ਮਿਸ਼ੀਗਨ ’ਚ ਆਏ ਭਿਆਨਕ ਤੂਫ਼ਾਨ ਕਾਰਨ ਪੰਜ ਲੋਕਾਂ ਦੀ ਮੌਤ

Lansing- ਅਮਰੀਕੀ ਸੂਬੇ ਮਿਸ਼ੀਗਨ ’ਚ ਵੀਰਵਾਰ ਦੇਰ ਰਾਤ ਆਏ ਇੱਕ ਭਿਆਨਕ ਤੂਫ਼ਾਨ ਕਾਰਨ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ। ਇਸ ਤੂਫ਼ਾਨ ਕਾਰਨ ਇੱਥੇ ਭਾਰੀ ਮੀਂਹ, ਤੇਜ਼ ਹਵਾਵਾਂ ਅਤੇ ਇੱਕ ਵਾਵਰੋਲੇ ਦੀ ਵੀ ਪੁਸ਼ਟੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੌਸਮ ਦੇ ਇਸ ਬਦਲੇ ਮਿਜਾਜ਼ ਕਾਰਨ ਮਿਸ਼ੀਗਨ ਅਤੇ ਓਹੀਓ ਦੇ ਕੁਝ ਹਿੱਸਿਆਂ ’ਚ ਲਗਭਗ 660,000 ਲੱਖ ਘਰਾਂ ਅਤੇ ਕਾਰੋਬਾਰਾਂ ਦੀ ਬੱਤੀ ਗੁਲ ਹੋ ਗਈ।
ਕੇਂਟ ਕਾਊਂਟੀ ਸ਼ੈਰਿਫ ਦਫ਼ਤਰ ਦੇ ਸਾਰਜੈਂਟ ਮੁਤਾਬਕ ਤੂਫ਼ਾਨ ਕਾਰਨ ਵੀਰਵਾਰ ਦੇਰ ਰਾਤ ਨੂੰ ਵਾਪਰੇ ਇੱਕ ਕਾਰ ਹਾਦਸੇ ’ਚ ਇੱਕ ਔਰਤ ਅਤੇ ਦੋ ਬੱਚਿਆਂ ਦੀ ਮੌਤ ਹੋ ਗਈ। ਉੱਥੇ ਹੀ ਤੂਫ਼ਾਨ ਕਾਰਨ ਇੰਘਮ ਕਾਊਂਟੀ ’ਚ ਵੀ ਦੋ ਮੌਤਾਂ ਹੋਈਆਂ ਹਨ। ਲੈਸਿੰਗ ਪੁਲਿਸ ਦੇ ਸਹਾਇਕ ਮੁਖੀ ਰਾਬਰਟ ਬੈਕਸ ਨੇ ਦੱਸਿਆ ਕਿ ਲੈਸਿੰਗ ’ਚ ਇੱਕ 84 ਸਾਲਾ ਔਰਤ ਦੀ ਉਸ ਦੇ ਘਰ ’ਤੇ ਦਰਖ਼ਤ ਡਿੱਗਣ ਕਾਰਨ ਮੌਤ ਹੋ ਗਈ। ਇੰਨਾ ਹੀ ਨਹੀਂ, ਇੰਘਮ ਕਾਊਂਟੀ ਦਫ਼ਤਰ ਨੇ ਕਿਹਾ ਕਿ ਵੀਰਵਾਰ ਰਾਤੀਂ ਵਿਲੀਅਮਸਟਨ ਦੇ ਨੇੜੇ ਇੰਟਰਸਟੇਟ ਹਾਈਵੇਅ 96 ’ਤੇ 25 ਤੋਂ ਵੱਧ ਵਾਹਨਾਂ ਦੀ ਟੱਕਰ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਮਿਸ਼ੀਗਨ ਸੂਬਾਈ ਪੁਲਿਸ ਦੇ ਲੈਫਟੀਨੈਂਟ ਰੇਨੇ ਗੋਂਜਾਲੇਜ ਨੇ ਦੱਸਿਆ ਕਿ ਤੂਫ਼ਾਨ ਕਾਰਨ ਕੌਮਾਂਤਰੀ ਹਾਈਵੇਅ ’ਤੇ ਕਈ ਵਾਹਨ ਪਲਟ ਗਏ, ਜਿਸ ਕਾਰਨ ਤਾਂ ਕੁਝ ਚਾਲਕ ਵਾਹਨਾਂ ਦੇ ਅੰਦਰ ਫਸ ਗਏ।
ਡੈਟਰਾਇਟ ਅਤੇ ਗ੍ਰੈਡ ਰੈਪੀਡਸ ਦੇ ਮੌਸਮ ਸੇਵਾ ਦਫ਼ਤਰਾਂ ਵਲੋਂ ਰਾਤੀਂ ਲਗਭਗ 9.30 ਵਜੇ ਵਿਲੀਅਮਸਟਨ ਨੇੜੇ ਇੱਕ ਵੱਡੇ ਅਤੇ ‘ਬਹੁਤ ਖ਼ਤਰਨਾਕ’ ਵਾਵਰੋਲੇ ਦੀ ਪੁਸ਼ਟੀ ਕੀਤੀ ਗਈ। ਤੂਫ਼ਾਨ ਰਾਤ ਭਰ ਦੱਖਣੀ ਮਿਸ਼ੀਗਨ ਅਤੇ ਓਹੀਓ ਤੱਕ ਵਗਦਾ ਰਿਹਾ, ਜਿਸ ਕਾਰਨ 85 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਵਗੀਆਂ। ਇੰਨਾ ਹੀ ਨਹੀਂ ਕਈ ਥਾਂਈਂ ’ਤੇ 1.5 ਇੰਚ ਦੇ ਵਿਸ਼ਾਲ ਗੜ੍ਹੇ ਵੀ ਡਿੱਗੇ।
ਇਸ ਤੂਫ਼ਾਨ ਦੇ ਕਾਰਨ ਆਏ ਹੜ੍ਹ ਦੇ ਚੱਲਦਿਆਂ ਡੈਟਰਾਇਟ ਹਵਾਈ ਅੱਡੇ ਦੇ ਟਰਮੀਨਲ ਆਂਸ਼ਿਕ ਰੂਪ ਨਾਲ ਬੰਦ ਹੋ ਗਏ, ਜਿਸ ਕਾਰਨ ਬਹੁਤ ਸਾਰੇ ਯਾਤਰੀਆਂ ਨੂੰ ਡੈਟਰਾਇਟ ਹਵਾਈ ਅੱਡੇ ਦੇ ਬਾਹਰ ਇੰਤਜ਼ਾਰ ਕਰਨਾ ਪਿਆ। ਕਾਊਂਟੀ ਦੇ ਸੰਕਟਕਾਲੀਨ ਪ੍ਰਬੰਧਨ ਦਫ਼ਤਰ ਦੇ ਰਾਬ ਡੇਲ ਨੇ ਦੱਸਿਆ ਕਿ ਖ਼ਰਾਬ ਮੌਸਮ ਨੇ ਇੰਘਮ ਕਾਊਂਟੀ ਇਲਾਕੇ ਨੂੰ ਕਾਫ਼ੀ ਪ੍ਰਭਾਵਿਤ ਕੀਤਾ ਹੈ, ਜਿੱਥੇ ਕਈ ਫ਼ਸਲਾਂ ਅਤੇ ਘਰ ਨੁਕਸਾਨੇ ਗਏ ਹਨ।