ਸਾਬਕਾ ‘ਆਪ’ ਸਾਂਸਦ ਧਰਮਵੀਰ ਗਾਂਧੀ ਨੇ ਫੜਿਆ ਰਾਹੁਲ ਗਾਂਧੀ ਦਾ ‘ਹੱਥ’, ਯਾਤਰਾ ‘ਚ ਆਏ ਨਜ਼ਰ

ਜਲੰਧਰ- ਰਾਹੁਲ ਗਾਂਧੀ ਚਾਹੇ ਇਹ ਕਹਿ ਰਹੇ ਹਨ ਕਿ ਉਨ੍ਹਾਂ ਦੀ ਯਾਤਰਾ ਸਿਰਫ ਭਾਰਤ ਨੂੰ ਜੋੜਨ ਲਈ ਹੈ । ਪਰ ਇਹ ਯਾਤਰਾ ਭਾਰਤ ਦੇ ਨਾਲ ਨਾਲ ਕਾਂਗਰਸ ਪਾਰਟੀ ਨੂੰ ਵੀ ਜੋੜਨ ਦਾ ਕੰਮ ਕਰ ਰਹੀ ਹੈ । ਪੰਜਾਬ ਚ ਅੱਜ ਤੋਂ ਸ਼ੁਰੂ ਹੋਈ ਯਾਤਰਾ ਦੇ ਪਹਿਲੇ ਦਿਨ ਹੀ ਰਾਹੁਲ ਗਾਂਧੀ ਪੰਜਾਬ ਦੀ ਸਿਆਸਤ ਚ ਹਲਚਲ ਪੈਦਾ ਕਰਦੇ ਹੋਏ ਨਜ਼ਰ ਆਏ ਹਨ ।ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸਾਂਸਦ ਧਰਮਵੀਰ ਗਾਂਧੀ ਭਾਰਤ ਜੋੜੋ ਯਾਤਰਾ ਚ ਕਾਂਗਰਸ ਦੇ ਕੌਮੀ ਨੇਤਾ ਰਾਹੁਲ ਗਾਂਧੀ ਨਾਲ ਨਜ਼ਰ ਆਏ ।

ਕਰੀਬ ਇਕ ਘੰਟਾ ਤੱਕ ਦੋਵੇਂ ਇਕੱਠੇ ਵੇਖੇ ਗਏ. ਰਾਹੁਲ ਨੇ ਡਾਕਟਰ ਗਾਂਧੀ ਦਾ ਹੱਥ ਫੜ ਲੰਮੀ ਦੇਰ ਤੱਕ ਗੱਲਬਾਤ ਕੀਤੀ । ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਡਾਕਟਰ ਗਾਂਧੀ ਨੇ ਕਾਂਗਰਸੀ ਨੇਤਾ ਨੂੰ ਜ਼ਮੀਨੀ ਹਕੀਕਤ ਤੋਂ ਜਾਨੂੰ ਕਰਵਾਇਆ । ਡਾਕਟਰ ਗਾਂਧੀ ‘ਆਂਪ’ ਦੇ ਸਾਬਕਾ ਸਾਂਸਦ ਰਹੇ ਹਨ । ਸਿਆਸਤ ਚ ਉਨ੍ਹਾਂ ਦੇ ਅਕਸ ਤੋਂ ਹਰ ਕੋਈ ਵਾਕਿਫ ਹੈ । ਇਹੋ ਕਾਰਣ ਹੈ ਕਿ ਉਹ ਹੁਣ ਤੱਕ ਗੈਰ ਵਿਵਾਦਿਤ ਨੇਤਾ ਰਹੇ ਹਨ । ਲਗਭਗ ਹਰੇਕ ਸਿਆਸੀ ਪਾਰਟੀ ਚ ਉਨ੍ਹਾਂ ਦੀ ਚੰਗੀ ਪੈਠ ਹੈ । ਪਾਰਟੀ ਚ ਅਦਰੁਨੀ ਕਲੇਸ਼ ਨੂੰ ਵੇਖ ਡਾ. ਗਾਂਧੀ ਨੇ ‘ਆਪ’ ਤੋਂ ਦੂਰੀ ਬਣਾ ਲਈ ਸੀ । ਹੁਣ ਅੱਜ ਰਾਹੁਲ ਗਾਂਧੀ ਨਾਲ ਕਰੀਬੀ ਵੇਖ ਕੇ ਪੰਜਾਬ ਦੀ ਸਿਆਸਤ ਚ ਅਟਕਲਾਂ ਲਗਣੀਆਂ ਸ਼ੁਰੂ ਹੋ ਗਈਆਂ ਹਨ ।