CANADA: ਬੀਸੀ ਦੇ ਇਮੀਗ੍ਰੇਸ਼ਨ ਪ੍ਰੋਗਰਾਮ ਵਿਚ ਤਬਦੀਲੀ ਕੁਝ ਡੇਅਕੇਅਰ ਵਰਕਰਾਂ ਲਈ ਚਿੰਤਾ ਦਾ ਕਾਰਨ ਬਣ ਰਹੀ ਹੈ। ਅਕਾਸ਼ ਕੌਰ ਬੀਸੀ ਦੇ ਨਨਾਇਮੋ ਵਿਚ ਇੱਕ ਡੇਅਕੇਅਰ ਵਿਚ ਕੰਮ ਕਰਦੀ ਹੈ ਅਤੇ ਉਹ ਸੂਬਾ ਸਰਕਾਰ ਦੇ ਹਾਲੀਆ ਫੈਸਲੇ ਤੋਂ ਨਾਖ਼ੁਸ਼ ਹੈ। ਉਹ ਕਹਿੰਦੀ ਹੈ ਕਿ ਸੂਬੇ ਦੇ ਪ੍ਰੋਵਿੰਸ਼ੀਅਲ ਨੌਮਿਨੀ ਪ੍ਰੋਗਰਾਮ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਕਾਰਨ, ਹੁਣ ਜੋ ਨੌਕਰੀ ਉਹ ਕਰਦੀ ਹੈ, ਉਸ ਦੇ ਲਈ ਪਰਮਾਨੈਂਟ ਰੈਜ਼ੀਡੈਂਸੀ ਦਾ ਰਾਹ ਬੰਦ ਹੋ ਗਿਆ ਹੈ। ਅਕਾਸ਼ ਕੌਰ ਟਾਇਨੀ ਹੌਪਰਜ਼ ਡੇਅਕੇਅਰ ਵਿੱਚ ਅਰਲੀ ਚਾਈਲਡਹੁੱਡ ਐਜੂਕੇਸ਼ਨ ਅਸਿਸਟੈਂਟ ਹੈ। ਉਸਦਾ ਕਹਿਣਾ ਹੈ ਕਿ ਅਸਿਸਟੈਂਟ ਵਰਕਰ ਡੇਅਕੇਅਰ ਸਿਸਟਮ ਦਾ ਬਹੁਤ ਜ਼ਰੂਰੀ ਹਿੱਸਾ ਹਨ ਅਤੇ ਇਨ੍ਹਾਂ ਤੋਂ ਬਿਨਾਂ ਕਈ ਡੇਅਕੇਅਰ ਸੈਂਟਰ ਚਲਾਉਣੇ ਮੁਸ਼ਕਲ ਹੋ ਜਾਣਗੇ। ਡੇਅਕੇਅਰ ਸਿਸਟਮ ਵਿਚ ਵਰਕਰਾਂ ਦੀ ਪਹਿਲਾਂ ਹੀ ਬਹੁਤ ਘਾਟ ਹੈ, ਪਰ ਜੇ ਸਰਕਾਰ ਇਸ ਤਰ੍ਹਾਂ ਦੇ ਫੈਸਲੇ ਕਰਦੀ ਰਹੀ ਤਾਂ ਘੱਟ ਲੋਕ ਇਸ ਖੇਤਰ ਵਿੱਚ ਆਉਣਗੇ। ਪੀਐੱਨਪੀ ਇੱਕ ਜਿਹਾ ਇਮੀਗ੍ਰੇਸ਼ਨ ਪ੍ਰੋਗਰਾਮ ਹੈ ਜਿਸ ਰਾਹੀਂ ਹਰ ਸੂਬਾ ਉਹਨਾਂ ਨੌਕਰੀਆਂ ਲਈ ਪਰਵਾਸੀ ਲੋਕਾਂ ਨੂੰ ਚੁਣਦਾ ਹੈ, ਜਿੱਥੇ ਕਾਮਿਆਂ ਦੀ ਘਾਟ ਹੁੰਦੀ ਹੈ। ਇਸ ਦੇ ਲਈ ਲੋਕਾਂ ਦੀ ਪੜ੍ਹਾਈ, ਤਜਰਬਾ ਅਤੇ ਹੁਨਰ ਦੇਖੇ ਜਾਂਦੇ ਹਨ। ਹਰ ਸੂਬੇ ਦੇ ਆਪਣੇ ਨਿਯਮ ਹੁੰਦੇ ਹਨ ਅਤੇ ਹਰ ਸਾਲ ਇੱਕ ਨਿਸ਼ਚਿਤ ਗਿਣਤੀ ਵਿੱਚ ਲੋਕਾਂ ਨੂੰ ਨਾਮਜ਼ਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਬੀਸੀ ਸਰਕਾਰ ਨੇ ਉਹਨਾਂ ਨੌਕਰੀਆਂ ਦੀ ਲਿਸਟ ਬਦਲੀ ਹੈ, ਜਿਨ੍ਹਾਂ ਨੂੰ ਵੱਧ ਤਰਜੀਹ ਦਿੱਤੀ ਜਾ ਰਹੀ ਹੈ।

ਅਰਲੀ ਚਾਈਲਡਹੁੱਡ ਐਜੂਕੇਟਰਜ਼ ਅਜੇ ਵੀ ਇਸ ਲਿਸਟ ਵਿੱਚ ਹਨ, ਪਰ ਐਜੂਕੇਸ਼ਨ ਅਸਿਸਟੈਂਟ ਨੂੰ ਹੁਣ ਇਸ ਵਿੱਚੋਂ ਕੱਢ ਦਿੱਤਾ ਗਿਆ ਹੈ। ਅਕਾਸ਼ ਕੌਰ ਨੇ ਦੱਸਿਆ ਕਿ ਉਹ 2020 ਵਿੱਚ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਕੈਨੇਡਾ ਆਈ ਸੀ। ਜਦੋਂ ਉਸ ਨੂੰ ਪਤਾ ਲੱਗਿਆ ਕਿ ਅਰਲੀ ਚਾਈਲਡਹੁੱਡ ਐਜੂਕੇਸ਼ਨ ਅਸਿਸਟੈਂਟ ਦੀ ਨੌਕਰੀ ਪੀਐੱਨਪੀ ਵਿੱਚ ਸ਼ਾਮਲ ਹੈ, ਤਾਂ ਉਸ ਨੇ ਇਹ ਕੋਰਸ ਕੀਤਾ ਤਾਂ ਜੋ ਇਸ ਰਾਹੀਂ ਉਹ ਪੀਆਰ ਹਾਸਲ ਕਰ ਸਕੇ। ਉਸਦਾ ਵਰਕ ਪਰਮਿਟ ਅਗਲੇ ਸਾਲ ਖਤਮ ਹੋਣਾ ਹੈ। ਉਸ ਨੇ ਐਕਸਪ੍ਰੈੱਸ ਐਂਟਰੀ ਰਾਹੀਂ ਵੀ ਪੀਆਰ ਲਈ ਅਰਜ਼ੀ ਦਿੱਤੀ ਸੀ, ਪਰ ਪਹਿਲਾਂ ਉਸਦੇ ਪੌਇੰਟ ਘੱਟ ਰਹੇ। ਉਸ ਨੇ ਕਿਹਾ ਕਿ ਹਾਲ ਹੀ ਵਿੱਚ ਐਕਸਪ੍ਰੈਸ ਐਂਟਰੀ ਦੇ ਡ੍ਰਾਅ ਵੀ ਨਹੀਂ ਨਿਕਲੇ, ਕਿਉਂਕਿ ਫੈਡਰਲ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਇਮੀਗ੍ਰੇਸ਼ਨ ਦੀ ਗਿਣਤੀ ਘਟਾ ਦਿੱਤੀ ਹੈ, ਜਿਸਦਾ ਅਸਰ ਪੀਐੱਨਪੀ ‘ਤੇ ਵੀ ਪਿਆ ਹੈ।





