਰੀ ਜੋਨਾਥਨ ਵਿਲਕਿਨਸਨ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀ, ਜਿਨ੍ਹਾਂ ਨੂੰ ਯੂਰਪੀਅਨ ਯੂਨੀਅਨ ਵਿੱਚ ਕੈਨੇਡਾ ਦਾ ਰਾਜਦੂਤ ਬਣਾਇਆ ਗਿਆ ਹੈ। ਬੀਚਜ਼-ਈਸਟ ਯੌਰਕ ਸਾਬਕਾ ਲਿਬਰਲ ਸਾਂਸਦ ਨੇਟ ਏਰਸਕਾਈਨ-ਸਮਿਥ ਦੀ ਸੀਟ ਸੀ, ਜੋ ਹੁਣ ਟੋਰਾਂਟੋ ਸਿਟੀ ਕੌਂਸਲ ਦੀ ਚੋਣ ਲੜ ਰਹੇ ਹਨ। ਸ਼ਿਕੂਟੀਮੀ-ਲੇ ਫਿਓਰਡ ਸੀਟ ਕੰਜ਼ਰਵੇਟਿਵ ਸਾਂਸਦ ਰਿਚਰਡ ਮਾਰਟੇਲ ਦੇ ਸੈਨੇਟ ਵਿੱਚ ਜਾਣ ਤੋਂ ਬਾਅਦ ਖਾਲੀ ਹੋਈ ਸੀ। ਇਪਸੋਸ ਵੱਲੋਂ ਕੀਤੇ ਗਏ ਇੱਕ ਨਵੇਂ ਸਰਵੇਖਣ ਮੁਤਾਬਕ, ਜੇਕਰ ਦੇਸ਼ ਵਿੱਚ ਅੱਜ ਆਮ ਚੋਣਾਂ ਹੁੰਦੀਆਂ ਹਨ, ਤਾਂ 44% ਕੈਨੇਡੀਅਨ ਲਿਬਰਲ ਪਾਰਟੀ ਨੂੰ ਵੋਟ ਦੇਣਾ ਚਾਹੁਣਗੇ। ਇਸ ਦੇ ਮੁਕਾਬਲੇ ਕੰਜ਼ਰਵੇਟਿਵ ਪਾਰਟੀ ਨੂੰ 33%, ਐਨ.ਡੀ.ਪੀ. ਨੂੰ 10% ਅਤੇ ਬਲੋਕ ਪਾਰਟੀ ਨੂੰ 8% ਵੋਟਾਂ ਮਿਲਣ ਦੀ ਸੰਭਾਵਨਾ ਹੈ। ਬ੍ਰਿਟਿਸ਼ ਕੋਲੰਬੀਆ ਵਿੱਚ 46% ਅਤੇ ਓਨਟਾਰੀਓ ਵਿੱਚ 49% ਲੋਕਾਂ ਨੇ ਲਿਬਰਲ ਪਾਰਟੀ ਦਾ ਸਮਰਥਨ ਕੀਤਾ। ਕਿਊਬੈਕ ਵਿੱਚ ਵੀ ਲਿਬਰਲ ਪਾਰਟੀ 37% ਨਾਲ ਅੱਗੇ ਹੈ, ਜਦਕਿ ਬਲੋਕ ਪਾਰਟੀ 33% ਅਤੇ ਕੰਜ਼ਰਵੇਟਿਵ ਪਾਰਟੀ 22% ‘ਤੇ ਹੈ। ਸਰਵੇਖਣ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਕੈਨੇਡੀਅਨ ਅਮਰੀਕਾ ਵੱਲੋਂ ਪ੍ਰਸਤਾਵਿਤ ਵਪਾਰਕ ਸਮਝੌਤੇ ਖਿਲਾਫ਼ ਮਜ਼ਬੂਤੀ ਨਾਲ ਡਟਣ ਦੇ ਪੱਖ ਵਿੱਚ ਹਨ। ਚਾਹੇ ਇਸ ਨਾਲ ਮਹਿੰਗਾਈ ਜਾਂ ਆਰਥਿਕ ਨੁਕਸਾਨ ਹੀ ਕਿਉਂ ਨਾ ਹੋਵੇ, ਬ੍ਰਿਟਿਸ਼ ਕੋਲੰਬੀਆ ਅਤੇ ਓਨਟਾਰੀਓ ਦੇ 65% ਅਤੇ ਕਿਊਬੈਕ ਦੇ 57% ਲੋਕ ਸਰਕਾਰ ਦੇ ਇਸ ਸਖ਼ਤ ਰੁੱਖ ਨਾਲ ਸਹਿਮਤ ਹਨ।

ਟੈਲੀਕੋਮਿਊਨੀਕੇਸ਼ਨ ਕੰਪਨੀ ਈਸਟਲਿੰਕ ਨੇ ਆਪਣੇ ਗਾਹਕਾਂ ਨੂੰ ਸੰਭਾਵਿਤ ਡਾਟਾ ਲੀਕ ਹੋਣ ਬਾਰੇ ਚੇਤਾਵਨੀ ਦਿੱਤੀ ਹੈ, ਹਾਲਾਂਕਿ ਕੰਪਨੀ ਦਾ ਮੰਨਣਾ ਹੈ ਕਿ ਕ੍ਰੈਡਿਟ ਕਾਰਡ ਜਾਂ ਬੈਂਕਿੰਗ ਦੀ ਜਾਣਕਾਰੀ ਚੋਰੀ ਨਹੀਂ ਹੋਈ ਹੈ। ਇਹ ਕੰਪਨੀ ਕੈਨੇਡਾ ਦੇ ਸੱਤ ਸੂਬਿਆਂ ਅਤੇ ਬਰਮੂਡਾ ਵਿੱਚ ਆਪਣੀਆਂ ਸੇਵਾਵਾਂ ਦਿੰਦੀ ਹੈ। ਈਸਟਲਿੰਕ ਨੇ ਸ਼ੁੱਕਰਵਾਰ ਨੂੰ ਪ੍ਰਭਾਵਿਤ ਗਾਹਕਾਂ ਨੂੰ ਈਮੇਲ ਭੇਜਣੀ ਸ਼ੁਰੂ ਕੀਤੀ ਸੀ ਅਤੇ ਉਹ ਹੁਣ ਵੀ ਹੋਰ ਗਾਹਕਾਂ ਨੂੰ ਇਸ ਬਾਰੇ ਸੂਚਿਤ ਕਰ ਰਹੀ ਹੈ। ਈਸਟਲਿੰਕ ਅਨੁਸਾਰ, ਬੁੱਧਵਾਰ ਅਤੇ ਵੀਰਵਾਰ ਦੀ ਰਾਤ ਵਿਚਕਾਰ ਗਾਹਕਾਂ ਦੇ ਖਾਤਿਆਂ ਨਾਲ ਛੇੜਛਾੜ ਹੋਈ ਹੋ ਸਕਦੀ ਹੈ। ਚੋਰੀ ਹੋਈ ਜਾਣਕਾਰੀ ਵਿੱਚ ਗਾਹਕਾਂ ਦੇ ਨਾਂ, ਸੰਪਰਕ ਨੰਬਰ, ਅਕਾਊਂਟ ਨੰਬਰ ਅਤੇ ਪਿਨ ਸ਼ਾਮਲ ਹੋ ਸਕਦੇ ਹਨ। ਇਸ ਲੀਕ ਕਾਰਨ ਇੰਟਰਨੈੱਟ, ਟੈਲੀਵਿਜ਼ਨ ਅਤੇ ਲੈਂਡਲਾਈਨ ਸੇਵਾਵਾਂ ਵਰਤਣ ਵਾਲੇ ਲਗਭਗ 75,000 ਅਕਾਊਂਟ ਪ੍ਰਭਾਵਿਤ ਹੋਏ ਹਨ। ਹੈਲੀਫੈਕਸ ਦੀ ਰਹਿਣ ਵਾਲੀ ਕੇਟਲਿਨ ਹੌਰਨ, ਜਿਸ ਨੇ ਸਾਲ 2023 ਵਿੱਚ ਈਸਟਲਿੰਕ ਦੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਸਨ, ਨੇ ਦੱਸਿਆ ਕਿ ਉਸ ਨੂੰ ਵੀ ਇਹ ਸੂਚਨਾ ਮਿਲੀ ਹੈ। ਹੌਰਨ ਨੇ ਕਿਹਾ ਕਿ ਜੇਕਰ ਉਹ ਪੁਰਾਣੇ ਗਾਹਕਾਂ ਨੂੰ ਵੀ ਸੁਨੇਹਾ ਭੇਜ ਰਹੇ ਹਨ, ਤਾਂ ਇਸ ਦਾ ਮਤਲਬ ਹੈ ਕਿ ਬਹੁਤ ਸਾਰੇ ਲੋਕਾਂ ਦਾ ਡਾਟਾ ਖਤਰੇ ਵਿੱਚ ਆ ਸਕਦਾ ਹੈ। ਹੌਰਨ ਨੇ ਉਮੀਦ ਜਤਾਈ ਕਿ ਕੰਪਨੀ ਇਸ ਮਾਮਲੇ ਵਿੱਚ ਪੂਰੀ ਪਾਰਦਰਸ਼ਤਾ ਵਰਤੇਗੀ ਅਤੇ ਪ੍ਰਭਾਵਿਤ ਗਾਹਕਾਂ ਦੀ ਮਦਦ ਲਈ ਕ੍ਰੈਡਿਟ ਮਾਨੀਟਰਿੰਗ ਸੇਵਾਵਾਂ ਪ੍ਰਦਾਨ ਕਰੇਗੀ। ਉਸ ਨੇ ਕਿਹਾ ਕਿ ਅੱਜ-ਕੱਲ੍ਹ ਅਜਿਹੀਆਂ ਘਟਨਾਵਾਂ ਬਹੁਤ ਜ਼ਿਆਦਾ ਵਾਪਰ ਰਹੀਆਂ ਹਨ, ਜਿਸ ਕਾਰਨ ਮਨ ਵਿੱਚ ਇਹੋ ਡਰ ਰਹਿੰਦਾ ਹੈ ਕਿ ਸਾਡੀ ਕਿਹੜੀ-ਕਿਹੜੀ ਜਾਣਕਾਰੀ ਗਲਤ ਹੱਥਾਂ ਵਿੱਚ ਚਲੀ ਗਈ ਹੈ। ਈਸਟਲਿੰਕ ਨੇ ਆਪਣੀ ਈਮੇਲ ਵਿੱਚ ਇਸ ਘਟਨਾ ਲਈ ਮਾਫੀ ਮੰਗੀ ਹੈ। ਕੰਪਨੀ ਨੇ ਦੱਸਿਆ ਕਿ ਬੁੱਧਵਾਰ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਨੇ ਆਪਣੀ ਵੈੱਬਸਾਈਟ ਅਤੇ ਮੋਬਾਈਲ ਐਪ ਦੇ ਪ੍ਰਭਾਵਿਤ ਹਿੱਸਿਆਂ ਨੂੰ ਬੰਦ ਕਰ ਦਿੱਤਾ ਸੀ। ਉਹ ਆਉਣ ਵਾਲੇ ਦਿਨਾਂ ਵਿੱਚ ਈਮੇਲ, ਚਿੱਠੀਆਂ ਅਤੇ ਵੈੱਬਸਾਈਟ ਰਾਹੀਂ ਸਾਰੇ ਪ੍ਰਭਾਵਿਤ ਗਾਹਕਾਂ ਨੂੰ ਤਾਜ਼ਾ ਜਾਣਕਾਰੀ ਦਿੰਦੇ ਰਹਿਣਗੇ ਤਾਂ ਜੋ ਹਰ ਕਿਸੇ ਨੂੰ ਸਹੀ ਸਮੇਂ ‘ਤੇ ਪੂਰੀ ਜਾਣਕਾਰੀ ਮਿਲ ਸਕੇ।

ਅਲਬਰਟਾ ਵਿੱਚ ਵੱਖਰੇ ਦੇਸ਼ ਦੀ ਮੰਗ ਨੂੰ ਲੈ ਕੇ ਬਹਿਸ ਬਹੁਤ ਤੇਜ਼ ਹੋ ਗਈ ਹੈ। ਸਨੀਚਰਵਾਰ ਨੂੰ ਦੋਵਾਂ ਪੱਖਾਂ ਵੱਲੋਂ ਆਪੋ-ਆਪਣੇ ਅੰਦੋਲਨਾਂ ਨੂੰ ਮਜ਼ਬੂਤ ਕਰਨ ਲਈ ਰੈਲੀਆਂ ਕੀਤੀਆਂ ਗਈਆਂ। ਅਲਬਰਟਾ ਦੇ ਲੋਕ 19 ਅਕਤੂਬਰ ਨੂੰ 10 ਸਵਾਲਾਂ ‘ਤੇ ਵੋਟ ਪਾਉਣਗੇ, ਜਿਸ ਵਿੱਚ ਇਮੀਗ੍ਰੇਸ਼ਨ, ਸੰਵਿਧਾਨ ਅਤੇ ਵੱਖ ਹੋਣ ਬਾਰੇ ਦੂਜਾ ਰੈਫਰੈਂਡਮ ਕਰਵਾਉਣ ਦਾ ਸਵਾਲ ਵੀ ਸ਼ਾਮਲ ਹੈ। ਐਡਮੰਟਨ ਵਿੱਚ ਵਿਧਾਨ ਸਭਾ ਦੇ ਬਾਹਰ ਵੱਖਵਾਦੀਆਂ ਦੀ ਇੱਕ ਵੱਡੀ ਰੈਲੀ ਹੋਈ। ‘ਅਲਬਰਟਾ ਪ੍ਰੋਸਪੈਰਿਟੀ ਪ੍ਰੋਜੈਕਟ’ ਦੇ ਆਗੂ ਮਿਚ ਸਿਲਵੈਸਟਰ ਨੇ ਕਿਹਾ ਕਿ ਲੋਕ ਹੁਣ ਅਲਬਰਟਾ ਦੀ ਆਜ਼ਾਦੀ ਬਾਰੇ ਗੱਲ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਅਸੀਂ ਲਿਬਰਲ ਸਰਕਾਰ ਤੋਂ ਨਾਰਾਜ਼ ਹਾਂ, ਕੈਨੇਡਾ ਤੋਂ ਨਹੀਂ। ਉਨ੍ਹਾਂ ਦਾ ਮੰਨਣਾ ਹੈ ਕਿ ਕੇਂਦਰ ਸਰਕਾਰ ਨੇ ਪਾਈਪਲਾਈਨਾਂ ਅਤੇ ਅਰਥਵਿਵਸਥਾ ਦੇ ਮੁੱਦਿਆਂ ‘ਤੇ ਅਲਬਰਟਾ ਨੂੰ ਅਣਗੌਲਿਆ ਕੀਤਾ ਹੈ। ਇਹ ਵੋਟ ਓਟਾਵਾ ਨੂੰ ਇੱਕ ਮਜ਼ਬੂਤ ਸੰਦੇਸ਼ ਦੇਵੇਗੀ। ਰੈਲੀ ਵਿੱਚ ਆਏ ਡੈਨਿਸ ਬਡਨੀ ਅਤੇ ਸੈਂਡਰਾ ਸ਼ਿਪਲਟ ਵਰਗੇ ਆਮ ਲੋਕਾਂ ਨੇ ਮਹਿੰਗਾਈ, ਪੈਨਸ਼ਨ ਦੀ ਘਟਦੀ ਕੀਮਤ ਅਤੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਾ ਜਤਾਈ। ਉਨ੍ਹਾਂ ਦਾ ਕਹਿਣਾ ਸੀ ਕਿ ਉਹ ਕੈਨੇਡਾ ਨਾਲ ਨਫ਼ਰਤ ਨਹੀਂ ਕਰਦੇ, ਪਰ ਆਪਣੀਆਂ ਮੁਸ਼ਕਲਾਂ ਹੱਲ ਕਰਨ ਲਈ ਉਨ੍ਹਾਂ ਕੋਲ ਇਹੋ ਇੱਕੋ-ਇੱਕ ਰਸਤਾ ਬਚਿਆ ਹੈ। ਦੂਜੇ ਪਾਸੇ, ਅਲਬਰਟਾ ਐਨਡੀਪੀ ਦੇ ਆਗੂ ਨਾਹੀਦ ਨੇਂਸ਼ੀ ਨੇ ਕੈਲਗਰੀ ਵਿੱਚ ਕੈਨੇਡਾ ਨਾਲ ਰਹਿਣ ਦੇ ਸਮਰਥਨ ਵਿੱਚ ਇੱਕ ਰੈਲੀ ਕੀਤੀ। ਨੇਂਸ਼ੀ ਨੇ ਚਿੰਤਾ ਪ੍ਰਗਟਾਈ ਕਿ ਭਾਵੇਂ ਵੱਖ ਹੋਣ ਵਾਲਿਆਂ ਦੀ ਗਿਣਤੀ ਘੱਟ ਹੈ, ਪਰ ਉਹ ਵੋਟ ਪਾਉਣ ਲਈ ਬਹੁਤ ਉਤਸ਼ਾਹੀ ਹਨ। ਉਨ੍ਹਾਂ ਕੈਨੇਡਾ ਨੂੰ ਪਿਆਰ ਕਰਨ ਵਾਲੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਬਾਹਰ ਆ ਕੇ ਵੋਟ ਜਰੂਰ ਪਾਉਣ। ਰੈਲੀ ਵਿੱਚ ਆਈ ਕਰੀਨਾ ਪਿਲਈ ਨੇ ਕਿਹਾ ਕਿ ਦੇਸ਼ ਦੀ ਏਕਤਾ ਅਤੇ ਕੈਨੇਡੀਅਨ ਮੁੱਲਾਂ ਲਈ ਖੜ੍ਹੇ ਹੋਣਾ ਜ਼ਰੂਰੀ ਹੈ। ਇੱਕ ਸੇਵਾਮੁਕਤ ਡਾਕਟਰ ਰੌਸ ਰਿਗਬੀ ਨੇ ਵੱਖ ਹੋਣ ਦੀ ਮੁਹਿੰਮ ਨੂੰ ਬੇਤੁਕਾ ਦੱਸਿਆ ਅਤੇ ਕਿਹਾ ਕਿ ਅਜਿਹੇ ਮਹਾਨ ਅਤੇ ਲੋਕਤੰਤਰੀ ਦੇਸ਼ ਨੂੰ ਤੋੜਨਾ ਬਿਲਕੁਲ ਵੀ ਸਹੀ ਨਹੀਂ ਹੈ।


Filed under