ਏਲਨ ਮਸਕ ਅਤੇ ਸੁੰਦਰ ਪਿਚਾਈ ਨੇ Chandrayaan-3 ਦੀ ਸਫ਼ਲਤਾ ’ਤੇ ਭਾਰਤ ਨੂੰ ਦਿੱਤੀਆਂ ਵਧਾਈਆਂ

Washington- ਟੈਸਲਾ ਦੇ ਸੀ. ਈ. ਓ. ਏਲਨ ਮਸਕ ਅਤੇ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਨੇ ਚੰਦਰਯਾਨ-3 ਦੀ ਸਫ਼ਲਤਾ ਲਈ ਭਾਰਤ ਨੂੰ ਵਧਾਈਆਂ ਦਿੱਤੀਆਂ ਹਨ। ਏਲਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਇੱਕ ਪੋਸਟ ਪਾ ਕੇ ਇਸਰੋ ਨੂੰ ਵਧਾਈ ਦਿੱਤੀ। ਉਨ੍ਹਾਂ ਲਿਖਿਆ, ‘‘ਵਧਾਈ ਹੋ ਭਾਰਤ’’
ਦੂਜੇ ਪਾਸੇ ਗੂਗਲ ਦੇ ਸੀ. ਈ. ਓ. ਸੁੰਦਰ ਪਿਚਾਈ ਨੇ ਚੰਦਰਯਾਨ-3 ਦੀ ਸਫ਼ਲਤਾ ਨੂੰ ਸ਼ਾਨਦਾਰ ਪਲ ਦੱਸਿਆ। ਪਿਚਾਈ ਨੇ X ’ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ ਚੰਦਰਮਾ ਦੀ ਸਤ੍ਹਾ ’ਤੇ ਸਫ਼ਲ ਲੈਂਡਿੰਗ ਕਰਨ ਲਈ ਇਸਰੋ ਨੂੰ ਵਧਾਈਆਂ। ਉਨ੍ਹਾਂ ਕਿਹਾ ਕਿ ਚੰਦਰਮਾ ਦੇ ਦੱਖਣੀ ਧਰੁਵ ਖੇਤਰ ’ਚ ਲੈਂਡਰ ਦੀ ਸਾਫ਼ਟ ਲੈਂਡਿੰਗ ਕਰਾਉਣ ਵਾਲਾ ਭਾਰਤ ਪਹਿਲਾ ਦੇਸ਼ ਬਣ ਗਿਆ ਹੈ।
ਦੱਸ ਦਈਏ ਕਿ ਭਾਰਤ ਨੇ ਅੱਜ Chandrayaan-3 ਮਿਸ਼ਨ ਰਾਹੀਂ ਦੁਨੀਆ ਭਰ ’ਚ ਇਤਿਹਾਸ ਰਚਿਆ ਹੈ। ਇਸਰੋ ਦੇ ਚੰਦਰਯਾਨ-3 ਮਿਸ਼ਨ ਦਾ ਲੈਂਡਰ ਮਾਡਿਊਲ ਚੰਦਰਮਾ ਦੀ ਸਤ੍ਹਾ ’ਤੇ ਸਫ਼ਲਤਾਪੂਰਵਕ ਉਤਰਿਆ। ਲੈਂਡਰ ਵਿਕਰਮ ਅਤੇ ਰੋਵਰ ਪ੍ਰਗਿਆਨ ਦੇ ਲੈਂਡਰ ਮਾਡਿਊਲ ਨੇ ਸ਼ਾਮੀਂ 6.04 ਵਜੇ ਚੰਦਰਮਾ ਦੇ ਦੱਖਣੀ ਧਰੁਵ ’ਤੇ ਸਾਫ਼ਟ ਲੈਂਡਿੰਗ ਕੀਤੀ ਅਤੇ ਇਤਿਹਾਸ ਰਚ ਦਿੱਤਾ।
ਇਸ ਸਫ਼ਲਤਾ ਦੇ ਨਾਲ ਭਾਰਤ ਚੰਦਰਮਾ ਦੇ ਦੱਖਣੀ ਧਰੁਵ ’ਤੇ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ। ਇਸ ਦੇ ਨਾਲ ਹੀ ਚੰਦਰਮਾ ਦੀ ਸਤ੍ਹਾ ’ਤੇ ‘ਸਾਫ਼ਟ ਲੈਂਡਿੰਗ’ ਕਰਨ ਵਾਲਾ ਅਮਰੀਕਾ, ਚੀਨ, ਸਾਬਕਾ ਸੋਵੀਅਤ ਸੰਘ ਤੋਂ ਬਾਅਦ ਦੁਨੀਆ ਦਾ ਚੌਥਾ ਦੇਸ਼ ਬਣ ਗਿਆ ਹੈ। ਅਮਰੀਕਾ, ਚੀਨ, ਸਾਬਕਾ ਸੋਵੀਅਤ ਸੰਘ ਨੇ ਚੰਦਰਮਾ ਦੀ ਸਤ੍ਹਾ ’ਤੇ ‘ਸਾਫ਼ਟ ਲੈਂਡਿੰਗ’ ਕੀਤੀ ਹੈ ਪਰ ਇਨ੍ਹਾਂ ’ਚੋਂ ਕਿਸੇ ਵੀ ਦੇਸ਼ ਨੇ ਚੰਦਰਮਾ ਦੇ ਦੱਖਣੀ ਧਰੁਵ ਖੇਤਰ ’ਚ ‘ਸਾਫ਼ਟ ਲੈਂਡਿੰਗ’ ਨਹੀਂ ਕੀਤੀ ਹੈ। ਚੰਦਰਯਾਨ-3 ਦੇ ਲੈਂਡਰ ਦੀ ਸਾਫਟ ਲੈਂਡਿੰਗ ’ਚ 15 ਤੋਂ 17 ਮਿੰਟ ਲੱਗੇ। ਚੰਦਰਯਾਨ 3 ਨੂੰ 14 ਜੁਲਾਈ 2023 ਨੂੰ ਦੁਪਹਿਰ 2.30 ਵਜੇ ਲਾਂਚ ਕੀਤਾ ਗਿਆ ਸੀ।