ਗ਼ਜ਼ਲ

ਆਦਮੀ ਹੁਣ ਘਰ ਦੀਆਂ ਕਬਰਾਂ ‘ਚ ਸੋਇਆ ਕਰਨਗੇ।
ਰੁੱਖ ਖ਼ਬਰੇ ਜ਼ਿੰਦਗੀ ਦਾ ਗੀਤ ਗਾਇਆ ਕਰਨਗੇ।

ਰਹਿਨੁਮਾ ਜੇ ਇਸ ਤਰ੍ਹਾਂ ਲੋਕਾਂ ਨੂੰ ਲੁੱਟਿਆ ਕਰਨਗੇ
ਫੇਰ ਪਾਣੀ ਵੀ ਪੁਲਾਂ ਉੱਤੋਂ ਦੀ ਵਗਿਆ ਕਰਨਗੇ।

ਸਭਿਅਤਾ ਹੁੰਦੀ ਸੀ ਕਿੱਦਾਂ ਦੀ ਅਸਾਡੇ ਦੌਰ ਦੀ
ਖੰਡਰਾਂ ਵਿਚ ਡੁਸਕਦੇ ਪੱਥਰ ਹੀ ਦਸਿਆ ਕਰਨਗੇ

ਲੰਘ ਜਾਵਾਂਗਾ ਜਿਨ੍ਹਾਂ ਰਾਹਾਂ ‘ ਚੋਂ ਗਾਉਂਦਾ ਗੀਤ ਮੈਂ
ਪਰ-ਕਟੇ ਪੰਛੀ ਵੀ ਬਾਜਾਂ ਮਗਰ ਉਡਿਆ ਕਰਨਗੇ।

ਨੰਗੀਆਂ ਮੱਛੀਆਂ ਦੇ ਤਪਦੇ ਤੈਰਦੇ ਹੋਏ ਬਦਨ
ਪੱਤਣਾਂ ਦੇ ਪਾਣੀਆਂ ਨੂੰ ਅੱਗ ਲਾਇਆ ਕਰਨਗੇ।

ਆਦਮੀ ਹੱਥੋਂ ਤਬਾਹੀ ਦੇਖਕੇ ਤਹਿਜ਼ੀਬ ਦੀ
ਕਾਫਲੇ ਰੂਹਾਂ ਦੇ ਹੋਏ ਤਾਂ ਹਸਿਆ ਕਰਨਗੇ।

ਇਹ ਤਾਂ ਲਗਦਾ ਸੀ ਕਿ ਧਰਤੀ ‘ਤੇ ਲਹੂ ਵਗ ਕੇ ਰਹੂ
ਕਈ ਪਤਾ ਅੰਗਿਆਰ ਵੀ ਅੰਬਰ ਤੋਂ ਵਰ੍ਹਿਆ ਕਰਨਗੇ।

ਵਕਤ ਬਦਲੇਗਾ ਹਾਂ ਬਦਲੇਗਾ ਜ਼ਰੂਰ ਅਮਰੀਕ ਹੁਣ
ਖੇਤਾਂ ਵਿੱਚ ਫ਼ਸਲਾਂ ਦੀ ਥਾਵੇਂ ਸੀਸ ਉੱਗਿਆ ਕਰਨਗੇ।

– ਅਮਰੀਕ ਡੋਗਰਾ
ਸੰਪਰਕ : 98141 52223