‘ਇੰਡੀਆ’ ਗਠਜੋੜ ਦੀ ਦੋ ਦਿਨਾ ਬੈਠਕ ਅੱਜ ਤੋਂ; ਮੁੰਬਈ ਵਿਚ ਜਾਰੀ ਕੀਤਾ ਜਾਵੇਗਾ ਗਠਜੋੜ ਦਾ ‘ਲੋਗੋ’

ਡੈਸਕ- ਵਿਰੋਧੀ ਧਿਰ ਦੇ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਦੇ ਨੇਤਾ ਵੀਰਵਾਰ ਤੋਂ ਇਥੇ ਸ਼ੁਰੂ ਹੋ ਰਹੀ ਦੋ ਦਿਨਾਂ ਬੈਠਕ ਵਿਚ ਡੂੰਘਾਈ ਨਾਲ ਚਰਚਾ ਲਈ ਤਿਆਰ ਹਨ। ਇਸ ਦੌਰਾਨ ਉਹ ਇਕ ਤਾਲਮੇਲ ਕਮੇਟੀ ਬਾਰੇ ਚਰਚਾ ਕਰਨਗੇ ਅਤੇ ਗਠਜੋੜ ਦੇ ‘ਲੋਗੋ’ ਵੀ ਜਾਰੀ ਕਰਨਗੇ। ਵਿਰੋਧੀ ਆਗੂ 2024 ਦੀਆਂ ਲੋਕ ਸਭਾ ਚੋਣਾਂ ’ਚ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਦਾ ਮੁਕਾਬਲਾ ਕਰਨ ਅਤੇ ਅਪਣੇ ਮੈਂਬਰਾਂ ’ਚ ਮਤਭੇਦਾਂ ਨੂੰ ਸੁਲਝਾਉਣ ਲਈ ਸਾਂਝੀ ਮੁਹਿੰਮ ਦੀ ਰਣਨੀਤੀ ਬਾਰੇ ਚਰਚਾ ਕਰਨਗੇ। ਉਹ ਗਠਜੋੜ ਦੇ ’ਕ ਸਾਂਝੇ ਘੱਟੋ-ਘੱਟ ਪ੍ਰੋਗਰਾਮ ਦਾ ਖਰੜਾ ਤਿਆਰ ਕਰਨ, ਦੇਸ਼ ਭਰ ’ਚ ਅੰਦੋਲਨ ਕਰਨ ਲਈ ਸਾਂਝੀਆਂ ਯੋਜਨਾਵਾਂ ਬਣਾਉਣ ਅਤੇ ਸੀਟਾਂ ਦੀ ਵੰਡ ਲਈ ਕੁਝ ਕਮੇਟੀਆਂ ਦਾ ਐਲਾਨ ਕਰਨ ਦੀ ਵੀ ਸੰਭਾਵਨਾ ਹੈ।

ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਨੇਤਾ ਮਨੋਜ ਝਾਅ ਨੇ ਦਸਿਆ, ‘‘ਮੌਜੂਦਾ ਸਰਕਾਰ ਦੀਆਂ ਪ੍ਰਤੀਕਿਰਿਆਸ਼ੀਲ ਨੀਤੀਆਂ ਦਾ ਅਗਾਂਹਵਧੂ ਬਦਲ ਲਿਆਉਣ ਲਈ ਮੁੰਬਈ ਮੀਟਿੰਗ ’ਚ ਇਕ ਸਪੱਸ਼ਟ ਰੂਪਰੇਖਾ ਪੇਸ਼ ਕੀਤੀ ਜਾਵੇਗੀ।’’ ਵਿਰੋਧੀ ਗਠਜੋੜ ‘ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਅਲਾਇੰਸ’ (ਇੰਡੀਆ) ਵਲੋਂ ਵੀ ਅਪਣੇ ਹਿੱਸੇਦਾਰਾਂ ਵਿਚਕਾਰ ਸੁਚਾਰੂ ਤਾਲਮੇਲ ਲਈ ਸਕੱਤਰੇਤ ਦਾ ਐਲਾਨ ਕਰਨ ਦੀ ਸੰਭਾਵਨਾ ਹੈ ਅਤੇ ਇਸ ਦੀ ਸਥਾਪਨਾ ਰਾਸ਼ਟਰੀ ਰਾਜਧਾਨੀ ’ਚ ਕੀਤੀ ਜਾ ਸਕਦੀ ਹੈ।

ਇਸ ਤੋਂ ਇਲਾਵਾ ਮੈਂਬਰ ਗਠਜੋੜ ਦੀ ਅਗਵਾਈ ਕਰਨ ਲਈ ਕਨਵੀਨਰ ਜਾਂ ਚੇਅਰਪਰਸਨ ਦੇ ਮੁੱਦੇ ’ਤੇ ਵੀ ਚਰਚਾ ਕਰਨਗੇ। ਕੋ-ਆਰਡੀਨੇਟਰ ਦੇ ਅਹੁਦੇ ਦੀ ਦੌੜ ’ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਸਭ ਤੋਂ ਅੱਗੇ ਹਨ। ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਗਠਜੋੜ ਦਾ ਮੁਖੀ ਬਣਾਏ ਜਾਣ ਦੀ ਚਰਚਾ ਹੈ। ਸੂਤਰਾਂ ਮੁਤਾਬਕ ਕੁਮਾਰ ਪਹਿਲਾਂ ਹੀ ਐਲਾਨ ਕਰ ਚੁੱਕੇ ਹਨ ਕਿ ਉਹ ਕਨਵੀਨਰ ਦੇ ਅਹੁਦੇ ਦੀ ਦੌੜ ਵਿਚ ਨਹੀਂ ਹਨ ਜਦਕਿ ਸੋਨੀਆ ਗਾਂਧੀ ਨੇ ਨਿੱਜੀ ਤੌਰ ’ਤੇ ਕਿਹਾ ਹੈ ਕਿ ਉਹ ਇਸ ਪ੍ਰਸਤਾਵ ਵਿਰੁਧ ਹਨ।

ਦੋ ਦਿਨਾਂ ਮੀਟਿੰਗ ਲਈ ਆਗੂਆਂ ਦੇ ਇੱਥੇ ਪੁੱਜਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਉਹ ਸੀਟਾਂ ਦੀ ਵੰਡ ਵਰਗੇ ਵਿਵਾਦਪੂਰਨ ਮੁੱਦੇ ’ਤੇ ਵੀ ਗੱਲਬਾਤ ਕਰਨਗੇ। ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਅਤੇ ਉਨ੍ਹਾਂ ਦੇ ਪੁੱਤਰ ਅਤੇ ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਅਤੇ ਪਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਮੁੰਬਈ ਪਹੁੰਚ ਗਏ ਹਨ। ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਮੁੰਬਈ ਮੀਟਿੰਗ ’ਚ ਕੁਝ ਹੋਰ ਖੇਤਰੀ ਪਾਰਟੀਆਂ ਵੀ 26 ਪਾਰਟੀਆਂ ਦੇ ਵਿਰੋਧੀ ਗਠਜੋੜ ’ਚ ਸ਼ਾਮਲ ਹੋ ਸਕਦੀਆਂ ਹਨ। ਪਟਨਾ ਅਤੇ ਬੈਂਗਲੁਰੂ ਤੋਂ ਬਾਅਦ ਇਸ ਗਠਜੋੜ ਦੀ ਇਹ ਤੀਜੀ ਮੀਟਿੰਗ ਹੈ।