ਗੋਲਡੀ ਬਰਾੜ ਨੇ ਬੰਬੀਹਾ ਗੈਂਗ ਤੋਂ ਲਿਆ ਬਦਲਾ, ਮਾਨ ਜੈਤੋ ਬਣਿਆ ਨਿਸ਼ਾਨਾ

ਡੈਸਕ- ਹਰਿਆਣਾ ਦੇ ਸੋਨੀਪਤ ਦੇ ਹਰਸਾਣਾ ਪਿੰਡ ‘ਚ ਗੈਂਗਸਟਰ ਦੀਪਕ ਮਾਨ ਉਰਫ ਮਾਨ ਜੈਤੋ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਦੀਪਕ ਮਾਨ ਪੰਜਾਬ ਦੇ ਫਰੀਦਕੋਟ ਦਾ ਰਹਿਣ ਵਾਲਾ ਸੀ ਅਤੇ ਪੰਜਾਬ ਪੁਲਿਸ ਦਾ ਮੋਸਟਵਾਂਟੇਡ ਅਪਰਾਧੀ ਸੀ।

ਉਸ ਉਤੇ ਪੰਜਾਬ ਵਿਚ ਕਈ ਕਤਲਾਂ ਨੂੰ ਅੰਜਾਮ ਦੇਣ ਦਾ ਦੋਸ਼ ਸੀ ਅਤੇ ਦਵੇਂਦਰ ਬੰਬੀਹਾ ਗੈਂਗ ਦਾ ਮੁੱਖ ਸ਼ੂਟਰ ਦੱਸਿਆ ਜਾਂਦਾ ਹੈ। ਦੀਪਕ ਮਾਨ ਦੀ ਲਾਸ਼ ਪਿੰਡ ਹਰਸਾਣਾ ਦੇ ਖੇਤਾਂ ਵਿੱਚੋਂ ਮਿਲੀ ਹੈ। ਗੈਂਗਸਟਰ ਗੋਲਡੀ ਬਰਾੜ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਹੈ। ਦੱਸ ਦਈਏ ਕਿ ਪਿਛਲੇ ਦਿਨੀਂ ਦੀਪਕ ਮਾਨ ਨੇ ਗੋਲਡੀ ਬਰਾੜ ਖਿਲਾਫ ਇਕ ਕਥਿਤ ਪੋਸਟ ਪਾਈ ਸੀ, ਜਿਸ ਵਿਚ ਆਖਿਆ ਗਿਆ ਸੀ ਕਿ ਉਹ (ਬਰਾੜ) ਹਰ ਕਤਲ ਦੀ ਜ਼ਿੰਮੇਵਾਰੀ ਲੈ ਲੈਂਦਾ ਹੈ, ਜਦ ਕਿ ਸੁੱਖਾ ਦੁੱਨੇਕਾ ਦਾ ਕਤਲ ਏਜੰਸੀਆਂ ਨੇ ਕਰਵਾਇਆ ਹੈ। ਉਸ ਨੇ ਲਿਖਿਆ ਸੀ, ਤੂੰ ਪਹਿਲਾਂ ਆਪਣੇ ਭਰਾ ਦਾ ਬਦਲਾ ਤਾਂ ਲੈ ਮੇਰੇ ਤੋਂ, ਮੈਂ ਆਪਣੇ ਹੱਥਾਂ ਨਾਲ ਮਾਰਿਆ ਹੈ ਤੇਰਾ ਭਰਾ। ਇਸ ਤੋਂ ਬਾਅਦ ਹੁਣ ਦੀਪਕ ਮਾਨ ਦੀ ਲਾਸ਼ ਖੇਤਾਂ ਵਿਚੋਂ ਮਿਲੀ ਹੈ।

ਸੋਨੀਪਤ ਦੇ ਹਰਸਾਣਾ ਪਿੰਡ ‘ਚ ਦੀਪਕ ਦੀ ਲਾਸ਼ ਮਿਲਣ ਦੀ ਸੂਚਨਾ ਮਿਲਣ ‘ਤੇ ਸੋਨੀਪਤ ਸਦਰ ਥਾਣੇ ਦੇ ਨਾਲ-ਨਾਲ ਹਰਿਆਣਾ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਵੀ ਮੌਕੇ ‘ਤੇ ਪਹੁੰਚ ਗਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਏਸੀਪੀ ਜੀਤ ਸਿੰਘ ਬੈਨੀਵਾਲ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਹਰਸਾਣਾ ਦੇ ਖੇਤਾਂ ਵਿੱਚ ਇੱਕ ਲਾਸ਼ ਪਈ ਹੈ।

ਜਾਣਕਾਰੀ ਸਾਹਮਣੇ ਆਈ ਹੈ ਕਿ ਲਾਸ਼ ਦੀਪਕ ਨਾਂ ਦੇ ਗੈਂਗਸਟਰ ਦੀ ਹੈ, ਜੋ ਪੰਜਾਬ ਪੁਲਿਸ ਨੂੰ ਮੋਸਟ ਵਾਂਟੇਡ ਹੈ। ਅਸੀਂ ਇਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੇ ਹਾਂ।