ਬਿਜਲੀ ਮੰਤਰੀ ਨੇ ਮਾਰਿਆ ਛਾਪਾ, ਦਫਤਰ ‘ਚ ਮੱਚਿਆ ਹੜਕੰਪ

ਅੰਮ੍ਰਿਤਸਰ- ਮਾਨ ਸਰਕਾਰ ਦੇ ਮੰਤਰੀ ਦਫਤਰਾਂ ਚ ਬੈਠਣ ਦੇ ਨਾਲ ਨਾਲ ਫੀਲਡ ਚ ਜ਼ਿਆਦਾ ਸਰਗਰਮ ਦਿਖਾਈ ਦੇ ਰਹੇ ਹਨ । ਸਾਰੇ ਮੰਤਰੀ ਆਪਣੇ ਆਪਣੇ ਵਿਭਾਗਾਂ ਨੂੰ ਲੈ ਕੇ ਚੈਕਿੰਗ ਅਤੇ ਛਾਪੇਮਾਰੀ ਕਰ ਕੰਮਕਾਜ ਦਾ ਜਾਇਜ਼ਾ ਲੈ ਰਹੇ ਹਨ । ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਵੱਲੋਂ ਫਤਿਹਪੁਰ ਰਾਜਪੂਤਾਂ ਦੇ ਬਿਜਲੀ ਘਰ ਉਤੇ ਅਚਨਚੇਤ ਛਾਪਾ ਮਾਰਿਆ ਗਿਆ। ਇਸ ਦੌਰਾਨ ਉਨ੍ਹਾਂ ਬਿਜਲੀ ਮੁਲਾਜ਼ਮਾਂ ਦੀ ਹਾਜ਼ਰੀ ਅਤੇ ਨਕਦੀ ਦੇ ਰਿਕਾਰਡ ਦੀ ਜਾਂਚ ਕੀਤੀ। ਉਨ੍ਹਾਂ ਇਸ ਦੌਰਾਨ ਨਵੇਂ ਕੁਨੈਕਸ਼ਨ ਲੈਣ ਆਏ ਅਤੇ ਬਿਜਲੀ ਦਾ ਲੋਡ ਵਧਾਉਣ ਆਏ ਲੋਕਾਂ ਨਾਲ ਵੀ ਗੱਲਬਾਤ ਕੀਤੀ।

ਉਨ੍ਹਾਂ ਨੇ ਖਪਤਕਾਰਾਂ ਕੋਲੋਂ ਬਿਜਲੀ ਦੀ ਸਪਲਾਈ ਅਤੇ ਬਿਜਲੀ ਸ਼ਿਕਾਇਤ ਸਬੰਧੀ ਵੇਰਵੇ ਲਏ। ਇਸ ਦੌਰਾਨ ਉਨ੍ਹਾਂ ਬਿਜਲੀ ਕਰਮਚਾਰੀਆਂ ਨਾਲ ਗੱਲਬਾਤ ਕਰਦੇ ਕਿਹਾ ਕਿ ਤੁਹਾਡਾ ਕੰਮ ਲੋਕਾਂ ਦੀਆਂ ਜ਼ਰੂਰੀ ਸੇਵਾਵਾਂ ਨਾਲ ਜੁੜਿਆ ਹੋਇਆ ਹੈ, ਜਿਸ ਵਿੱਚ ਕੁਤਾਹੀ ਦੀ ਰੱਤੀ ਭਰ ਵੀ ਗੁੰਜਾਇਸ਼ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਤਰਜ਼ਮਾਨੀ ਕਰਮਚਾਰੀ ਕਰਦੇ ਹਨ ਅਤੇ ਤੁਹਾਡੇ ਵੱਲੋਂ ਲੋਕਾਂ ਨਾਲ ਕੀਤੇ ਜਾਂਦੇ ਵਿਹਾਰ ਨਾਲ ਸਰਕਾਰ ਦੀ ਪਛਾਣ ਬਣਦੀ ਹੈ, ਇਸ ਲਈ ਤੁਸੀਂ ਇਮਾਨਦਾਰੀ ਅਤੇ ਮਿਹਨਤ ਨਾਲ ਲੋਕ ਸੇਵਾ ਕਰੋ।