ਇੰਡੀਗੋ ਜਹਾਜ਼ ਦੇ ਇੰਜਣ ‘ਚ ਉਡਾਣ ਭਰਦੇ ਸਮੇਂ ਲੱਗੀ ਅੱਗ

ਦਿੱਲੀ – ਦਿੱਲੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ ਦੇ ਇੰਜਣ ਵਿੱਚ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਜਹਾਜ਼ ਉਡਾਣ ਭਰ ਰਿਹਾ ਸੀ। ਇਸ ਕਾਰਨ ਦਿੱਲੀ ਏਅਰਪੋਰਟ ‘ਤੇ ਹੀ ਜਹਾਜ਼ ਨੂੰ ਰੋਕ ਦਿੱਤਾ ਗਿਆ। ਇਹ ਹਾਦਸਾ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ (6E-2131) ਵਿੱਚ ਵਾਪਰਿਆ।

ਪਾਇਲਟ ਨੇ ਖਤਰੇ ਦੀ ਸਥਿਤੀ ਨੂੰ ਦੇਖਦਿਆਂ ਹੋਏ ਇਸ ਨੂੰ ਰਨਵੇ ‘ਤੇ ਹੀ ਰੋਕ ਲਿਆ। ਇਸ ਵਿੱਚ 184 ਯਾਤਰੀ ਸਵਾਰ ਸਨ। ਸਾਰੇ ਸੁਰੱਖਿਅਤ ਹਨ। ਇੰਡੀਗੋ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਤਕਨੀਕੀ ਖਰਾਬੀ ਕਾਰਨ ਚੰਗਿਆੜੀ ਦਿਖਾਈ ਦਿੱਤੀ।

ਇਸ ਘਟਨਾ ‘ਤੇ ਡੀਜੀਸੀਏ ਨੇ ਕਿਹਾ ਕਿ ਟੇਕਆਫ ਦੌਰਾਨ ਫਲਾਈਟ ਦੇ ਇੰਜਣ-2 ‘ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਕਾਰਨ ਇਸ ‘ਚ ਅੱਗ ਲੱਗ ਗਈ। ਡੀਜੀਸੀਏ ਮੁਤਾਬਕ ਅੱਗ ‘ਤੇ ਕਾਬੂ ਪਾਉਣ ਤੋਂ ਬਾਅਦ ਫਲਾਈਟ ਨੂੰ ਲੈਂਡ ਕਰ ਦਿੱਤਾ ਗਿਆ ਹੈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਜੋ ਵੀ ਦੋਸ਼ੀ ਹੋਵੇਗਾ, ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਨੂੰ ਜਹਾਜ਼ ‘ਚ ਮੌਜੂਦ ਯਾਤਰੀ ਨੇ ਬਣਾਇਆ ਸੀ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਜਹਾਜ਼ ਟੇਕ ਆਫ ਲਈ ਰਨਵੇ ‘ਤੇ ਦੌੜਦਾ ਹੈ, ਜਦੋਂ ਅਚਾਨਕ ਚੰਗਿਆੜੀਆਂ ਨਿਕਲਣ ਲੱਗੀਆਂ। ਜਲਦੀ ਹੀ ਚੰਗਿਆੜੀ ਅੱਗ ਦਾ ਰੂਪ ਲੈ ਲੈਂਦੀ ਹੈ। ਪਾਇਲਟ ਤੁਰੰਤ ਰਨਵੇਅ ‘ਤੇ ਹੀ ਜਹਾਜ਼ ਨੂੰ ਰੋਕ ਦਿੰਦਾ ਹੈ। ਫਿਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।