ਗਰਮ ਮਾਹੌਲ ਦਰਮਿਆਨ ਸ੍ਰੀ ਦਰਬਾਰ ਸਾਹਿਬ ‘ਚ ਮਨਾਇਆ ਘੱਲੂਘਾਰਾ ਦਿਵਸ, ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਲੱਗੇ ਨਾਅਰੇ, ਲਹਿਰਾਈਆਂ ਤਲਵਾਰਾਂ

ਟੀਵੀ ਪੰਜਾਬ ਬਿਊਰੋ-ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਹਮਲੇ ਦੀ ਯਾਦ ਵਿਚ ਘੱਲੂਘਾਰਾ ਦਿਵਸ ਹਰ ਸਾਲ 6 ਜੂਨ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਪੜ੍ਹਿਆ ਗਿਆ ਸੰਦੇਸ਼ ਦੁਨੀਆ ਭਰ ਵਿੱਚ ਵੱਸਦਾ ਹਰ ਸਿੱਖ ਬੜੇ ਧਿਆਨ ਦੇ ਨਾਲ ਸੁਣਦਾ ਹੈ।

ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਵੱਲੋਂ ਸਨਮਾਨਿਤ ਕੀਤਾ ਗਿਆ। ਜਿਉਂ ਹੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਂ ਸੰਦੇਸ਼ ਜਾਰੀ ਕਰਨ ਲੱਗੇ ਤਾਂ ਉਸ ਵੇਲੇ ਦਲ ਖਾਲਸਾ, ਅਕਾਲੀ ਦਲ ਅੰਮ੍ਰਿਤਸਰ ਤੇ ਸਰਬਤ ਖਾਲਸਾ ਦੇ ਮੈਂਬਰਾਂ ਨੇ ਖਾਲਿਸਤਾਨ ਜ਼ਿੰਦਾਬਾਦ ਦੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਜਦੋਂ ਤਕ ਜਥੇਦਾਰ ਅਕਾਲ ਤਖ਼ਤ ‘ਤੇ ਆਪਣਾ ਸੰਦੇਸ਼ ਦਿੰਦੇ ਰਹੇ, ਉਦੋਂ ਤਕ ਕੰਪਲੈਕਸ ਵਿਚ ਨਾਅਰੇਬਾਜ਼ੀ ਹੁੰਦੀ ਰਹੀ। ਕਈ ਗਰਮ ਖ਼ਿਆਲੀਆਂ ਦੇ ਹੱਥਾਂ ‘ਚ ‘ਖ਼ਾਲਿਸਤਾਨ ਜ਼ਿੰਦਾਬਾਦ’ ਤੇ ‘ਖ਼ਾਲਿਸਤਾਨ ਸਾਡਾ ਹੱਕ ਹੈ’ ਲਿਖੇ ਬੈਨਰ ਨਜ਼ਰ ਆਏ ਹਨ। ਸੰਤ ਭਿੰਡਰਾਂਵਾਲੇ ਦੇ ਪੋਸਟਰ ਲਹਿਰਾਏ ਗਏ ਅਤੇ ਖ਼ਾਲਿਸਤਾਨ ਦੇ ਝੰਡੇ ਤੇ ਤਲਵਾਰਾਂ ਵੀ ਲਹਿਰਾਈਆਂ ਗਈਆ

ਇਸ ਤੋਂ ਬਾਅਦ ਸਰਬਤ ਖਾਲਸਾ ਦੇ ਜਥੇਦਾਰ ਧਿਆਨ ਸਿੰਘ ਮੰਡ ਨੇ ਸ਼ਹੀਦੀ ਯਾਦਗਾਰ ਗੁਰਦੁਆਰਾ ਕੋਲ ਜਿਵੇਂ ਹੀ ਕੌਮ ਦੇ ਨਾਂ ਸੰਦੇਸ਼ ਦੇਣਾ ਸ਼ੁਰੂ ਕੀਤਾ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਕੀਰਤਨ ਦੀ ਆਵਾਜ਼ ਤੇਜ਼ ਕਰ ਦਿੱਤੀ ਗਈ। ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਆਪਣੇ ਪੁੱਤਰ ਤੇ ਵੱਡੀ ਗਿਣਤੀ ‘ਚ ਵਰਕਰਾਂ ਦੇ ਨਾਲ ਸ੍ਰੀ ਅਕਾਲ ਤਖ਼ਤ ਤਕ ਪਹੁੰਚੇ। ਉਨ੍ਹਾਂ ਨੇ ਵੀ ਜਿਵੇਂ ਹੀ ਪੰਥ ਦੇ ਨਾਂ ਸੰਦੇਸ਼ ਸ਼ੁਰੂ ਕੀਤਾ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਗੁਰਬਾਣੀ ਕੀਰਤਨ ਦੀ ਆਵਾਜ਼ ਤੇਜ਼ ਕਰ ਦਿੱਤੀ ਗਈ।

ਇਸ ਦਿਹਾੜੇ ਨੂੰ ਮਨਾਉਣ ਮੌਕੇ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਵੱਡੀ ਤਾਦਾਦ ‘ਚ ਸਾਦੇ ਕੱਪੜਿਆਂ ਵਿਚ ਸੁਰੱਖਿਆ ਅਮਲਾ ਲਗਾਇਆ ਜਾਂਦਾ ਹੈ। ਸਮਾਗਮ ‘ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਸਮੇਤ ਬਹੁਤ ਸਾਰੀਆਂ ਜਥੇਬੰਦੀਆਂ ਦੇ ਆਗੂ ਸ਼ਾਮਲ ਹੋਏ। ਸਾਕਾ ਨੀਲਾ ਤਾਰਾ ਦੀ ਬਰਸੀ ‘ਤੇ ਲਾਲ ਕਿਲ੍ਹਾ ਹਿੰਸਾ ਦਾ ਮੁਲਜ਼ਮ ਪੰਜਾਬੀ ਗਾਇਕ ਦੀਪ ਸਿੱਧੂ ਤੇ ਡਾ. ਸੁਖਪ੍ਰੀਤ ਉਧੂਕੇ ਨੇ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਹਾਜਰੀ ਲਗਵਾਈ।