ਸੰਜੂ ਸੈਮਸਨ ਦੀ ਕਪਤਾਨੀ ਪਾਰੀ ਬੇਕਾਰ, ਰਾਜਸਥਾਨ ਨੂੰ ਹਰਾ ਕੇ ਦਿੱਲੀ ਨੇ ਪਲੇਆਫ ਦੀਆਂ ਉਮੀਦਾਂ ਨੂੰ ਰੱਖਿਆ ਬਰਕਰਾਰ

Delhi Capitals vs Rajasthan Royals 56th Match: ਆਖਰੀ ਓਵਰਾਂ ਵਿੱਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ, ਦਿੱਲੀ ਕੈਪੀਟਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL) 2024 ਦੇ 56ਵੇਂ ਮੈਚ ਵਿੱਚ ਰਾਜਸਥਾਨ ਰਾਇਲਜ਼ ਨੂੰ 20 ਦੌੜਾਂ ਨਾਲ ਹਰਾਇਆ। ਜਿੱਤ ਤੋਂ ਬਾਅਦ ਦਿੱਲੀ ਨੇ ਆਈਪੀਐਲ 2024 ਦੇ ਪਲੇਆਫ ਵਿੱਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਨੂੰ ਜ਼ਿੰਦਾ ਰੱਖਿਆ ਹੈ। ਅਰੁਣ ਜੇਤਲੀ ਸਟੇਡੀਅਮ ‘ਚ ਹੋਏ ਇਸ ਮੈਚ ‘ਚ ਮੇਜ਼ਬਾਨ ਦਿੱਲੀ ਕੈਪੀਟਲਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 8 ਵਿਕਟਾਂ ‘ਤੇ 221 ਦੌੜਾਂ ਬਣਾਈਆਂ ਅਤੇ ਫਿਰ ਰਾਜਸਥਾਨ ਨੂੰ 20 ਓਵਰਾਂ ‘ਚ 8 ਵਿਕਟਾਂ ‘ਤੇ 201 ਦੌੜਾਂ ‘ਤੇ ਰੋਕ ਦਿੱਤਾ। ਇਸ ਜਿੱਤ ਨਾਲ ਦਿੱਲੀ ਨੇ ਇਸ ਸੈਸ਼ਨ ਦੇ ਆਖਰੀ ਮੈਚ ‘ਚ ਰਾਜਸਥਾਨ ਤੋਂ ਮਿਲੀ ਹਾਰ ਦਾ ਬਦਲਾ ਵੀ ਲੈ ਲਿਆ।

ਦਿੱਲੀ ਵੱਲੋਂ ਦਿੱਤੇ 222 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਰਾਜਸਥਾਨ ਰਾਇਲਜ਼ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਟੀਮ ਨੇ ਚਾਰ ਦੌੜਾਂ ਦੇ ਸਕੋਰ ’ਤੇ ਯਸ਼ਸਵੀ ਜੈਸਵਾਲ (4) ਦੇ ਰੂਪ ਵਿੱਚ ਆਪਣਾ ਪਹਿਲਾ ਵਿਕਟ ਗਵਾ ਦਿੱਤਾ। ਇਸ ਤੋਂ ਬਾਅਦ ਕਪਤਾਨ ਸੰਜੂ ਸੈਮਸਨ (86) ਨੇ ਜੋਸ ਬਟਲਰ (19) ਨਾਲ ਦੂਜੀ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਨੂੰ ਮਜ਼ਬੂਤ ​​ਕੀਤਾ। ਇਸ ਤੋਂ ਬਾਅਦ ਮੁਕੇਸ਼ ਕੁਮਾਨ ਨੇ ਜੋਸ ਬਟਲਰ ਨੂੰ ਲਗਭਗ ਆਪਣੇ ਜਾਲ ਵਿੱਚ ਫਸਾ ਲਿਆ ਸੀ ਜਦੋਂ ਸਟੱਬਸ ਨੇ ਬਟਲਰ ਦਾ ਕੈਚ ਛੱਡਿਆ। ਅੱਠ ਦੌੜਾਂ ਦੇ ਸਕੋਰ ‘ਤੇ ਜੀਵਨ ਦਾਨ ਮਿਲਣ ਤੋਂ ਬਾਅਦ ਵੀ ਬਟਲਰ ਇਸ ਦਾ ਫਾਇਦਾ ਨਹੀਂ ਉਠਾ ਸਕਿਆ ਅਤੇ 67 ਦੇ ਸਕੋਰ ‘ਤੇ ਟੀਮ ਦੇ ਦੂਜੇ ਬੱਲੇਬਾਜ਼ ਵਜੋਂ ਆਊਟ ਹੋ ਗਿਆ।

ਬਟਲਰ ਦੇ ਆਊਟ ਹੋਣ ਤੋਂ ਬਾਅਦ ਸੰਜੂ ਨੇ ਰਿਆਨ ਪਰਾਗ (27) ਨਾਲ ਤੀਜੇ ਵਿਕਟ ਲਈ 36 ਦੌੜਾਂ ਅਤੇ ਫਿਰ ਸ਼ੁਭਮ ਦੂਬੇ (25) ਦੇ ਨਾਲ ਚੌਥੀ ਵਿਕਟ ਲਈ 59 ਦੌੜਾਂ ਦੀ ਸਾਂਝੇਦਾਰੀ ਕਰਕੇ ਰਾਜਸਥਾਨ ਨੂੰ ਮੈਚ ‘ਚ ਬਰਕਰਾਰ ਰੱਖਿਆ। ਰਾਜਸਥਾਨ ਨੂੰ ਜਿੱਤ ਲਈ ਆਖਰੀ 5 ਓਵਰਾਂ ‘ਚ 63 ਦੌੜਾਂ ਦੀ ਲੋੜ ਸੀ ਅਤੇ ਫਿਰ ਅਗਲੇ ਹੀ ਓਵਰ ‘ਚ ਕਪਤਾਨ ਸੰਜੂ ਸੈਮਸਨ ਬਾਊਂਡਰੀ ‘ਤੇ ਕੈਚ ਆਊਟ ਹੋ ਗਏ। ਸੰਜੂ ਨੂੰ ਲਾਂਗ ਆਨ ਫੀਲਡਰ ਸ਼ਾਈ ਹੋਪ ਨੇ ਖੱਬੇ ਪਾਸੇ ਜਾ ਕੇ ਬਾਊਂਡਰੀ ਦੇ ਕੋਲ ਸ਼ਾਨਦਾਰ ਕੈਚ ਲਿਆ।। ਸੈਮਸਨ ਨੇ 46 ਗੇਂਦਾਂ ਵਿੱਚ ਅੱਠ ਚੌਕਿਆਂ ਅਤੇ ਛੇ ਛੱਕਿਆਂ ਦੀ ਮਦਦ ਨਾਲ 86 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਸੰਜੂ ਦੇ ਆਊਟ ਹੋਣ ਤੋਂ ਬਾਅਦ ਰਾਜਸਥਾਨ ਨੂੰ ਜਿੱਤ ਲਈ 24 ਗੇਂਦਾਂ ‘ਚ 52 ਦੌੜਾਂ ਦੀ ਲੋੜ ਸੀ ਅਤੇ ਦੂਬੇ ਨੇ 16ਵੇਂ ਅਤੇ ਫਿਰ 17ਵੇਂ ਓਵਰ ‘ਚ ਕੁਝ ਚੰਗੇ ਸ਼ਾਟ ਲਗਾ ਕੇ ਟੀਮ ਨੂੰ ਮੁਕਾਬਲੇ ‘ਚ ਬਣਾਈ ਰੱਖਿਆ। ਪਰ ਖਲੀਲ ਨੇ ਚੌਥੀ ਗੇਂਦ ‘ਤੇ ਸ਼ੁਭਮ ਦੂਬੇ ਨੂੰ ਕੈਚ ਆਊਟ ਕਰਵਾ ਕੇ ਰਾਜਸਥਾਨ ਨੂੰ ਫਿਰ ਵੱਡਾ ਝਟਕਾ ਦਿੱਤਾ। ਦੂਬੇ ਨੇ 12 ਗੇਂਦਾਂ ‘ਚ ਦੋ ਚੌਕਿਆਂ ਤੇ ਛੱਕਿਆਂ ਦੀ ਮਦਦ ਨਾਲ 25 ਦੌੜਾਂ ਬਣਾਈਆਂ।

ਮੈਚ ਦੇ 18ਵੇਂ ਓਵਰ ਵਿੱਚ ਆਉਂਦੇ ਹੋਏ ਕੁਲਦੀਪ ਯਾਦਵ ਨੇ ਰਾਜਸਥਾਨ ਨੂੰ ਪਹਿਲੀ ਹੀ ਗੇਂਦ ਉੱਤੇ ਐਲਬੀਡਬਲਯੂ ਡੋਨੋਵਨ ਫਰੇਰਾ (1) ਅਤੇ ਫਿਰ ਆਖਰੀ ਗੇਂਦ ਉੱਤੇ ਰਵੀਚੰਦਰਨ ਅਸ਼ਵਿਨ (2) ਨੂੰ ਆਊਟ ਕਰ ਕੇ ਦੋਹਰਾ ਝਟਕਾ ਦਿੱਤਾ। ਆਖਰੀ ਦੋ ਓਵਰਾਂ ‘ਚ ਰਾਜਸਥਾਨ ਨੂੰ ਜਿੱਤ ਲਈ 37 ਦੌੜਾਂ ਬਣਾਉਣੀਆਂ ਸਨ ਅਤੇ ਪੂਰੇ ਓਵਰ ਖੇਡਣ ਤੋਂ ਬਾਅਦ ਵੀ ਟੀਮ 8 ਵਿਕਟਾਂ ‘ਤੇ 2021 ਦੌੜਾਂ ਹੀ ਬਣਾ ਸਕੀ।

ਦਿੱਲੀ ਕੈਪੀਟਲਜ਼ ਲਈ ਕੁਲਦੀਪ ਯਾਦਵ, ਮੁਕੇਸ਼ ਯਾਦਵ ਅਤੇ ਖਲੀਲ ਅਹਿਮਦ ਨੇ ਦੋ-ਦੋ ਵਿਕਟਾਂ ਲਈਆਂ ਜਦਕਿ ਰਸਿਖ ਸਲਾਮ ਨੂੰ ਇਕ ਸਫਲਤਾ ਮਿਲੀ।