ਕੈਨੇਡੀਅਨਾਂ ਦੇ ਬਟੂਏ ’ਤੇ ਪਿਆ ਆਰਥਿਕ ਮੰਦੀ ਦਾ ਬੋਝ!

Ottawa- ਨੈਸ਼ਨਲ ਪੇਰੋਲ ਇੰਸਟੀਚਿਊਟ ਦੁਆਰਾ ਕੀਤੇ ਗਏ ਇੱਕ ਸਰਵੇਖਣ ਅਨੁਸਾਰ, ਕੈਨੇਡੀਅਨ ਮਹਿੰਗਾਈ, ਵਿਆਜ ਦਰਾਂ ਅਤੇ ਰਹਿਣ-ਸਹਿਣ ਦੀ ਲਾਗਤ ਕਾਰਨ ਆਪਣੇ ਬਟੂਏ ’ਤੇ ਲਗਾਤਾਰ ਦਬਾਅ ਮਹਿਸੂਸ ਕਰ ਰਹੇ ਹਨ, ਜਿਸ ਕਾਰਨ ‘ਤਿੱਖੀ ਵਿੱਤੀ ਤਣਾਅ ਵਾਲਾ ਤੂਫਾਨ’ ਪੈਦਾ ਹੋ ਰਿਹਾ ਹੈ।
1,500 ਕੰਮ ਕਰਨ ਵਾਲੇ ਕੈਨੇਡੀਅਨਾਂ ਦੇ ਸਰਵੇਖਣ, ਜਿਨ੍ਹਾਂ ਵਿੱਚ 81 ਪ੍ਰਤੀਸ਼ਤ ਫੁੱਲ-ਟਾਈਮ ਕਾਮੇ ਸ਼ਾਮਿਲ ਸਨ, ’ਚ ਇਹ ਗੱਲ ਸਾਹਮਣੇ ਆਈ ਕਿ ਆਪਣੇ ਆਪ ਨੂੰ ਵਿੱਤੀ ਤੌਰ ’ਤੇ ਤਣਾਅਗ੍ਰਸਤ ਮੰਨਣ ਵਾਲੇ ਲੋਕਾਂ ਦੀ ਗਿਣਤੀ ਪਿਛਲੇ ਸਾਲ 20 ਪ੍ਰਤੀਸ਼ਤ ਵਧ ਕੇ ਕੁੱਲ ਮਿਲਾ ਕੇ 37 ਪ੍ਰਤੀਸ਼ਤ ਹੋ ਗਈ ਹੈ।
ਐਨ. ਪੀ. ਆਈ. ਦੇ ਪ੍ਰਧਾਨ ਪੀਟਰ ਜ਼ਾਨੇਟਾਕਿਸ ਦੇ ਅਨੁਸਾਰ, ਸੰਗਠਨ ਨੇ 2014 ਤੋਂ ਸਰਵੇਖਣ ਕੀਤੇ ਹਨ ਅਤੇ ਪਾਇਆ ਹੈ ਕਿ ਕਰਜ਼ੇ ਨੂੰ ਘਟਾਉਣਾ, ਵਧੇਰੇ ਬੱਚਤ ਕਰਨਾ ਅਤੇ ਘੱਟ ਖਰਚ ਕਰਨਾ ਇਹ ਨਿਰਧਾਰਤ ਕਰਨ ’ਚ ਮਦਦ ਕਰਦਾ ਹੈ ਕਿ ਕੀ ਵਿਅਕਤੀ ਜਾਂ ਤਾਂ ਵਿੱਤੀ ਤੌਰ ’ਤੇ ਅਰਾਮਦਾਇਕ, ਸਹਿਣਸ਼ੀਲ ਜਾਂ ਤਣਾਅ ਵਿੱਚ ਹਨ।
ਉਨ੍ਹਾਂ ਇੱਕ ਇੰਟਰਵਿਊ ’ਚ ਕਿਹਾ, ‘‘ਇੱਥੇ ਇੱਕ ਵਿੱਤੀ ਤੂਫਾਨ ਪੈਦਾ ਹੋ ਰਿਹਾ ਹੈ ਅਤੇ ਪਿਛਲੇ ਸਾਲ ਇਸ ’ਚ ਅਸਲ ’ਚ ਬਹੁਤ ਤਾਕਤ ਆਈ ਹੈ।’’ ਐਨ. ਪੀ. ਆਈ. ਰਿਪੋਰਟ ਸੁਝਾਅ ਦਿੰਦੀ ਹੈ ਕਿ ਪਿਛਲੇ 10 ਸਾਲਾਂ ਦੇ ਕਿਸੇ ਵੀ ਸਮੇਂ ਨਾਲੋਂ ਹੁਣ ਪੈਸੇ ਦੀ ਬਚਤ ਕਰਨਾ ਵਧੇਰੇ ਮੁਸ਼ਕਲ ਹੈ ਅਤੇ ਸਰਵੇਖਣ ’ਚ ਸ਼ਾਮਿਲ 66 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਆਪਣੇ-ਆਪ ਨੂੰ ਵਿੱਤੀ ਤੌਰ ’ਤੇ ਤਣਾਅਗ੍ਰਸਤ ਮੰਨਦੇ ਹਨ, ਤਨਖਾਹਾਂ ਦੇ ਹਿਸਾਬ ਨਾਲ ਜੀਵਨ ਬਤੀਤ ਕਰ ਰਹੇ ਹਨ, ਜਦਕਿ 50 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਆਪਣੇ-ਆਪ ਨੂੰ ਕਰਜ਼ੇ ਦੁਆਰਾ ਦੱਬੇ ਹੋਏ ਮਹਿਸੂਸ ਕਰ ਰਹੇ ਹਨ।