ਟਰੂਡੋ ਨੇ ਸੁਪਰੀਮ ਕੋਰਟ ਦੇ ਜੱਜ ਲਈ ਮੈਰੀ ਮੋਰਓ ਨੂੰ ਕੀਤਾ ਨਾਮਜ਼ਦ

Ottawa- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੁਪਰੀਮ ਕੋਰਟ ਦੇ 148 ਸਾਲਾਂ ਦੇ ਇਤਿਹਾਸ ’ਚ ਪਹਿਲੀ ਬਹੁ-ਗਿਣਤੀ-ਮਹਿਲਾ ਬੈਂਚ ਦੀ ਸਥਾਪਨਾ ਕਰਦੇ ਹੋਏ, ਕੈਨੇਡਾ ਦੀ ਸਰਵਉੱਚ ਅਦਾਲਤ ਲਈ ਅਲਬਰਟਾ ਦੀ ਜੱਜ ਮੈਰੀ ਮੋਰੇਓ ਨੂੰ ਨਾਮਜ਼ਦ ਕੀਤਾ ਹੈ।
ਮੋਰੇਓ ਦੇ ਨਾਮਜ਼ਦਗੀ ਨਾਲ ਕੈਨੇਡਾ ਦੀ ਸਿਖਰਲੀ ਅਦਾਲਤ ਨੂੰ ਪੰਜ ਮਹਿਲਾ ਜੱਜ ਅਤੇ ਚਾਰ ਪੁਰਸ਼ ਜੱਜ ਮਿਲਣਗੇ। ਮੋਰੇਓ ਹਾਲ ਹੀ ’ਚ ਅਲਬਰਟਾ ਦੀ ਉੱਚ ਅਦਾਲਤ ਦੇ ਮੁੱਖ ਜੱਜ ਸਨ, ਅਤੇ ਉਨ੍ਹਾਂ ਨੇ 29 ਸਾਲਾਂ ਤੋਂ ਉਸ ਅਦਾਲਤ ’ਚ ਕੰਮ ਕੀਤਾ ਹੈ। ਜੂਨ ’ਚ ਰਸੇਲ ਬ੍ਰਾਊਨ ਦੇ ਅਸਤੀਫ਼ੇ ਤੋਂ ਬਾਅਦ ਸੁਪਰੀਮ ਕੋਰਟ ’ਚ ਬਣੀ ਖ਼ਾਲੀ ਥਾਂ ਨੂੰ ਹੁਣ ਉਹ ਭਰਨਗੇ।
ਅਲਬਰਟਾ ਦੇ ਐਡਮੰਟਨ ਜਨਮੀ ਮੋਰੇਓ ਨੇ ਅਲਬਰਟਾ ਯੂਨੀਵਰਸਿਟੀ ਅਤੇ ਕਿਊਬਿਕ ’ਚ ਯੂਨੀਵਰਸਿਟੀ ਡੀ ਸ਼ੇਰਬਰੂਕ ’ਚ ਪੜ੍ਹਾਈ ਕਰਨ ਤੋਂ ਬਾਅਦ ਫੌਜਦਾਰੀ ਕਾਨੂੰਨ, ਸੰਵਿਧਾਨਕ ਕਾਨੂੰਨ ਅਤੇ ਸਿਵਲ ਮੁਕੱਦਮੇ ਦਾ ਅਭਿਆਸ ਕੀਤਾ ਹੈ।
ਮੋਰੇਓ ਦੀ ਨਾਮਜ਼ਦਗੀ ਦੇ ਫ਼ੈਸਲੇ ਦੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਨਿਆਂ ਮੰਤਰੀ ਆਰਿਫ਼ ਵਿਰਾਨੀ ਨੇ ਕਿਹਾ ਕਿ ਇਸ ਮੋਰੇਓ ਦੀ ਨਿਯੁਕਤੀ ਨਾਲ ਕੈਨੇਡੀਅਨ ਇਤਿਹਾਸ ’ਚ ਪਹਿਲੀ ਵਾਰ ਸਰਬਉੱਚ ਅਦਾਲਤ ਬੈਂਚ ’ਚ ਔਰਤਾਂ ਨੂੰ ਬਹੁਮਤ ਮਿਲੇਗਾ।
ਟਰੂਡੋ ਨੇ ਆਪਣੀਆਂ ਹਾਲੀਆ ਨਿਯੁਕਤੀਆਂ ਨਾਲ ਕੈਨੇਡਾ ਦੀ ਸਿਖਰਲੀ ਅਦਾਲਤ ਨੂੰ ਹੋਰ ਵਿਵਿਧ ਬਣਾਇਆ ਹੈ। ਜੂਨ 2021 ’ਚ, ਮਹਿਮੂਦ ਜਮਾਲ ਸੁਪਰੀਮ ਕੋਰਟ ’ਚ ਬੈਠਣ ਵਾਲੇ ਪਹਿਲੇ ਆਫ਼ ਕਲਰ ਜੱਜ ਬਣੇ ਸਨ। ਇਸ ਤੋਂ ਇੱਕ ਸਾਲ ਬਾਅਦ ਮਿਸ਼ੇਲ ਓ’ਬੋਂਸਾਵਿਨ ਇਸ ’ਚ ਸ਼ਾਮਲ ਹੋਣ ਵਾਲੀ ਪਹਿਲੇ ਸਵਦੇਸ਼ੀ ਵਿਅਕਤੀ ਬਣੇ ਸਨ।
ਉੱਧਰ ਆਪਣੇ ਇਸ ਫ਼ੈਸਲੇ ਲੈ ਕੇ ਟਵੀਟ ਕਰਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਆਪਣੇ ਪ੍ਰਭਾਵਸ਼ਾਲੀ ਨਿਆਂਇਕ ਕਰੀਅਰ ਦੌਰਾਨ, ਮੈਰੀ ਟੀ ਮੋਰੇਓ ਨਿਰਪੱਖਤਾ ਅਤੇ ਉੱਤਮਤਾ ਲਈ ਸਮਰਪਿਤ ਰਹੇ ਹਨ। ਇਸ ਲਈ ਅੱਜ ਮੈਂ ਕੈਨੇਡਾ ਦੀ ਸੁਪਰੀਮ ਕੋਰਟ ਲਈ ਉਸਦੀ ਨਾਮਜ਼ਦਗੀ ਦਾ ਐਲਾਨ ਕਰ ਰਿਹਾ ਹਾਂ।
ਪ੍ਰਧਾਨ ਮੰਤਰੀ ਦਫ਼ਤਰ ਦੇ ਇੱਕ ਬਿਆਨ ਅਨੁਸਾਰ, ਯੋਗ ਉਮੀਦਵਾਰਾਂ ਨੂੰ ਇੱਕ ਸੁਤੰਤਰ, ਗੈਰ-ਪੱਖਪਾਤੀ ਸਲਾਹਕਾਰ ਬੋਰਡ ਦੁਆਰਾ ਸ਼ਾਰਟਲਿਸਟ ਕੀਤਾ ਗਿਆ ਸੀ ਅਤੇ ਟਰੂਡੋ ਨੂੰ ਸੌਂਪਿਆ ਗਿਆ ਸੀ। ਉਮੀਦਵਾਰਾਂ ਦੇ ਕੋਲ ਸਰਕਾਰੀ ਭਾਸ਼ਾਵਾਂ, ਅੰਗਰੇਜ਼ੀ ਅਤੇ ਫਰੈਂਚ ਦੋਹਾਂ ’ਚ ਕੰਮ ਕਰਨ ਦੀ ਯੋਗਤਾ ਹੋਣੀ ਚਾਹੀਦੀ ਹੈ।