ਕਿਸਾਨਾ ਦੀ ਚਿਤਾਵਨੀ ਤੋਂ ਬਾਅਦ ਸੀ.ਐੱਮ ਮਾਨ ਨੇ ਸੱਦੇ ਕਿਸਾਨ ਨੇਤਾ

ਚੰਡੀਗੜ੍ਹ- ਕਿਸਾਨਾ ਦੇ ਚੰਡੀਗੜ੍ਹ-ਮੁਹਾਲੀ ਬਾਰਡਰ ‘ਤੇ ਪੱਕੇ ਧਰਨੇ ਦੇ 22 ਘੰਟਿਆਂ ਬਾਅਦ ਆਖਿਰਕਾਰ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਸਾਨਾ ਦੀ ਯਾਦ ਆ ਗਈ ਹੈ ।ਕਿਸਾਨਾ ਦੇ ਧਰਨੇ ਵਿਚਕਾਰ ਮੁੱਖ ਮੰਤਰੀ ਦੇ ਬਿਆਨ ਅਤੇ ਕਿਸਾਨਾ ਨਾਲ ਕੋਈ ਢੁੱਕਵੀਂ ਗੱਲ ਨਾ ਨਕਰਨ ਤੋਂ ਬਾਅਦ ਕਿਸਾਨ ਰੋਸ ਚ ਸਨ ।ਚੰਡੀਗੜ੍ਹ ਬਾਰਡਰ ਨੂੰ ਸਿੰਘੂ ਬਣਦਿਆਂ ਵੇਖ ਹੁਣ ਮੁੱਖ ਮੰਤਰੀ ਨੇ ਕਿਸਾਨ ਨੇਤਾਵਾਂ ਨੂੰ ਸੁਨੇਹਾ ਭੇਜਿਆ ਹੈ ।

ਕਿਸਾਨ ਨੇਤਾ ਹਰਿੰਦਰ ਲੱਖੋਵਾਲ ਮੁਤਾਬਿਕ ਮੁੱਖ ਮੰਤਰੀ ਵਲੋਂ ਕਿਸਾਨਾ ਨੂੰ ਬੈਠਕ ਲਈ ਸੱਦਾ ਭੇਜ ਦਿੱਤਾ ਗਿਆ ਹੈ ।ਕੈਬਨਿਟ ਬੈਠਕ ਤੋਂ ਬਾਅਦ ਕਰੀਬ 12 ਵਜੇ ਕਿਸਾਨਾ ਦੀ ਸਰਕਾਰ ਨਾਲ ਬੈਠਕ ਹੋਣ ਜਾ ਰਹੀ ਹੈ ।ਕਿਸਾਨਾ ਨੇ ਚਿਤਾਵਨੀ ਦਿੱਤੀ ਸੀ ਕਿ ਜੇਕਰ 24 ਘੰਟਿਆਂ ਦੇ ਅੰਦਰ ਜੇਕਰ ਸਰਕਾਰ ਨੇ ਕੋਈ ਗੱਲਬਾਤ ਨਾ ਕੀਤੀ ਤਾਂ ਕਿਸਾਨ ਬੈਰੀਕੇਡ ਤੋੜ ਕੇ ਚੰਡੀਗੜ੍ਹ ਦੇ ਅੰਦਰ ਪ੍ਰਵੇਸ਼ ਕਰ ਜਾਣਗੇ ।

ਕਿਸਾਨ ਆਪਣੇ ਸੰਘਰਸ਼ ਦੀ ਰੂਪਰੇਖਾ ਨੂੰ ਲੈ ਕੇ ਵਚਨਬੱਧ ਅਤੇ ਤਿਆਰ ਹਨ ।ਹੁਣ ਸਾਰੀ ਸਥਿਤੀ ਸੀ.ਐੱਮ ਨਾਲ ਬੈਠਕ ਤੋਂ ਬਾਅਦ ਤੈਅ ਹੋਵੇਗੀ ।