ਪ੍ਰਾਊੁਡ ਬੁਆਏਜ਼ ਦੇ ਸਾਬਕਾ ਨੇਤਾ ਨੂੰ ਯੂਐਸ ਕੈਪੀਟਲ ਦੰਗਿਆਂ ਲਈ ਸੁਣਾਈ ਗਈ 22 ਸਾਲ ਦੀ ਸਜ਼ਾ

ਵਾਸ਼ਿੰਗਟਨ- ਪ੍ਰਾਊੁਡ ਬੁਆਏਜ਼ ਦੇ ਸਾਬਕਾ ਨੇਤਾ ਨੂੰ ਯੂਐਸ ਕੈਪੀਟਲ ਦੰਗਿਆਂ ਨੂੰ ਅੰਜ਼ਾਮ ਦੇਣ ਲਈ 22 ਸਾਲਾਂ ਲਈ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। 6 ਜਨਵਰੀ, 2021 ਨੂੰ ਅਮਰੀਕੀ ਰਾਜਧਾਨੀ ’ਚ ਹੋਏ ਦੰਗਿਆਂ ਦੇ ਸੰਬੰਧ ’ਚ ਹੈਨਰੀ ਐਨਰੀਕ ਟੈਰੀਓ ਨੂੰ ਹੁਣ ਤੱਕ ਦੀ ਸਭ ਤੋਂ ਲੰਬੀ ਸਜ਼ਾ ਸੁਣਾਈ ਗਈ ਹੈ। ਟੈਰੀਓ ਨੂੰ ਮਈ ’ਚ ਦੇਸ਼ ਧ੍ਰੋਹੀ ਸਾਜ਼ਿਸ਼, ਯੂਐਸ ਸਿਵਲ ਵਾਰ-ਯੁੱਧ ਦੇ ਦੋਸ਼ ਅਤੇ ਹੋਰਨਾਂ ਮਾਮਲਿਆਂ ’ਚ ਗਿਣਤੀਆਂ ਲਈ ਦੋਸ਼ੀ ਠਹਿਰਾਇਆ ਗਿਆ ਸੀ।
39 ਸਾਲਾ ਟੈਰੀਓ ਦੰਗਿਆਂ ਦੌਰਾਨ ਵਾਸ਼ਿੰਗਟਨ ’ਚ ਨਹੀਂ ਸੀ, ਪਰ ਉਨ੍ਹਾਂ ਨੇ ਸੱਜੇ-ਪੱਖੀ ਸਮੂਹ ਦੀ ਸ਼ਮੂਲੀਅਤ ਨੂੰ ਸੰਗਠਿਤ ਕਰਨ ’ਚ ਸਹਾਇਤਾ ਕੀਤੀ ਸੀ। ਕੈਪੀਟਲ ਦੰਗਿਆਂ ਦੇ ਦੋਸ਼ਾਂ ’ਚ 1,100 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੰਗਲਵਾਰ ਨੂੰ ਆਪਣੀ ਕਿਸਮਤ ਬਾਰੇ ਜਾਣਨ ਤੋਂ ਪਹਿਲਾਂ, ਭਾਵੁਕ ਟੈਰੀਓ ਨੇ 6 ਜਨਵਰੀ 2021 ਦੇ ਦੰਗਿਆਂ ’ਚ ਆਪਣੀ ਭੂਮਿਕਾ ਲਈ ਪੁਲਿਸ ਅਤੇ ਵਾਸ਼ਿੰਗਟਨ ਡੀਸੀ ਦੇ ਵਸਨੀਕਾਂ ਤੋਂ ਮੁਆਫੀ ਮੰਗੀ। ਉਨ੍ਹਾਂ ਨੇ ਵਾਸ਼ਿੰਗਟਨ ਦੇ ਸੰਘੀ ਅਦਾਲਤ ’ਚ ਕਿਹਾ, ‘‘ਮੈਂ ਬਹੁਤ ਸ਼ਰਮਿੰਦਾ ਅਤੇ ਨਿਰਾਸ਼ ਹਾਂ ਕਿ ਉਨ੍ਹਾਂ ਨੂੰ ਦੁੱਖ ਅਤੇ ਤਕਲੀਫ਼ਾਂ ਦਾ ਸਾਹਮਣਾ ਕਰਨਾ ਪਿਆ।’’ ਉਸ ਨੇ ਅੱਗੇ ਕਿਹਾ, ‘‘ਮੈਨੂੰ ਸਾਰੀ ਉਮਰ ਇਸ ਸ਼ਰਮ ਨਾਲ ਰਹਿਣਾ ਪਵੇਗਾ।’’
ਸੰਤਰੀ ਰੰਗ ਦੀ ਜੇਲ੍ਹ ਦੀ ਵਰਦੀ ਪਹਿਨੇ, ਟੈਰੀਓ ਨੇ ਅੱਗੇ ਕਿਹਾ, ‘‘ਮੈਂ ਆਪਣਾ ਸਭ ਤੋਂ ਵੱਡਾ ਦੁਸ਼ਮਣ ਸੀ।’’ ਇਹ ਸਵੀਕਾਰ ਕਰਦੇ ਹੋਏ ਕਿ ਟਰੰਪ ਨਵੰਬਰ 2020 ਦੀਆਂ ਰਾਸ਼ਟਰਪਤੀ ਚੋਣਾਂ ਹਾਰ ਗਏ ਸਨ, ਟੈਰੀਓ ਨੇ ਕਿਹਾ, ‘‘ਮੈਂ ਕੋਈ ਸਿਆਸੀ ਉਤਸ਼ਾਹੀ ਨਹੀਂ ਹਾਂ। ਨੁਕਸਾਨ ਪਹੁੰਚਾਉਣਾ ਜਾਂ ਚੋਣ ਨਤੀਜਿਆਂ ਨੂੰ ਬਦਲਣਾ ਮੇਰਾ ਉਦੇਸ਼ ਨਹੀਂ ਸੀ।
ਟੈਰੀਓ ਦੇ ਵਕੀਲ ਨੇ ਮੰਗਲਵਾਰ ਨੂੰ ਅਦਾਲਤ ’ਚ ਦਲੀਲ ਦਿੱਤੀ ਕਿ ਉਸਦਾ ਮੁਵੱਕਿਲ ਇੱਕ ‘ਕੀਬੋਰਡ ਨਿੰਜਾ’ ਸੀ ਜੋ ‘ਬੇਕਾਰ ਗੱਲ’ ਕਰਦਾ ਸੀ ਪਰ ਉਸ ਦਾ ਸਰਕਾਰ ਉਖਾੜਨ ਦਾ ਕੋਈ ਇਰਾਦਾ ਨਹੀਂ ਸੀ। ਪਰ ਟਰੰਪ ਵਲੋਂ ਨਾਮਜ਼ਦ ਯੂਐਸ ਜ਼ਿਲ੍ਹਾ ਜੱਜ ਟਿਮੋਥੀ ਕੈਲੀ ਨੇ ਕਿਹਾ ਕਿ ਟੈਰੀਓ ਨੇ ਪਿਛਲੇ ਕਈ ਮੌਕਿਆਂ ’ਤੇ ਆਪਣੇ ਕੰਮਾਂ ਲਈ ਕੋਈ ਪਛਤਾਵਾ ਨਹੀਂ ਪ੍ਰਗਟਾਇਆ ਸੀ। ਜੱਜ ਕੈਲੀ ਨੇ ਕਿਹਾ, ‘‘ਦੇਸ਼ਧ੍ਰੋਹੀ ਸਾਜ਼ਿਸ਼ ਇੱਕ ਗੰਭੀਰ ਅਪਰਾਧ ਹੈ। ਟੈਰੀਓ ਉਸ ਸਾਜ਼ਿਸ਼ ਦਾ ਅੰਤਮ ਆਗੂ ਸੀ।’’ ਟੈਰੀਓ ਮਈ ’ਚ ਰੁਕਾਵਟ ਅਤੇ ਸਾਜ਼ਿਸ਼ ਰਚਣ, ਸਿਵਲ ਡਿਸਆਰਡਰ ਅਤੇ ਸਰਕਾਰੀ ਜਾਇਦਾਦ ਨੂੰ ਤਬਾਹ ਕਰਨ ਦੇ ਮਾਮਲਿਆਂ ’ਚ ਵੀ ਦੋਸ਼ੀ ਪਾਇਆ ਗਿਆ ਸੀ। ਇਸਤਗਾਸਾ ਨੇ ਉਸ ਦੀਆਂ ਕਾਰਵਾਈਆਂ ਨੂੰ ਅੱਤਵਾਦ ਦਾ ਇੱਕ ਸੋਚਿਆ ਸਮਝਿਆ ਹਮਲਾ ਕਿਹਾ ਸੀ, ਜਿਸ ਲਈ 33 ਸਾਲ ਦੀ ਕੈਦ ਹੋ ਸਕਦੀ ਹੈ।