50 ਫੁੱਟ ਦੀ ਉਚਾਈ ਤੋਂ ਡਿੱਗਿਆ ਝੂਟਾ, ਹਾਦਸਾ ਵੇਖ ਫਰਾਰ ਹੋਏ ਝੂਟੇ ਵਾਲੇ

ਮੋਹਾਲੀ- ਪੰਜਾਬ ਦੇ ਮੋਹਾਲੀ ਦੇ ਫੇਜ਼-8 ਸਥਿਤ ਦੁਸਹਿਰਾ ਗਰਾਊਂਡ ਵਿਖੇ ਚੱਲ ਰਹੇ ਮੋਹਾਲੀ ਵਪਾਰ ਮੇਲੇ (ਲੰਡਨ ਬ੍ਰਿਜ) ਮੇਲੇ ਦੌਰਾਨ ਡਰਾਪ ਟਾਵਰ ਦਾ ਝੂਲਾ ਟੁੱਟਣ ਕਾਰਨ 50 ਦੇ ਕਰੀਬ ਲੋਕ ਜ਼ਖਮੀ ਹੋ ਗਏ। ਕਰੀਬ 50 ਫੁੱਟ ਦੀ ਉਚਾਈ ਤੋਂ ਝੂਲਾ ਟੁੱਟ ਕੇ ਜ਼ਮੀਨ ‘ਤੇ ਡਿੱਗਣ ਦੀ ਸੂਚਨਾ ਹੈ। ਝੂਲੇ ਦੇ ਟੁੱਟਣ ਤੋਂ ਬਾਅਦ ਲੋਕਾਂ ਵਿੱਚ ਭਗਦੜ ਮੱਚ ਗਈ। ਹਾਲਾਂਕਿ ਭਗਦੜ ‘ਚ ਕੋਈ ਜ਼ਖਮੀ ਨਹੀਂ ਹੋਇਆ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਦਾ ਵੀਡੀਓ ਵੀ ਕਾਫੀ ਵਾਇਰਲ ਹੋ ਰਿਹਾ ਹੈ।

ਇਹ ਘਟਨਾ ਰਾਤ ਕਰੀਬ 9 ਵਜੇ ਵਾਪਰੀ, ਜਦੋਂ ਡਰਾਪ ਟਾਵਰ ਦਾ ਝੂਲਾ ਬਹੁਤ ਤੇਜ਼ੀ ਨਾਲ ਚੱਲ ਰਿਹਾ ਸੀ। ਅਚਾਨਕ ਹੋਈ ਤਕਨੀਕੀ ਖਰਾਬੀ ਕਾਰਨ ਉਹ ਆਪਣਾ ਸੰਤੁਲਨ ਗੁਆ ​​ਬੈਠਾ ਅਤੇ ਕਾਫੀ ਤੇਜ਼ ਰਫਤਾਰ ਨਾਲ ਹੇਠਾਂ ਡਿੱਗ ਗਿਆ। ਹਾਦਸੇ ‘ਚ ਔਰਤਾਂ ਅਤੇ ਬੱਚੇ ਗੰਭੀਰ ਰੂਪ ‘ਚ ਜ਼ਖਮੀ ਹੋ ਗਏ, ਉਨ੍ਹਾਂ ਦੇ ਮੂੰਹ ਅਤੇ ਕੰਨਾਂ ‘ਚੋਂ ਖੂਨ ਵਹਿਣਾ ਸ਼ੁਰੂ ਹੋ ਗਿਆ। ਮੌਕੇ ‘ਤੇ ਮੌਜੂਦ ਲੋਕਾਂ ਨੇ ਜ਼ਖਮੀਆਂ ਨੂੰ ਤੁਰੰਤ ਆਪਣੇ ਵਾਹਨਾਂ ‘ਚ ਹਸਪਤਾਲ ਪਹੁੰਚਾਇਆ। ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਰਾਹਤ ਕਾਰਜ ‘ਚ ਜੁਟੀ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮੇਲੇ ਦਾ ਆਯੋਜਨ ਕਰਨ ਵਾਲੀ ਕੰਪਨੀ ਦਿੱਲੀ ਈਵੈਂਟਸ ਸਤੰਬਰ ਵਿੱਚ ਹੀ ਗੁਰੂਗ੍ਰਾਮ ਤੇ ਪੰਚਕੂਲਾ ਵਿੱਚ ਅਤੇ ਦਸੰਬਰ ਵਿੱਚ ਚੰਡੀਗੜ੍ਹ ਵਿੱਚ ਵੀ ਅਜਿਹਾ ਮੇਲਾ ਕਰਵਾਉਣ ਜਾ ਰਹੀ ਹੈ।

ਮੇਲੇ ਦੇ ਪ੍ਰਬੰਧਕ ਦਿੱਲੀ ਈਵੈਂਟਸ ਕੰਪਨੀ ਦੇ ਸੰਨੀ ਸਿੰਘ ਨੇ ਕਿਹਾ ਕਿ ਅਸੀਂ ਪਤਾ ਲਗਾਵਾਂਗੇ ਕਿ ਇਹ ਕਿਵੇਂ ਹੋਇਆ ਅਤੇ ਲੱਗਦਾ ਹੈ ਕਿ ਕੋਈ ਤਕਨੀਕੀ ਸਮੱਸਿਆ ਸੀ। ਇਸ ਤੋਂ ਪਹਿਲਾਂ ਵੀ ਅਸੀਂ ਵੱਖ-ਵੱਖ ਤਿਉਹਾਰਾਂ ਦਾ ਆਯੋਜਨ ਕੀਤਾ ਹੈ, ਪਰ ਅਜਿਹਾ ਕਦੇ ਨਹੀਂ ਹੋਇਆ। ਫਿਰ ਵੀ ਅਸੀਂ ਕਾਰਨ ਦਾ ਪਤਾ ਲਗਾ ਕੇ ਪ੍ਰਸ਼ਾਸਨ ਅਤੇ ਪੁਲਿਸ ਨੂੰ ਸਹਿਯੋਗ ਦੇਵਾਂਗੇ। ਇਸ ਦੇ ਨਾਲ ਹੀ ਡੀਐਸਪੀ ਹਰਸਿਮਰਨ ਸਿੰਘ ਨੇ ਦੱਸਿਆ ਕਿ ਐਤਵਾਰ ਹੋਣ ਕਾਰਨ ਮੇਲੇ ਵਿੱਚ ਕਾਫੀ ਭੀੜ ਸੀ। ਉਨ੍ਹਾਂ ਨੇ ਕਿਹਾ “ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਕਿਵੇਂ ਹੋਇਆ।” ਉਸੇ ਤਹਿਤ ਮਾਮਲਾ ਦਰਜ ਕੀਤਾ ਜਾਵੇਗਾ।