ਨੋਵਾ ਸਕੋਸ਼ੀਆ ’ਚ ਹੜ੍ਹ ਕਾਰਨ ਇੱਕ ਵਿਅਕਤੀ ਦੀ ਮੌਤ

Halifax- ਨੋਵਾ ਸੋਕਸ਼ੀਆ ਸੂੂਬੇ ’ਚ ਪੁਲਿਸ ਨੂੰ ਹੜ੍ਹ ਦੇ ਪਾਣੀ ’ਚੋਂ ਅੱਜ 52 ਸਾਲਾ ਵਿਅਕਤੀ ਦੀ ਲਾਸ਼ ਮਿਲੀ ਹੈ, ਜਿਹੜਾ ਕਿ ਬੀਤੇ ਦਿਨੀਂ ਲਾਪਤਾ ਹੋ ਗਿਆ ਸੀ। ਨਾਲ ਹੀ ਪੁਲਿਸ ਨੇ ਸੂਬੇ ’ਚ ਹੜ੍ਹ ਕਾਰਨ ਹੋਣ ਵਾਲੀ ਪਹਿਲੀ ਮੌਤ ਦੀ ਵੀ ਪੁਸ਼ਟੀ ਕੀਤੀ ਹੈ। ਦੱਸ ਦਈਏ ਕਿ ਬੀਤੇ ਸ਼ਨੀਵਾਰ ਨੂੰ ਹੈਲੀਫੇਕਸ ਦੇ ਉੱਤਰ-ਪੱਛਮ ’ਚ ਪੈਂਦੇ ਵੈਸਟ ਹੰਡਸ ਇਲਾਕੇ ’ਚ ਹੜ੍ਹ ਕਾਰਨ ਵੱਖ-ਵੱਖ ਥਾਵਾਂ ’ਤੇ ਦੋ ਵਾਹਨਾਂ ਦੇ ਪਾਣੀ ’ਚ ਡੁੱਬਣ ਕਾਰਨ ਕੁੱਲ ਚਾਰ ਵਿਅਕਤੀ ਲਾਪਤਾ ਹੋ ਗਏ ਸਨ। ਇਨ੍ਹਾਂ ’ਚ ਦੋ ਬੱਚੇ ਵੀ ਸ਼ਾਮਲ ਹਨ। ਪੁਲਿਸ ਦਾ ਕਹਿਣਾ ਹੈ ਕਿ ਉਸ ਨੂੰ ਇਕ ਹੋਰ ਇਲਾਕੇ ’ਚ ਕੁਝ ਮਨੁੱਖੀ ਅਵਸ਼ੇਸ਼ ਮਿਲੇ ਹਨ ਅਤੇ ਉਹ ਇਨ੍ਹਾਂ ਦੀ ਪਹਿਚਾਣ ਕਰਨ ’ਚ ਲੱਗੇ ਹੋਏ ਹਨ। ਚੀਫ਼ ਸੁਪਰਡੈਂਟ ਸੂ ਬਲੈਕ ਨੇ ਅੱਜ ਦੁਪਹਿਰ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਗੱਲ ਕਰਦਿਆਂ ਕਿਹਾ ਕਿ ਅਸੀਂ ਇਨ੍ਹਾਂ ਅਵਸ਼ੇਸ਼ਾਂ ਦੀ ਪਹਿਚਾਣ ਲਈ ਨੋਵਾ ਸਕੋਸ਼ੀਆ ਮੈਡੀਕਲ ਜਾਂਚਕਰਤਾਵਾਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਨਾਲ ਹੀ ਉਨ੍ਹਾਂ ਨੇ ਇਸ ਤ੍ਰਾਸਦੀ ਕਾਰਨ ਮਾਰੇ ਗਏ ਅਤੇ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਨਾਲ ਡੂੰਘੀ ਹਮਦਰਦੀ ਵੀ ਪ੍ਰਗਟਾਈ।