ਪਰਾਲੀ ਦੀ ਸੁਚੱਜੀ ਸੰਭਾਲ ਅਤੇ ਹਾੜੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

ਜਲੰਧਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਜ਼ਿਲ੍ਹਾ ਜਲੰਧਰ ਵੱਲੋਂ ਝੋਨੇ ਦੀ ਪਰਾਲੀ ਦੀ ਸੁਚੱਜੀ ਸੰਭਾਲ ਅਤੇ ਹਾੜੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਸੀ ਆਰ ਐਮ ਅਤੇ ਆਤਮਾ ਸਕੀਮ ਅਧੀਨ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਭਰ ਦੇ ਲਗਭਗ 1500 ਕਿਸਾਨਾਂ ਨੇ ਭਾਗ ਲਿਆ।

ਕੈਂਪ ਦੌਰਾਨ ਮੈਂਬਰ ਪਾਰਲੀਮੈਂਟ, ਜਲੰਧਰ ਚੌਧਰੀ ਸੰਤੋਖ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਭਲਾਈ ਲਈ ਵਚਨਬੱਧ ਹੈ।

ਉਨ੍ਹਾਂ ਕਿਹਾ ਕਿ ਸੂਬੇ ਭਰ ਵਿੱਚ ਝੋਨੇ ਦੀ ਪਰਾਲੀ ਦੀ ਸਾਂਭ-ਸੰਭਾਲ ਲਈ ਤਕਰੀਬਨ 76000 ਵੱਖ-ਵੱਖ ਮਸ਼ੀਨਾਂ ਸਬਸਿਡੀ ‘ਤੇ ਕਿਸਾਨਾਂ ਨੂੰ ਦਿੱਤੀਆਂ ਗਈਆਂ ਹਨ। ਸੰਸਦ ਮੈਂਬਰ ਨੇ ਕਿਹਾ ਕਿ ਪਰਾਲੀ ਨੂੰ ਜ਼ਮੀਨ ਵਿੱਚ ਵਾਹੁਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਸੁਧਾਰ ਹੁੰਦਾ ਹੈ ਅਤੇ ਇਸ ਕਰਕੇ ਪਿਛਲੇ ਸਮੇਂ ਦੌਰਾਨ ਕਿਸਾਨਾਂ ਵਿੱਚ ਪਰਾਲੀ ਦੀ ਸਾਂਭ ਸੰਭਾਲ ਬਾਰੇ ਜਾਗਰੂਕਤਾ ਵਿਚ ਵਾਧਾ ਹੋਇਆ ਹੈ।

ਉਨਾਂ ਇਸ ਮੌਕੇ ਖੇਤੀਬਾੜੀ ਵਿਭਾਗ ਅਤੇ ਪੰਜਾਬ ਸਰਕਾਰ ਦੇ ਵੱਖ ਵੱਖ ਮਹਿਕਮਿਆ ਵੱਲੋਂ ਲਗਾਈਆ ਗਈਆਂ ਪ੍ਰਦਰਸ਼ਨੀਆਂ ਤੋਂ ਇਲਾਵਾ ਅਗਾਂਹਵਧੂ ਕਿਸਾਨਾਂ ਦੀਆਂ ਪ੍ਰਦਰਸ਼ਨੀਆਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਕੋਵਿਡ-19 ਦੌਰਾਨ ਸਾਡੇ ਖੇਤੀਬਾੜੀ ਸੈਕਟਰ ਵਿਚ ਵਿਕਾਸ ਦੀ ਰਫ਼ਤਾਰ ਬਾਕੀ ਖੇਤਰਾਂ ਦੇ ਮੁਕਾਬਲੇ ਚੰਗੀ ਰਹੀ ਹੈ।

ਉਨ੍ਹਾਂ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੀ ਉੱਦਮ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਖੇਤੀਬਾੜੀ ਵਿੱਚ ਉਤਪਾਦਨ ਦੇ ਨਾਲ ਨਾਲ ਉਪਜ ਦੀ ਪ੍ਰੋਸੈਸਿੰਗ ਵੱਲ ਵੀ ਰੁਝਾਨ ਵਧਾਉਣ ਦੀ ਜ਼ਰੂਰਤ ਹੈ।

ਉਨ੍ਹਾਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਤੁਪਕਾ , ਫੁਆਰਾ ਅਤੇ ਜ਼ਮੀਨ ਦੋਜ ਪਾਈਪਾਂ ਰਾਹੀਂ ਸਿੰਚਾਈ ਦੇ ਨਿਵੇਕਲੇ ਢੰਗਾਂ ਨੂੰ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਆ। ਸ਼੍ਰੀ ਚੌਧਰੀ ਨੇ ਜ਼ਿਲ੍ਹੇ ਵਿਚ ਪਰਾਲੀ ਦੀ ਸੰਭਾਲ ਲਈ ਚਲਾਈ ਜਾ ਰਹੀ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਪ੍ਰਚਾਰ ਵੈਨਾਂ ਚਲਾਈਆਂ ਜਾ ਰਹੀਆਂ ਹਨ ਅਤੇ ਵਾਲ ਪੇਟਿੰਗ ਰਾਹੀਂ ਵੀ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।

ਕੈਂਪ ਦੌਰਾਨ ਮੁੱਖ ਖੇਤੀਬਾੜੀ ਅਫਸਰ, ਡਾ ਜਸਵੰਤ ਰਾਏ ਨੇ ਕਿਹਾ ਕਿ ਸੂਬੇ ਵਿਚ ਇਹ ਕਿਸਾਨ ਸਿਖਲਾਈ ਕੈਂਪ ਆਪਣੇ ਤੌਰ ‘ਤੇ ਪਹਿਲਾ ਕੈਂਪ ਹੈ, ਜੋ ਕਿ ਆਡੀਓ ਵਿਜੂਅਲ ਸਹੂਲਤਾਂ ਨੂੰ ਅਪਣਾਉਂਦੇ ਹੋਏ ਕਿਸਾਨਾਂ ਦੀ ਬਿਹਤਰੀ ਲਈ ਲਗਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਜਲੰਧਰ ਵਿਚ ਤਕਰੀਬਨ 1200 ਮਸ਼ੀਨਰੀ ਖੇਤੀ ਸੇਵਾ ਸੈਂਟਰ ਕੰਮ ਕਰ ਰਹੇ ਹਨ ਅਤੇ ਇਨਾਂ ਰਾਹੀਂ ਕਿਸਾਨ ਲੋੜੀਦੀ ਖੇਤੀ ਮਸ਼ੀਨਰੀ ਕਿਰਾਏ ‘ਤੇ ਪ੍ਰਾਪਤ ਕਰ ਸਕਦੇ ਹਨ।

ਇਸ ਮੌਕੇ ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਸੁਖਦੀਪ ਸਿੰਘ ਹੁੰਦਲ, ਸਹਾਇਕ ਗੰਨਾ ਵਿਕਾਸ ਅਫ਼ਸਰ ਡਾ. ਬਲਬੀਰ ਚੰਦ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਡਾ. ਮਨਿੰਦਰ ਸਿੰਘ ਨੇ ਫ਼ਸਲ ਵਿਗਿਆਨ ਬਾਰੇ ਅਤੇ ਡਾ. ਸੰਜੀਵ ਕਟਾਰੀਆ ਡਿਪਟੀ ਡਾਇਰੈਕਟਰ ਕੇ ਵੀ ਕੇ ਨੇ ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੇ ਕੀੜੇ ਮਕੌੜੇ ਅਤੇ ਬਿਮਾਰੀਆਂ ਤੋਂ ਜਾਣੂੰ ਕਰਵਾਇਆ।

ਇਸ ਤੋਂ ਇਲਾਵਾ ਡਾ. ਅਮਰਜੀਤ ਸਿੰਘ ਬੱਲ ਖੇਤੀਬਾੜੀ ਅਫਸਰ ਡਾ. ਦਿਲਾਵਰ ਸਿੰਘ ਮੰਡਲ ਭੂਮੀ ਰੱਖਿਆ ਅਫ਼ਸਰ ਜਲੰਧਰ ਅਤੇ ਇੰਜ ਨਵਦੀਪ ਸਿੰਘ ਅਤੇ ਲੁਪਿੰਦਰ ਕੁਮਾਰ ਨੇ ਵੀ ਕਿਸਾਨਾਂ ਨੂੰ ਸੰਬੋਧਨ ਕੀਤਾ।

ਇਸ ਮੌਕੇ ਸੀ ਆਰ ਐੱਮ ਸਕੀਮ ਅਧੀਨ ਵਿਦਿਆਰਥੀਆਂ ਦੇ ਭਾਸ਼ਣ ਮੁਕਾਬਲੇ ਵੀ ਕਰਵਾਏ ਗਏ ਤੇ ਪਰਾਲੀ ਦੀ ਸਾਂਭ ਸੰਭਾਲ ਬਾਰੇ ਵਧੀਆ ਭਾਸ਼ਣ ਦੇਣ ਵਾਲੇ 3 ਵਿਦਿਆਰਥੀਆਂ ਨੂੰ ਮੁੱਖ ਮਹਿਮਾਨ ਵੱਲੋਂ ਸਨਮਾਨਿਤ ਵੀ ਕੀਤਾ ਗਿਆ।

ਟੀਵੀ ਪੰਜਾਬ ਬਿਊਰੋ