Honour Killing : ਪ੍ਰੇਮ ਵਿਆਹ ਤੋਂ ਨਾਰਾਜ਼ ਭਰਾਵਾਂ ਨੇ ਸਰੇਆਮ ਵੱਢੀ ਭੈਣ

ਪੱਟੀ- ਆਪਣੀ ਭੈਣ ਦਾ ਕਿਸੇ ਨੂੰ ਪਿਆਰ ਕਰਨਾ ਅਤੇ ਵਿਆਹ ਕਰਵਾਉਣਾ ਭਰਾਵਾਂ ਨੂੰ ਚੰਗਾ ਨਹੀਂ ਲੱਗੀਆ ।ਇਸ ਪਿਆਰ ਨੂੰ ਘਰ ਦੀ ਇੱਜ਼ਤ ਦਾ ਮਾਮਲਾ ਬਣਾ ਕੇ ਦੋਨਾਂ ਭਰਾਵਾਂ ਨੇ ਆਪਣੀ ਭੈਣ ਨੇ ਸਰੇ ਬਾਜ਼ਾਰ ਦਾਤਰ ਨਾਲ ਵੱਢ ਕੇ ਮੌਤ ਦੇ ਘਾਟ ਉਤਾਰ ਦਿੱਤਾ । ਕਸਬਾ ਪੱਟੀ ’ਚ ਸ਼ੁੱਕਰਵਾਰ ਰਾਤ ਸਵਾ ਅੱਠ ਵਜੇ ਦੇ ਕਰੀਬ ਪ੍ਰੇਮ ਵਿਆਹ ਕਰਵਾਉਣ ਵਾਲੀ ਮੁਟਿਆਰ ਸੁਨੇਹਾ ਨੂੰ ਗਾਂਧੀ ਸੱਥ ’ਚ ਉਸ ਦੇ ਸਕੇ ਭਰਾ ਤੇ ਚਚੇਰੇ ਭਰਾ ਨੇ ਸ਼ਰੇਆਮ ਦਾਤਰਾਂ ਨਾਲ ਵੱਢ ਦਿੱਤਾ। ਮੁਟਿਆਰ ਦੀ ਮੌਕੇ ’ਤੇ ਮੌਤ ਹੋ ਗਈ। ਪੁਲਿਸ ਨੇ ਲਾਸ਼ ਕਬਜ਼ੇ ’ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।

ਪੱਟੀ ਸ਼ਹਿਰ ਦੇ ਵਾਰਡ ਨੰਬਰ 7 ਨਿਵਾਸੀ ਸ਼ਾਮ ਲਾਲ ਦੀ ਧੀ ਸੁਨੇਹਾ ਦਾ ਗਾਂਧੀ ਸੱਥ ਨਿਵਾਸੀ ਪਰਮਜੀਤ ਸਿੰਘ ਦੇ ਪੁੱਤ ਰਾਜਨ ਜੋਸਨ ਨਾਲ ਪ੍ਰੇਮ ਸਬੰਧ ਬਣ ਗਏ। ਜਿਸ ਕਾਰਨ ਦੋਵਾਂ ਨੇ ਵਿਆਹ ਕਰਵਾਉਣ ਦਾ ਫ਼ੈਸਲਾ ਕੀਤਾ, ਪਰ ਲੜਕੀ ਦੇ ਪਰਿਵਾਰ ਵਾਲੇ ਅੰਤਰ ਜਾਤੀ ਵਿਆਹ ਦੇ ਖ਼ਿਲਾਫ਼ ਸਨ। ਸੁਨੇਹਾ ਨੇ ਆਪਣੇ ਪਰਿਵਾਰ ਦੀ ਪਰਵਾਹ ਕੀਤੇ ਬਿਨਾਂ ਰਾਜਨ ਜੋਸਨ ਨਾਲ ਕਰੀਬ ਤਿੰਨ ਮਹੀਨੇ ਪਹਿਲਾਂ ਵਿਆਹ ਕਰਵਾ ਲਿਆ। ਰਾਜਨ ਜੋਸਨ ਤੇ ਉਸ ਦੀ ਮਾਂ ਕਿਰਨ ਜੋਸਨ ਨੇ ਦੱਸਿਆ ਕਿ ਪ੍ਰੇਮ ਵਿਆਹ ਸਥਾਨਕ ਅਦਾਲਤ ’ਚ ਕਰਵਾਇਆ ਗਿਆ ਸੀ, ਜਿਸਦੇ ਖ਼ਿਲਾਫ਼ ਸੁਨੇਹਾ ਦੇ ਪਰਿਵਾਰ ਵਾਲੇ ਸਨ। ਉਹ ਕਈ ਦਿਨਾਂ ਤੋਂ ਸੁਨੇਹਾ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਇਸ ਦੌਰਾਨ ਸ਼ੁੱਕਰਵਾਰ ਦੀ ਰਾਤ ਸਵਾ ਅੱਠ ਵਜੇ ਸੁਨੇਹਾ ਬਾਜ਼ਾਰੋਂ ਖ਼ਰੀਦੋ ਫ਼ਰੋਖ਼ਤ ਕਰਨ ਲਈ ਘਰੋਂ ਨਿਕਲੀ ਸੀ ਕਿ ਗਾਂਧੀ ਸੱਥ ਦੇ ਚੌਰਾਹੇ ’ਚ ਸਕੇ ਭਰਾ ਰੋਹਿਤ ਤੇ ਚਚੇਰੇ ਭਰਾ ਅਮਰ ਨੇ ਉਸ ਨੂੰ ਘੇਰ ਲਿਆ। ਪਹਿਲਾਂ ਮੂੰਹ ’ਤੇ ਥੱਪੜ ਮਾਰੇ ਤੇ ਫਿਰ ਦਾਤਰਾਂ ਨਾਲ ਸੁਨੇਹਾ ਨੂੰ ਬੁਰੀ ਤਰ੍ਹਾਂ ਵੱਢ ਦਿੱਤਾ ਗਿਆ। ਕਰੀਬ ਪੰਜ ਮਿੰਟ ਤਕ ਸੁਨੇਹਾ ਜ਼ਮੀਨ ’ਤੇ ਤੜਫਦੀ ਰਹੀ ਤੇ ਉਸ ਦੀ ਮੌਤ ਹੋ ਗਈ।

ਘਟਨਾ ਦੀ ਜਾਣਕਾਰੀ ਮਿਲਦੇ ਹੀ ਡੀਐੱਸਪੀ ਮਨਿੰਦਰਪਾਲ ਸਿੰਘ, ਥਾਣਾ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਮੌਕੇ ’ਤੇ ਪਹੁੰਚੇ ਤੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ ਦਾ ਸ਼ਨਿਚਰਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਰਾਜਨ ਜੋਸਨ ਦੇ ਬਿਆਨਾਂ ’ਤੇ ਮੁਲਜ਼ਮ ਰੋਹਿਤ ਤੇ ਅਮਰ ਦੇ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।