ਅਰਵਿੰਦ ਕੇਜਰੀਵਾਲ ਨੂੰ ED ਨੇ ਚੌਥੀ ਵਾਰ ਭੇਜਿਆ ਸੰਮਨ, 18 ਜਨਵਰੀ ਨੂੰ ਹੋਵੇਗੀ ਪੁੱਛਗਿਛ

ਡੈਸਕ- ਦਿੱਲੀ ਸ਼ਰਾਬ ਘਪਲੇ ਮਾਮਲੇ ‘ਚ ਇਕ ਵਾਰ ਫਿਰ ਈਡੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੰਮਨ ਜਾਰੀ ਕੀਤਾ ਹੈ। ਈਡੀ ਵੱਲੋਂ ਕੇਜਰੀਵਾਲ ਨੂੰ ਸ਼ਰਾਬ ਨੀਤੀ ਮਾਮਲੇ ਵਿਚ ਭੇਜਿਆ ਗਿਆ ਇਹ ਚੌਥਾ ਸੰਮਨ ਹੈ।ਇਸ ਤੋਂ ਪਹਿਲਾਂ ਉਨ੍ਹਾਂ ਨੂੰ 2 ਨਵੰਬਰ, 21 ਦਸੰਬਰ ਤੇ 3 ਜਨਵਰੀ ਨੂੰ ਸੰਮਨ ਜਾਰੀ ਕੀਤਾ ਗਏ ਸਨ ਪਰ ਉਹ ਪੁੱਛਗਿਛ ਵਿਚ ਸ਼ਾਮਲ ਨਹੀਂ ਹੋਏ ਸਨ।

ਹੁਣ ਦੇਖਣਾ ਹੋਵੇਗਾ ਕਿ ਕੇਜਰੀਵਾਰ ਇਸ ਚੌਥੇ ਸੰਮਨ ਦੇ ਬਾਅਦ ਈਡੀ ਦੇ ਸਾਹਮਣੇ ਪੇਸ਼ ਹੁੰਦੇ ਹਨ ਜਾਂ ਨਹੀਂ। ਪਿਛਲੇ ਸੰਮਨ ਦੇ ਬਾਅਦ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਉਹ ਈਡੀ ਨੂੰ ਸਹਿਯੋਗ ਕਰਨਾ ਚਾਹੁੰਦੇ ਹਨ ਕਿ ਪਰ ਈਡੀ ਦਾ ਇਹ ਸੰਮਨ ਸਿਆਸਤ ਨਾਲ ਜੁੜਿਆ ਹੋਇਆ ਹੈ। ਇਸ ਚੌਥੇ ਸੰਮਨ ਨੂੰ ਲੈ ਕੇ ਅਜੇ ਤੱਕ ਆਮ ਆਦਮੀ ਪਾਰਟੀ ਵੱਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਈਡੀ ਦੇ ਲਗਾਤਾਰ ਸੰਮਨ ਜਾਰੀ ਹੋਣ ਦੇ ਬਾਅਦ ਆਮ ਆਦਮੀ ਪਾਰਟੀ ਦਾਅਵਾ ਕਰ ਰਹੀ ਹੈ ਕਿ ਇਹ ਸਾਰੀ ਪ੍ਰਕਿਰਿਆ ਕੇਜਰੀਵਾਲ ਨੂੰ ਗ੍ਰਿਫਤਾਰ ਕਰਨ ਲਈ ਕੀਤੀ ਜਾ ਰਹੀ ਹੈ। ਈਡੀ ਉਨ੍ਹਾਂ ਨੂੰ ਪੁੱਛਗਿਛ ਦੇ ਬਹਾਨੇ ਬੁਲਾ ਕੇ ਗ੍ਰਿਫਤਾਰ ਕਰਨਾ ਚਾਹੁੰਦੀ ਹੈ। ‘ਆਪ’ ਦਾ ਕਹਿਣਾ ਹੈ ਕਿ ਜੇਕਰ ਈਡੀ ਨੂੰ ਪੁੱਛਗਿਛ ਕਰਨੀ ਹੈ ਤਾਂ ਉਹ ਆਪਣੇ ਸਵਾਲ ਲਿਖ ਕੇ ਕੇਜਰੀਵਾਲ ਨੂੰ ਦੇ ਸਕਦੀ ਹੈ।

ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਦੀ ਸ਼ੰਕਾ ਜ਼ਾਹਿਰ ਕਰਨੀ ਸ਼ੁਰੂ ਕਰ ਦਿੱਤੀ ਸੀ। ਆਪ ਨੇਤਾਵਾਂ ਨੇ ਦਾਅਵਾ ਕੀਤਾ ਸੀ ਕਿ ਈਡੀ ਅੱਜ ਕੇਜਰੀਵਾਲ ਦੀ ਰਿਹਾਇਸ਼ ‘ਤੇ ਛਾਪਾ ਮਾਰ ਸਕਦੀ ਹੈ ਤੇ ਉਨ੍ਹਾਂ ਦੀ ਗ੍ਰਿਫਤਾਰੀ ਵੀ ਕਰ ਸਕਦੀ ਹੈ।