ਦਿੱਲੀ ਨੇ ਗੁਜਰਾਤ ਨੂੰ 4 ਦੌੜਾਂ ਨਾਲ ਹਰਾਇਆ, ਪੰਤ ਨੇ ਖੇਡੀ ਸ਼ਾਨਦਾਰ ਪਾਰੀ

IPL 2024 DC vs GT: ਕਪਤਾਨ ਰਿਸ਼ਭ ਪੰਤ ਅਤੇ ਅਕਸ਼ਰ ਪਟੇਲ ਦੀਆਂ ਧਮਾਕੇਦਾਰ ਪਾਰੀਆਂ ਤੋਂ ਬਾਅਦ ਬਿਹਾਰ ਦੇ ਲਾਲ-ਮੁਕੇਸ਼ ਕੁਮਾਰ ਦੀ ਆਖਰੀ ਓਵਰਾਂ ‘ਚ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਦਿੱਲੀ ਕੈਪੀਟਲਸ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) 2024 ਦੇ 40ਵੇਂ ਮੈਚ ‘ਚ ਅੱਜ ਗੁਜਰਾਤ ਟਾਈਟਨਸ ਨੂੰ 4 ਵਿਕਟਾਂ ਨਾਲ ਹਰਾ ਦਿੱਤਾ।  ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ਗਏ ਇਸ ਰੋਮਾਂਚਕ ਮੈਚ ‘ਚ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਕੈਪੀਟਲਸ ਨੇ 4 ਵਿਕਟਾਂ ‘ਤੇ 224 ਦੌੜਾਂ ਦਾ ਵੱਡਾ ਸਕੋਰ ਬਣਾਇਆ ਅਤੇ ਫਿਰ ਗੁਜਰਾਤ ਟਾਈਟਨਜ਼ ਨੂੰ ਨਿਰਧਾਰਤ ਸਮੇਂ ‘ਚ 8 ਵਿਕਟਾਂ ‘ਤੇ 220 ਦੌੜਾਂ ‘ਤੇ ਰੋਕ ਦਿੱਤਾ।

ਦਿੱਲੀ ਕੈਪੀਟਲਜ਼ ਦੀ ਟੀਮ ਦੀ ਨੌਂ ਮੈਚਾਂ ਵਿੱਚ ਇਹ ਚੌਥੀ ਜਿੱਤ ਹੈ ਅਤੇ ਹੁਣ ਉਸਦੇ ਅੱਠ ਅੰਕ ਹੋ ਗਏ ਹਨ। ਇਸ ਨਾਲ ਦਿੱਲੀ ਹੁਣ ਅੰਕ ਸੂਚੀ ਵਿੱਚ ਅੱਠਵੇਂ ਤੋਂ ਛੇਵੇਂ ਸਥਾਨ ’ਤੇ ਪਹੁੰਚ ਗਈ ਹੈ। ਗੁਜਰਾਤ ਟਾਈਟਨਸ ਨੂੰ ਨੌਂ ਮੈਚਾਂ ਵਿੱਚ ਪੰਜਵੀਂ ਹਾਰ ਝੱਲਣੀ ਪਈ ਹੈ ਅਤੇ ਟੀਮ ਹੁਣ ਸੱਤਵੇਂ ਸਥਾਨ ’ਤੇ ਖਿਸਕ ਗਈ ਹੈ।

ਦਿੱਲੀ ਵੱਲੋਂ ਦਿੱਤੇ 225 ਦੌੜਾਂ ਦੇ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਜ਼ ਨੇ 13 ਦੌੜਾਂ ਦੇ ਸਕੋਰ ‘ਤੇ ਆਪਣੇ ਕਪਤਾਨ ਸ਼ੁਭਮਨ ਗਿੱਲ (6) ਦਾ ਵਿਕਟ ਗੁਆ ਦਿੱਤਾ। ਪਰ ਇਸ ਤੋਂ ਬਾਅਦ ਰਿਧੀਮਾਨ ਸਾਹਾ (39) ਅਤੇ ਸਾਈ ਸੁਦਰਸ਼ਨ (65) ਨੇ ਦੂਜੇ ਵਿਕਟ ਲਈ 82 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਨੂੰ ਮੈਚ ‘ਚ ਸੰਭਾਲੀ ਰੱਖਿਆ। ਹਾਲਾਂਕਿ ਇਸ ਤੋਂ ਬਾਅਦ ਕੁਲਦੀਪ ਯਾਦਵ ਨੇ ਆ ਕੇ ਗੁਜਰਾਤ ਨੂੰ ਇਕ ਹੋਰ ਝਟਕਾ ਦਿੱਤਾ। ਸੁਦਰਸ਼ਨ ਦੇ ਆਊਟ ਹੋਣ ਤੋਂ ਬਾਅਦ ਗੁਜਰਾਤ ਦੀ ਟੀਮ ਨੇ ਨਿਯਮਤ ਅੰਤਰਾਲ ‘ਤੇ ਵਿਕਟਾਂ ਗਵਾਉਣੀਆਂ ਸ਼ੁਰੂ ਕਰ ਦਿੱਤੀਆਂ। ਸਾਹਾ ਨੇ 25 ਗੇਂਦਾਂ ਵਿੱਚ ਪੰਜ ਚੌਕੇ ਅਤੇ ਇੱਕ ਛੱਕਾ ਲਗਾਇਆ। ਸੁਰਦਰਸ਼ਨ ਨੇ 39 ਗੇਂਦਾਂ ਵਿੱਚ ਸੱਤ ਚੌਕੇ ਤੇ ਦੋ ਛੱਕੇ ਲਾਏ।

ਗੁਜਰਾਤ ਨੂੰ ਮੈਚ ਜਿੱਤਣ ਲਈ ਆਖਰੀ ਚਾਰ ਓਵਰਾਂ ਵਿੱਚ 73 ਦੌੜਾਂ ਦੀ ਲੋੜ ਸੀ। ਮਿਲਰ ਨੇ ਇਸ ਓਵਰ ਵਿੱਚ ਤਿੰਨ ਛੱਕੇ ਅਤੇ ਇੱਕ ਚੌਕਾ ਲਗਾ ਕੇ 24 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਮੈਚ ਵਿੱਚ ਬਰਕਰਾਰ ਰੱਖਿਆ। ਪਰ ਮੁਕੇਸ਼ ਕੁਮਾਰ ਨੇ 18ਵੇਂ ਓਵਰ ਵਿੱਚ ਮਿਲਰ ਨੂੰ ਆਊਟ ਕਰਕੇ ਦਿੱਲੀ ਨੂੰ ਸਭ ਤੋਂ ਵੱਡੀ ਕਾਮਯਾਬੀ ਦਿਵਾਈ। ਮਿਲਰ ਨੇ 23 ਗੇਂਦਾਂ ਵਿੱਚ ਛੇ ਚੌਕੇ ਤੇ ਤਿੰਨ ਛੱਕੇ ਲਾਏ। ਮਿਲਰ ਦੇ ਆਊਟ ਹੋਣ ਤੋਂ ਬਾਅਦ ਗੁਜਰਾਤ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਸੀ ਪਰ ਰਾਸ਼ਿਦ ਖਾਨ ਨੇ ਆਖਰੀ ਓਵਰ ‘ਚ ਮੈਚ ਨੂੰ ਮੁੜ ਜਿੰਦਾ ਕਰ ਦਿੱਤਾ।

ਗੁਜਰਾਤ ਨੂੰ ਆਖਰੀ ਓਵਰ ਵਿੱਚ ਜਿੱਤ ਲਈ 19 ਦੌੜਾਂ ਦੀ ਲੋੜ ਸੀ ਅਤੇ ਰਾਸ਼ਿਦ ਨੇ ਲਗਾਤਾਰ ਦੋ ਚੌਕੇ ਅਤੇ ਇੱਕ ਛੱਕਾ ਲਗਾ ਕੇ ਮੈਚ ਨੂੰ ਰੋਮਾਂਚਕ ਬਣਾ ਦਿੱਤਾ। ਗੁਜਰਾਤ ਨੂੰ ਆਖਰੀ ਗੇਂਦ ‘ਤੇ ਜਿੱਤ ਲਈ ਪੰਜ ਦੌੜਾਂ ਦੀ ਲੋੜ ਸੀ ਅਤੇ ਮੁਕੇਸ਼ ਕੁਮਾਰ ਨੇ ਗੇਂਦ ਨੂੰ ਖਾਲੀ ਹੱਥ ਲੈ ਕੇ ਦਿੱਲੀ ਨੂੰ ਚਾਰ ਦੌੜਾਂ ਨਾਲ ਰੋਮਾਂਚਕ ਜਿੱਤ ਦਿਵਾਈ। ਰਾਸ਼ਿਦ ਨੇ 11 ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਇਕ ਛੱਕੇ ਦੀ ਮਦਦ ਨਾਲ 21 ਦੌੜਾਂ ਦੀ ਅਜੇਤੂ ਪਾਰੀ ਖੇਡੀ।

ਦਿੱਲੀ ਕੈਪੀਟਲਜ਼ ਲਈ ਰਸੀਖ ਦਰ ਸਲਾਮ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਤਿੰਨ ਵਿਕਟਾਂ ਲਈਆਂ। ਉਸ ਤੋਂ ਇਲਾਵਾ ਮੁਕੇਸ਼ ਕੁਮਾਰ ਨੇ ਦੋ ਵਿਕਟਾਂ ਲਈਆਂ ਅਤੇ ਆਖਰੀ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਉਥੇ ਹੀ ਕੁਲਦੀਪ ਯਾਦਵ ਨੇ ਦੋ ਅਤੇ ਐਨਰਿਕ ਨੋਰਕੀ ਅਤੇ ਅਕਸ਼ਰ ਪਟੇਲ ਨੇ ਇਕ-ਇਕ ਵਿਕਟ ਲਈ।

ਇਸ ਤੋਂ ਪਹਿਲਾਂ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਦਿੱਲੀ ਕੈਪੀਟਲਸ ਨੇ 4 ਵਿਕਟਾਂ ‘ਤੇ 224 ਦੌੜਾਂ ਦਾ ਵੱਡਾ ਸਕੋਰ ਬਣਾਇਆ। ਦਿੱਲੀ ਲਈ ਪੰਤ ਅਤੇ ਅਕਸ਼ਰ ਪਟੇਲ ਨੇ ਅਰਧ ਸੈਂਕੜੇ ਵਾਲੀ ਪਾਰੀ ਖੇਡੀ। ਦੋਵਾਂ ਨੇ ਚੌਥੀ ਵਿਕਟ ਲਈ 113 ਦੌੜਾਂ ਦੀ ਸੈਂਕੜੇ ਵਾਲੀ ਸਾਂਝੇਦਾਰੀ ਕੀਤੀ। ਪਟੇਲ ਨੇ 43 ਗੇਂਦਾਂ ‘ਤੇ 5 ਚੌਕਿਆਂ ਅਤੇ ਚਾਰ ਛੱਕਿਆਂ ਦੀ ਮਦਦ ਨਾਲ 66 ਦੌੜਾਂ ਦੀ ਪਾਰੀ ਖੇਡੀ।

ਪੰਤ ਨੇ 43 ਗੇਂਦਾਂ ‘ਚ ਪੰਜ ਚੌਕਿਆਂ ਅਤੇ ਅੱਠ ਛੱਕਿਆਂ ਦੀ ਮਦਦ ਨਾਲ 88 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਜੇਕ ਫਰੇਜ਼ਰ-ਮੈਕਗਰਕ ਨੇ 23 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਟ੍ਰਿਸਟਨ ਸਟੱਬਸ ਨੇ ਸੱਤ ਗੇਂਦਾਂ ‘ਤੇ ਤਿੰਨ ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ 26 ਦੌੜਾਂ ਦੀ ਅਜੇਤੂ ਪਾਰੀ ਖੇਡੀ। ਗੁਜਰਾਤ ਟਾਈਟਨਸ ਲਈ ਸੰਦੀਪ ਵਾਰੀਅਰ ਨੇ ਤਿੰਨ ਅਤੇ ਨੂਰ ਅਹਿਮਦ ਨੇ ਇੱਕ ਵਿਕਟ ਲਈ।