ਅਮਰੀਕਾ ’ਚ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ

San Diego- ਕੈਲੀਫੋਰਨੀਆ ’ਚ ਇੱਕ ਫੌਜੀ ਅੱਡੇ ਨੇੜੇ ਇੱਕ ਅਮਰੀਕੀ ਲੜਾਕੂ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਦੀ ਮੌਤ ਹੋ ਗਈ। ਯੂ. ਐੱਸ. ਮਰੀਨ ਕੋਰ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਮਿਲੀ ਜਾਣਕਾਰੀ ਮੁਤਾਬਕ F/A-18 ਹਾਰਨੇਟ ਜੈੱਟ ਸੇਨ ਡਿਆਗੋ ਦੇ ਕੇਂਦਰ ਤੋਂ ਲਗਭਗ 15 ਮੀਲ (24 ਕਿਲੋਮੀਟਰ) ਦੂਰ ਵੀਰਵਾਰ ਨੂੰ ਮਰੀਨ ਕਾਰਪਸ ਏਅਰ ਸਟੇਸ਼ਨ ਮਿਰਾਮਾਰ ਦੇ ਨੇੜੇ ਸਥਾਨਕ ਸਮੇਂ ਮੁਤਾਬਕ ਅੱਧੀ ਰਾਤ ਤੋਂ ਪਹਿਲਾਂ ਹਾਦਸੇ ਦਾ ਸ਼ਿਕਾਰ ਹੋ ਗਿਆ।
ਹਾਦਸੇ ਤੋਂ ਬਾਅਦ ਮੌਕੇ ’ਤੇ ਪਹੁੰਚੇ ਖੋਜ ਕਰਮਚਾਰੀਆਂ ਨੂੰ ਪਾਇਲਟ ਦੀ ਲਾਸ਼ ਮਿਲੀ ਹੈ, ਜਿਸ ਦੀ ਪਹਿਚਾਣ ਨਹੀਂ ਹੋ ਸਕੀ ਹੈ। ਮਰੀਨ ਕੋਰ ਵਲੋਂ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਮਰੀਨ ਕੋਰ ਏਅਰ ਸਟੇਸ਼ਨ (MCAS) ਨੇ ਇੱਕ ਬਿਆਨ ’ਚ ਕਿਹਾ, ‘‘ਪਾਇਲਟ ਜਹਾਜ਼ ’ਚ ਇਕੱਲਾ ਸਵਾਰ ਵਿਅਕਤੀ ਸੀ।’’ ਉਨ੍ਹਾਂ ਕਿਹਾ, ‘‘ਭਾਰੀ ਮਨ ਨਾਲ, ਸਾਡੀ ਹਮਦਰਦੀ ਇਸ ਸਮੇਂ ਦੌਰਾਨ ਮਰੀਨ ਦੇ ਪਰਿਵਾਰ ਨਾਲ ਹੈ।’’
ਐਮ. ਸੀ. ਏ. ਐਸ. ਨੇ ਦੱਸਿਆ ਕਿ ਇਹ ਹਾਦਸਾ ਬੇਸ ਦੇ ਠੀਕ ਪੂਰਬ ’ਚ ਸਥਿਤ ਇੱਕ ਸਰਕਾਰੀ ਜਾਇਦਾਦ ’ਤੇ ਵਾਪਰਿਆ ਅਤੇ ਇਸ ਕਾਰਨ ਜ਼ਮੀਨ ’ਤੇ ਕੋਈ ਨੁਕਸਾਨ ਨਹੀਂ ਹੋਇਆ ਹੈ।
ਹਾਦਸਾਗ੍ਰਸਤ ਜਹਾਜ਼ ਮਰੀਨ ਆਲ-ਵੇਦਰ ਫਾਈਟਰ ਅਟੈਕ ਸਕੁਐਡਰਨ 224 ਦਾ ਸੀ, ਜੋ ਕਿ ਦੱਖਣੀ ਕੈਰੋਲੀਨਾ ਸਥਿਤ ਇਕਾਈ ਹੈ, ਜਿਸ ਨੂੰ ‘ਫਾਈਟਿੰਗ ਬੇਂਗਲਜ਼’ ਕਿਹਾ ਜਾਂਦਾ ਹੈ। ਹਾਲਾਂਕਿ ਘਟਨਾ ਦੇ ਸਮੇਂ ਇਹ ਮੀਰਾਮਾਰ ਤੋਂ ਸੰਚਾਲਿਤ ਹੋ ਰਿਹਾ ਸੀ। F/A-18 ਹਾਰਨੇਟ ਜੈੱਟ-ਮਰੀਨ ਕੋਰ ਅਤੇ ਯੂ. ਐੱਸ. ਨੇਵੀ ਦੋਹਾਂ ਵਲੋਂ ਵਰਤੇ ਜਾਂਦੇ ਹਨ।