ਇੰਝ ਮਿਲਿਆ ਸੀ ਮਿਲਖਾ ਸਿੰਘ ਨੂੰ ‘ਉੱਡਣੇ ਸਿੱਖ ਦਾ ਖਿਤਾਬ’

ਟੀਵੀ ਪੰਜਾਬ ਬਿਊਰੋ- 1960 ‘ਚ ਮਿਲਖਾ ਸਿੰਘ ਨੂੰ ਪਾਕਿਸਤਾਨ ਤੋਂ ਦੌੜਾਂ ਵਿਚ ਭਾਗ ਲੈਣ ਲਈ ਸੱਦਾ ਆਇਆ ਸੀ। ਟੋਕਿਓ ਏਸ਼ੀਅਨ ਖੇਡਾਂ ‘ਚ ਉਨ੍ਹਾਂ ਨੇ ਉੱਥੋਂ ਦੇ ਸਰਬੋਤਮ ਦੌੜਾਕ ਅਬਦੁੱਲ ਖ਼ਾਲਿਕ ਨੂੰ ਫੋਟੋ ਫਿਨਿਸ਼ ‘ਚ 200 ਮੀਟਰ ਦੀ ਦੌੜ ‘ਚ ਮਾਤ ਦਿੱਤੀ ਸੀ। ਇਸ ਹਾਰ ਦਾ ਹਿਸਾਬ ਬਰਾਬਰ ਕਰਨ ਲਈ ਪਾਕਿਸਤਾਨੀ ਇਹ ਚਾਹੁੰਦੇ ਸਨ ਕਿ ਦੋਵਾਂ ਦਾ ਮੁਕਾਬਲਾ ਪਾਕਿਸਤਾਨ ਦੀ ਸਰਜ਼ਮੀਨ ‘ਤੇ ਆਯੋਜਿਤ ਹੋਵੇ। ਮਿਲਖਾ ਸਿੰਘ ਨੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਵੰਡ ਦੇ ਸਮੇਂ ਦੀਆਂ ਬਹੁਤ ਸਾਰੀਆਂ ਕੌੜੀਆਂ ਯਾਦਾਂ ਉਨ੍ਹਾਂ ਦੇ ਦਿਲੋ-ਦਿਮਾਗ ‘ਚ ਘੁੰਮ ਰਹੀਆਂ ਸਨ। ਉਨ੍ਹਾਂ ਦੀਆਂ ਅੱਖਾਂ ਅੱਗੇ ਉਹ ਘਟਨਾ ਵਾਰ-ਵਾਰ ਆ ਜਾਂਦੀ ਸੀ ਜਦੋਂ ਉਨ੍ਹਾਂ ਦੇ ਪਿਤਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ।

ਪਰ ਪੰਡਿਤ ਜਵਾਹਰ ਲਾਲ ਨਹਿਰੂ ਦੇ ਕਹਿਣ ‘ਤੇ ਮਿਲਖਾ ਸਿੰਘ ਪਾਕਿਸਤਾਨ ਚਲੇ ਗਏ। ਲਾਹੌਰ ਦੇ ਸਟੇਡੀਅਮ ‘ਚ ਜਿਵੇਂ ਹੀ ਸਟਾਰਟਰ ਨੇ ਪਿਸਤੌਲ ਦਾਗੀ, ਮਿਲਖਾ ਸਿੰਘ ਨੇ ਦੌੜਨਾ ਸ਼ੂਰੂ ਕਰ ਦਿੱਤਾ। ਦਰਸ਼ਕ ਉਤਸੁਕਤਾ ‘ਚ ਚੀਕਣ ਲੱਗੇ- ਪਾਕਿਸਤਾਨ ਜ਼ਿੰਦਾਬਾਦ…ਅਬਦੁੱਲ ਖ਼ਾਲਿਕ ਜ਼ਿੰਦਾਬਾਦ…।”

“ਖ਼ਾਲਿਕ ਮਿਲਖਾ ਤੋਂ ਅੱਗੇ ਸਨ, ਪਰ 100 ਮੀਟਰ ਮੁਕੰਮਲ ਹੋਣ ਤੋਂ ਪਹਿਲਾਂ ਹੀ ਮਿਲਖਾ ਨੇ ਉਸ ਨੂੰ ਫੜ੍ਹ ਲਿਆ ਸੀ। ਇਸ ਤੋਂ ਬਾਅਦ ਖ਼ਾਲਿਕ ਪਛੜਦੇ ਗਏ। ਮਿਲਖਾ ਨੇ ਜਦੋਂ ਟੇਪ ਨੂੰ ਛੂਹਿਆ ਤਾਂ ਉਹ ਖ਼ਾਲਿਕ ਤੋਂ 10 ਗਜ਼ ਅੱਗੇ ਸਨ। ਉਨ੍ਹਾਂ ਨੇ ਇਹ ਦੌੜ 20..7 ਸੈਕਿੰਡ ‘ਚ ਮੁਕੰਮਲ ਕੀਤੀ ਸੀ। ਇਹ ਉਸ ਸਮੇਂ ਦੇ ਵਿਸ਼ਵ ਰਿਕਾਰਡ ਦੀ ਬਰਾਬਰੀ ਸੀ। ਜਦੋਂ ਦੌੜ ਖ਼ਤਮ ਹੋਈ ਤਾਂ ਖ਼ਾਲਿਕ ਮੈਦਾਨ ‘ਚ ਹੀ ਲੇਟ ਕੇ ਰੋਣ ਲੱਗ ਪਏ ਸਨ।

ਇਸ ਜਿੱਤ ਤੋਂ ਬਾਅਦ ਮਿਲਖਾ ਸਿੰਘ ਉਨ੍ਹਾਂ ਦੇ ਕੋਲ ਗਏ ਅਤੇ ਖ਼ਾਲਿਕ ਦੀ ਪਿੱਠ ਥੱਪੜਦਿਆਂ ਬੋਲੇ,

” ਹਾਰ-ਜਿੱਤ ਤਾਂ ਖੇਡ ਦਾ ਹੀ ਹਿੱਸਾ ਹਨ। ਇਸ ਨੂੰ ਦਿਲ ਨਾਲ ਨਹੀਂ ਲਗਾਉਣਾ ਚਾਹੀਦਾ ਹੈ।”

ਦੌੜ ਤੋਂ ਬਾਅਦ ਮਿਲਖਾ ਸਿੰਘ ਨੇ ਵਿਕਟਰੀ ਲੈਪ ਲਗਾਇਆ। ਮਿਲਖਾ ਸਿੰਘ ਨੂੰ ਤਗਮਾ ਦਿੰਦਿਆਂ ਪਾਕਿਸਤਾਨ ਦੇ ਰਾਸ਼ਟਰਪਤੀ ਫ਼ੀਲਡ ਮਾਰਸ਼ਲ ਅਯੂਬ ਖ਼ਾਨ ਨੇ ਕਿਹਾ,
” ਮਿਲਖਾ ਅੱਜ ਤੋਸੀਂ ਦੌੜੇ ਨਹੀਂ, ਉੱਡੇ ਹੋ। ਮੈਂ ਤੁਹਾਨੂੰ ਫਲਾਇੰਗ ਸਿੱਖ ਦਾ ਖ਼ਿਤਾਬ ਦਿੰਦਾ ਹਾਂ।”