US Presidential Election: ਅੱਜ ਹੋਵੇਗੀ ਰੀਪਬਲਿਕਨਾਂ ਵਿਚਾਲੇ ਸਭ ਤੋਂ ਵੱਡੀ ਬਹਿਸ

Washington- ਵ੍ਹਾਈਟ ਹਾਊਸ ਲਈ ਰੀਪਬਲਕਿਨ ਪਾਰਟੀ ਅੰਦਰ ਦਾਅਵੇਦਾਰੀ ਨੂੰ ਲੈ ਕੇ ਅੱਜ ਸ਼ਾਮੀਂ ਸਭ ਤੋਂ ਵੱਡੀ ਬਹਿਸ ਆਯੋਜਿਤ ਹੋਣ ਵਾਲੀ ਹੈ। ਬੁੱਧਵਾਰ ਨੂੰ ਰੀਪਬਲਿਕਨ ਪਾਰਟੀ ਵਲੋਂ 2024 ਦੀਆਂ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਮਿਲਵਾਕੀ ’ਚ ਪਹਿਲੀ ਪ੍ਰਾਇਮਰੀ ਬਹਿਸ ਦਾ ਆਯੋਜਨ ਕੀਤਾ ਜਾਵੇਗਾ। ਹਾਲਾਂਕਿ ਇਸ ਵਾਰ ਇਸ ਬਹਿਸ ’ਚ ਸਾਬਕਾ ਰਾਸ਼ਟਰਪਤੀ ਡੋੋਨਾਲਡ ਟਰੰਪ ਮੌਜੂਦ ਨਹੀਂ ਹੋਣਗੇ।
ਟਰੰਪ ਦਾ ਇਹ ਮੰਨਣਾ ਹੈ ਕਿ ਉਹ ਇਨ੍ਹਾਂ ਬਹਿਸਾਂ ਤੋਂ ਕਾਫ਼ੀ ਉੱਪਰ ਉੱਠ ਚੁੱਕੇ ਹਨ। ਟਰੰਪ ਨੇ ਇਸ ਸੰਬੰਧੀ ਆਪਣੀ ਸੋਸ਼ਲ ਮੀਡੀਆ ਵੈੱਬਸਾਈਟ ’ਤੇ ਲਿਖਿਆ, ‘‘ਜਨਤਾ ਜਾਣਦੀ ਹੈ ਕਿ ਮਾਂ ਕੌਣ ਹਾਂ, ਮੇਰਾ ਰਾਸ਼ਟਰਪਤੀ ਕਾਰਜਕਾਲ ਕਿੰਨਾ ਸਫ਼ਲ ਰਿਹਾ। ਇਸ ਲਈ ਮੈਂ ਬਹਿਸ ਨਹੀਂ ਕਰਾਂਗਾ।’’
ਦੋ ਘੰਟਿਆਂ ਤੱਕ ਚੱਲਣ ਵਾਲੀ ਇਹ ਬਹਿਸ ਅਮਰੀਕੀ ਸਮੇਂ ਮੁਤਾਬਕ ਰਾਤੀਂ 9 ਵਜੇ ਸ਼ੁਰੂ ਹੋਵੇਗੀ। ਇਸ ਬਹਿਸ ’ਚ ਰੀਪਬਲਕਿਨ ਪਾਰਟੀ ਵਲੋਂ ਅੱਠ ਉਮੀਦਵਾਰ ਸਟੇਜ ’ਤੇ ਹੋਣਗੇ, ਜਿਨ੍ਹਾਂ ’ਚ ਫਲੋਰੀਡਾ ਦੇ ਫਲੋਰੀਡਾ ਦੇ ਗਵਰਨਰ ਰੌਨ ਡੀਸੈਂਟਿਸ, ਉਦਯੋਗਪਤੀ ਵਿਵੇਕ ਰਾਮਾਸਵਾਮੀ, ਸਾਬਕਾ ਉਪ ਰਾਸ਼ਟਰਪਤੀ ਮਾਈਕ ਪੇਂਸ, ਦੱਖਣੀ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ’ਚ ਅਮਰੀਕੀ ਰਾਜਦੂਤ ਨਿੱਕੀ ਹੈਲੀ, ਨਿਊ ਜਰਸੀ ਦੇ ਸਾਬਕਾ ਗਵਰਨਰ ਕ੍ਰਿਸ ਕ੍ਰਿਸਟੀ, ਦੱਖਣੀ ਕੈਰੋਲੀਨਾ ਸੇਨ ਟਿਮ ਸਕਾਟ, ਅਰਕਨਸਾਸ ਦੇ ਸਾਬਕਾ ਗਵਰਨਰ ਆਸਾ ਹਚਿਨਸਨ ਅਤੇ ਨੌਰਥ ਡਕੋਟਾ ਗਵਰਨਰ ਡਗ ਬਰਗਮ ਦੇ ਨਾਂ ਸ਼ਾਮਿਲ ਹਨ।
ਹਾਲਾਂਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਟੇਜ ਤੋਂ ਗ਼ੈਰ-ਮੌਜੂਦਗੀ ਦੇ ਬਾਵਜੂਦ ਦੂਜੇ ਉਮੀਦਵਾਰਾਂ ਨੂੰ ਕੁਝ ਮਹੱਤਵਪੂਰਨ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਹੜੇ ਕਿ ਅਕਸਰ ਟਰੰਪ ਲਈ ਰਾਖਵੇਂ ਸਪਾਟਲਾਈਟਾਂ ਨੂੰ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਇਸ ਬਾਰੇ ’ਚ ਬੋਲਦਿਆਂ ਮੈਟ ਟੈਰਿਲ, ਜੋ ਕਿ ਸਾਲ 2016 ਦੀਆਂ ਰਾਸ਼ਟਰਪਤੀ ਚੋਣਾਂ ਲਈ ਮਾਰਕੋ ਰੂਬੀਓ ਦੀ ਮੁਹਿੰਮ ਦੇ ਸਾਬਕਾ ਚੀਫ਼ ਆਫ਼ ਸਟਾਫ਼ ਸਨ, ਨੇ ਕਿਹਾ ਕਿ ਇਹ ਇੱਕ ਚੁਣੌਤੀ ਵਰਗਾ ਹੈ, ਕਿਉਂਕਿ ਭਾਵੇਂ ਇਹ ਬਹਿਸ ਦੇ ਪੜਾਅ ’ਤੇ ਹੋਵੇ ਜਾਂ ਚੋਣ ਮੁਹਿੰਮ ਦੇ ਰਸਤੇ ’ਤੇ, ਟਰੰਪ ਹਰ ਥਾਂ ਲੋਕਾਂ ਦਾ ਧਿਆਨ ਖਿੱਚ ਰਹੇ ਹਨ।