ਪੰਜਾਬ ‘ਚ ਥਾਂ ਥਾਂ ਲਗੇ ਬਿਜਲੀ ਕੱਟ , ਸੜਕਾਂ ਤੇ ਉਤਰੇ ਲੋਕ

ਪੰਜਾਬ ਵਿੱਚ ਬਿਜਲੀ ਕੱਟਾਂ ਕਾਰਨ ਥਾਂ ਥਾਂ ‘ਤੇ ਕਿਸਾਨਾਂ ਤੇ ਆਮ ਲੋਕਾਂ ਨੇ ਧਰਨੇ ਲਾਉਣੇ ਸ਼ੁਰੂ ਕਰ ਦਿੱਤੇ ਹਨ । ਜਿੱਥੇ ਇੱਕ ਪਾਸੇ  10 ਜੂਨ ਤੋਂ ਸ਼ੁਰੂ ਹੋਏ ਝੋਨੇ ਦੇ ਸੀਜ਼ਨ ਲਈ ਵਾਅਦੇ ਅਨੁਸਾਰ 8 ਘੰਟੇ ਬਿਜਲੀ ਦੇਣ ਵਿਚ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ  ਨਾਕਾਮ ਰਿਹਾ ਉੱਥੇ ਘਰੇਲੂ ਬਿਜਲੀ ਸਪਲਾਈ ਤੇ ਲੱਗੇ ਕੱਟ ਅਤੇ ਓਵਰਲੋਡ ਕਾਰਨ ਲਾਈਨਾਂ ਵਿਚ ਹੋਈ ਖ਼ਰਾਬੀ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ । ਪੰਜਾਬ ਵਿੱਚ ਇਸ ਵੇਲੇ ਬਿਜਲੀ ਦੀ ਮੰਗ 14245 ਮੈਗਾਵਾਟ ਹੈ ਜਦਕਿ ਇਸਦੇ ਮੁਕਾਬਲੇ ਸਪਲਾਈ 12695 ਮੈਗਾਵਾਟ ਹੈ ਤੇ ਇਸ ਤਰੀਕੇ ਸੂਬੇ ਕੋਲ 1550 ਮੈਗਾਵਾਟ ਬਿਜਲੀ ਘੱਟ ਹੈ।
ਬਿਜਲੀ ਸਪਲਾਈ ਦੀ ਘਾਟ ਕਾਰਨ ਕੱਟਾਂ ਦਾ ਸਿਲਸਿਲਾ ਜਾਰੀ ਹੈ। ਜਿਥੇ ਪੀ ਐਸ ਪੀ ਸੀ ਐਲ ਨੇ ਮੰਗ ਤੇ ਸਪਲਾਈ ਵਿਚਕਾਰਲਾ ਖੱਪਾ ਪੂਰਨ ਲਈ 27 ਜੂਨ ਤੱਕ ਸਿਰਫ 6 ਲੱਖ ਯੂਨਿਟ ਬਿਜਲੀ ਦੀ ਘਾਟ ਕਾਰਨ ਕੱਟ ਲਗਾਏ ਸੀ, ਉਥੇ ਹੀ 28 ਜੂਨ ਨੁੰ 60 ਲੱਖ ਯੂਨਿਟ ਤੇ 29 ਜੂਨ ਨੁੰ 132 ਲੱਖ ਯੂਨਿਟ ਬਿਜਲੀ ਦੀ ਸਪਲਾਈ ਘੱਟ ਹੋਣ ਕਾਰਨ ਕੱਟ ਲਾਏ ਹਨ। ਇਸ ਰਿਪੋਰਟ ਮੁਤਾਬਕ 29 ਜੂਨ ਨੁੰ ਬਿਜਲੀ ਦੀ ਮੰਗ 3101 ਲੱਖ ਯੂਨਿਟ ਸੀ ਜਦਕਿ ਪੀ ਐਸ ਪੀ ਸੀ ਐਲ ਕੋਲ ਸਪਲਾਈ ਸਿਰਫ 2969 ਲੱਖ ਯੂਨਿਟ ਸੀ, ਜਿਸ ਕਾਰਨ 132 ਲੱਖ ਯੂਨਿਟ ਦੀ ਪੂਰਤੀ ਵਾਸਤੇ ਕੱਟ ਲਗਾਏ ਹਨ।ਇਸ ਦੌਰਾਨ ਪੰਜਾਬ ਵਿਚ ਝੋਨੇ ਦੇ ਸੀਜ਼ਨ ਦੌਰਾਨ ਬਿਜਲੀ ਕੱਟ ਲੱਗਣ ਦਾ ਸੇਕ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵੀ ਪਹੁੰਚ ਗਿਆ ਜਿਥੇ ਤਕਰੀਬਨ ਦੋ ਘੰਟੇ ਦਾ ਬਿਜਲੀ ਕੱਟ ਲਾਇਆ ਗਿਆ।