ਕਪੂਰਥਲਾ : ਰੇਲ ਕੋਚ ਫੈਕਟਰੀ ਦੇ ਬਾਹਰ ਲੱਗੀ ਭਿਆਨਕ ਅੱਗ, 4 ਸੌ ਤੋਂ ਵਧੇਰੇ ਝੁੱਗੀਆਂ ਸੜ ਕੇ ਸਵਾਹ

ਟੀਵੀ ਪੰਜਾਬ ਬਿਊਰੋ-ਏਸ਼ੀਆ ਦੀ ਸਭ ਤੋਂ ਵੱਡੀ ਰੇਲ ਕੋਚ ਫੈਕਟਰੀ ਕਪੂਰਥਲਾ (ਆਰਸੀਐਫ) ਦੀਆਂ ਝੁੱਗੀਆਂ ਵਿੱਚ ਅੱਜ ਦੁਪਹਿਰੇ ਭਿਆਨਕ ਅੱਗ ਲੱਗ ਗਈ। ਰੇਲ ਕੋਚ ਫੈਕਟਰੀ ਦੇ ਬਾਹਰ ਪਰਵਾਸੀ ਮਜ਼ਦੂਰਾਂ ਦੀਆਂ ਸਾਢੇ ਚਾਰ ਸੌ ਦੇ ਕਰੀਬ ਝੁੱਗੀਆਂ ਸਨ। ਝੁੱਗੀਆਂ ਵਿਚ ਅੱਗ ਦੁਪਹਿਰ ਡੇਢ ਵਜੇ ਦੇ ਕਰੀਬ ਲੱਗੀ। ਅੱਗ ਲੱਗਣ ਦੇ ਕਾਰਨਾਂ ਦਾ ਸਹੀ ਤਰ੍ਹਾਂ ਪਤਾ ਨਹੀਂ ਚੱਲ ਸਕਿਆ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਸਿਲੰਡਰ ਫਟਣਾ ਹੋ ਸਕਦਾ ਹੈ। ਅੱਗ ਲੱਗਣ ਨਾਲ ਗਰੀਬ ਮਜ਼ਦੂਰਾਂ ਝੁੱਗੀਆਂ ਸੜ ਕੇ ਇਕਦਮ ਸੁਆਹ ਹੋ ਗਈਆਂ।
ਗੱਲਬਾਤ ਦੌਰਾਨ ਇੱਕ ਪਰਵਾਸੀ ਮਜ਼ਦੂਰ ਨੇ ਦੱਸਿਆ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਝੁੱਗੀਆਂ ਦੇ ਵਿੱਚ ਜਿੰਨਾ ਵੀ ਸਾਮਾਨ ਸੀ, ਰੋਟੀ, ਟੁੱਕ, ਲੀੜਾ ਕੱਪੜਾ ਸਾਰਾ ਕੁਝ ਸੜ ਕੇ ਸਵਾਹ ਹੋ ਗਿਆ। ਉਸ ਨੇ ਦੱਸਿਆ ਕਿ ਅੱਗ ਐਨੀ ਤੇਜ਼ੀ ਨਾਲ ਫੈਲੀ ਕਿ ਕੋਈ ਵੀ ਸਾਮਾਨ ਕੱਢਣ ਦਾ ਮੌਕਾ ਨਹੀਂ ਮਿਲਿਆ.
ਆਰਸੀਐਫ ਦੇ ਅੱਗ ਬੁਝਾਊ ਅਮਲੇ ਨੂੰ ਜਦੋਂ ਹੀ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਸ ਨੇ ਮੌਕੇ ਤੇ ਪਹੁੰਚ ਕੇ ਅੱਗ ਤਾਂ ਬੁਝਾ ਦਿੱਤੀ ਪਰ ਝੁੱਗੀਆਂ ਦੇ ਵਿੱਚ ਗ਼ਰੀਬ ਲੋਕਾਂ ਦਾ ਪਿਆ ਸਾਮਾਨ ਨਾ ਬਚਾ ਸਕੇ ਅੱਗ ਬੁਝਾਊ ਅਮਲੇ ਦੇ ਕਰਮਚਾਰੀ ਅਮਰ ਇਕਬਾਲ ਸਿੰਘ ਨੇ ਦੱਸਿਆ ਕਿ ਜਦੋਂ ਹੀ ਉਸ ਨੂੰ ਪਤਾ ਲੱਗਾ ਕਿ ਭਿਆਨਕ ਅੱਗ ਲੱਗ ਚੁੱਕੀ ਹੈ ਤਾਂ ਉਸੇ ਵੇਲੇ ਭੱਜ ਤੁਰੇ ਅਤੇ ਮੌਕੇ ਤੇ ਪਹੁੰਚ ਕੇ ਅੱਗ ਬੁਝਾਈ। ਉਨ੍ਹਾਂ ਕਿਹਾ ਕਿ ਜੇਕਰ ਇਹ ਅੱਗ ਨਾ ਬੁਝਾਈ ਜਾਂਦੀ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣ ਦੀ ਸੰਭਾਵਨਾ ਸੀ।