ਗਾਜ਼ਾ ਪੱਟੀ ਦੇ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 21 ਦੀ ਮੌਤ ਤੇ ਕਈ ਜ਼ਖਮੀ

ਗਾਜ਼ਾ – ਗਾਜ਼ਾ ਪੱਟੀ ‘ਚ ਇਕ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਉੱਤਰੀ Gaza Strip ਵਿੱਚ ਸੰਘਣੀ ਆਬਾਦੀ ਵਾਲੇ ਜਬਾਲੀਆ ਸ਼ਰਨਾਰਥੀ ਕੈਂਪ ਵਿੱਚ ਇੱਕ ਚਾਰ ਮੰਜ਼ਿਲਾ ਰਿਹਾਇਸ਼ੀ ਇਮਾਰਤ ਦੀ ਉਪਰਲੀ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਵਿੱਚ ਫਾਇਰਫਾਈਟਰਾਂ ਨੂੰ ਇੱਕ ਘੰਟੇ ਤੋਂ ਵੱਧ ਦਾ ਸਮਾਂ ਲੱਗਿਆ। ਸਿਹਤ ਅਤੇ ਸਿਵਲ ਐਮਰਜੈਂਸੀ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।

ਦੱਸ ਦੇਈਏ ਕਿ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਜ਼ਖਮੀਆਂ ਨੂੰ ਸਥਾਨਕ ਹਸਪਤਾਲ ਪਹੁੰਚਾਇਆ ਗਿਆ। ਇਸ ਦੌਰਾਨ, ਇਜ਼ਰਾਈਲ ਨੇ ਕਿਹਾ ਕਿ ਜੇ ਲੋੜ ਪਈ ਤਾਂ ਉਹ ਡਾਕਟਰੀ ਇਲਾਜ ਦੀ ਇਜਾਜ਼ਤ ਦੇਵੇਗਾ। ਗਾਜ਼ਾ ਦੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਘਟਨਾ ਵਾਲੀ ਥਾਂ ‘ਤੇ ਵੱਡੀ ਮਾਤਰਾ ‘ਚ ਗੈਸੋਲੀਨ ਰੱਖਿਆ ਗਿਆ ਸੀ, ਜਿਸ ਕਾਰਨ ਅੱਗ ਤੇਜ਼ੀ ਨਾਲ ਫੈਲ ਗਈ ਅਤੇ ਇਮਾਰਤ ਨੂੰ ਆਪਣੀ ਲਪੇਟ ‘ਚ ਲੈ ਲਿਆ।ਚਸ਼ਮਦੀਦਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ ਲੋਕਾਂ ਦੇ ਚੀਕ-ਚਿਹਾੜੇ ਦੀ ਆਵਾਜ਼ ਆਈ ਪਰ ਅੱਗ ਨੂੰ ਦੇਖਦੇ ਹੋਏ ਉਹ ਅੰਦਰ ਮੌਜੂਦ ਲੋਕਾਂ ਦੀ ਮਦਦ ਨਹੀਂ ਕਰ ਸਕੇ।

ਫਲਸਤੀਨ ਦੇ ਰਾਸ਼ਟਰਪਤੀ ਮਹਿਮੂਦ ਅੱਬਾਸ ਨੇ ਇਸ ਨੂੰ ਰਾਸ਼ਟਰੀ ਦੁਖਾਂਤ ਦੱਸਿਆ ਅਤੇ ਸੋਗ ਦੇ ਦਿਨ ਦਾ ਐਲਾਨ ਕੀਤਾ। ਫਲਸਤੀਨ ਲਿਬਰੇਸ਼ਨ ਆਰਗੇਨਾਈਜ਼ੇਸ਼ਨ (ਪੀਐਲਓ) ਦੀ ਕਾਰਜਕਾਰੀ ਕਮੇਟੀ ਦੇ ਸਕੱਤਰ-ਜਨਰਲ ਹੁਸੈਨ ਅਲ-ਸ਼ੇਖ ਨੇ ਕਿਹਾ ਕਿ ਫਲਸਤੀਨੀ ਅਥਾਰਟੀ ਨੇ ਇਜ਼ਰਾਈਲ ਨੂੰ ਗਾਜ਼ਾ ਦੇ ਨਾਲ ਏਰੇਜ਼ ਕਰਾਸਿੰਗ ਖੋਲ੍ਹਣ ਦੀ ਅਪੀਲ ਕੀਤੀ ਤਾਂ ਜੋ ਗੰਭੀਰ ਮਾਮਲਿਆਂ ਨੂੰ ਐਨਕਲੇਵ ਤੋਂ ਬਾਹਰ ਲਿਜਾਇਆ ਜਾ ਸਕੇ ਤਾਂ ਜੋ ਉਨ੍ਹਾਂ ਨਾਲ ਲੋੜ ਅਨੁਸਾਰ ਇਲਾਜ ਕੀਤਾ ਜਾ ਸਕੇ।