ਅੱਗ ਦੀ ਭੇਟ ਚੜ੍ਹੀ ਚਿਲੀਵੈਕ ਦੀ 75 ਸਾਲ ਪੁਰਾਣੀ ਚਰਚ

Chilliwack- ਲੇਬਰ ਡੇਅ ਮੌਕੇ ਚਿਲੀਵੈਕ ’ਚ ਇੱਕ 75 ਸਾਲ ਪੁਰਾਣੀ ਚਰਚ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਤਬਾਹ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅੱਗ ਸੋਮਵਾਰ ਦੁਪਹਿਰ ਕਰੀਬ 2.50 ਵਜੇ ਪਿ੍ਰੰਸੇਜ਼ ਐਵੇਨਿਊ ਦੇ ਕੋਨੇ ’ਤੇ ਵਿਲੀਅਮਜ਼ ਸਟੀਰਟ ’ਤੇ ਸਥਿਤ ਕਰਾਸ ਕਨੈਕਸ਼ਨ ਚਰਚ ’ਚ ਲੱਗੀ।
ਚਿਲੀਵੈਕ ਫਾਇਰ ਡਿਪਾਰਟਮੈਂਟ ਦੀਆਂ ਵੱਖ-ਵੱਖ ਯੂਨਿਟਾਂ ਤੋਂ ਲਗਭਗ 54 ਫਾਇਰਫਾਈਟਰਜ਼ ਅੱਗ ’ਤੇ ਕਾਬੂ ਪਾਉਣ ਲਈ ਪਹੁੰਚੇ। ਫਾਇਰ ਡਿਪਾਰਟਮੈਂਟ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਫਾਇਰਫਾਈਟਰਜ਼ ਪਹਿਲਾਂ ਇਹ ਦੇਖਣ ਲਈ ਚਰਚ ਦੇ ਅੰਦਰ ਦਾਖ਼ਲ ਹੋਏ ਕਿ ਅੱਗ ਲੱਗੀ ਕਿੱਥੋਂ ਹੈ ਪਰ ਉਨ੍ਹਾਂ ਨੂੰ ਗਰਮੀ ਅਤੇ ਭਾਰੀ ਧੂੰਏਂ ਦਾ ਸਾਹਮਣਾ ਕਰਨਾ ਪਿਆ।
ਅਸਿਸਟੈਂਟ ਫਾਇਰ ਚੀਫ ਕ੍ਰਿਸ ਵਿਲਸਨ ਨੇ ਇੱਕ ਪ੍ਰੈਸ ਰਿਲੀਜ਼ ’ਚ ਕਿਹਾ, ‘‘ਬਿਲਡਿੰਗ ਦੇ ਅੰਦਰ ਤੇਜ਼ੀ ਨਾਲ ਵਿਗੜਦੀ ਸਥਿਤੀ ਦੇ ਕਾਰਨ, ਸਾਰੇ ਫਾਇਰਫਾਈਟਰਾਂ ਨੂੰ ਵਾਪਸ ਬੁਲਾ ਲਿਆ ਗਿਆ ਸੀ।’’ ਕਾਲਾ ਧੂੰਆਂ ਹਵਾ ਵਿੱਚ ਉੱਡਣ ਕਾਰਨ ਅੱਗ ਦੀਆਂ ਲਪਟਾਂ ਚਰਚ ਦੀ ਛੱਤ ਵਿੱਚੋਂ ਨਿਕਲਦੀਆਂ ਵੇਖੀਆਂ ਜਾ ਸਕਦੀਆਂ ਸਨ। ਵਿਲਸਨ ਨੇ ਕਿਹਾ ਕਿ ਫਾਇਰਫਾਈਟਰਾਂ ਨੇ ਲੱਕੜ ਦੀ ਬਣੀ ਇਸ ਇਮਾਰਤ ’ਚ ਅੱਗ ’ਤੇ ਕਾਬੂ ਪਾਉਣ ਲਈ ਕਈ ਘੰਟਿਆਂ ਤੱਕ ਸਖ਼ਤ ਮਿਹਨਤ ਕਰਨੀ ਪਈ। ਮੌਕੇ ’ਤੇ ਮੌਜੂਦ ਇਕ ਗਵਾਹ ਨੇ ਦੱਸਿਆ ਕਿ ਚਰਚ ਦੀ ਛੱਤ ਦੇ ਵੱਖ-ਵੱਖ ਹਿੱਸਿਆਂ ’ਚ ਕਈ ਵਾਰ ਅੱਗ ਦੀਆਂ ਲਪਟਾਂ ਬੁਝ ਜਾਂਦੀਆਂ ਸਨ ਅਤੇ ਮੁੜ ਉਨ੍ਹਾਂ ’ਚ ਅੱਗ ਲੱਗ ਜਾਂਦੀ ਸੀ।
ਵਿਲਸਨ ਨੇ ਦੱਸਿਆ ਕਿ ਅੱਗ ਦੀ ਗੰਭੀਰਤਾ ਦੇ ਬਾਵਜੂਦ, ਚਰਚ ਦੇ ਅੰਦਰ ਕੁਝ ਮਹੱਤਵਪੂਰਨ ਚੀਜ਼ਾਂ ਅਤੇ ਦਸਤਾਵੇਜ਼ਾਂ ਨੂੰ ਸਫ਼ਲਤਾਪੂਰਵਕ ਬਚਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਬਾਅਦ ’ਚ ਇਹ ਸਮਾਨ ਚਰਚ ਦੇ ਮੈਂਬਰਾਂ ਦੇ ਹਵਾਲੇ ਕੀਤਾ ਗਿਆ ਜਿਹੜੇ ਕਿ ਮੌਕੇ ’ਤੇ ਮੌਜੂਦ ਸਨ। ਅੱਗ ਦੀ ਗੰਭੀਰਤਾ ਦੇ ਚੱਲਦਿਆਂ ਪੁਲਿਸ ਵਲੋਂ ਇੱਥੇ ਆਵਾਜਾਈ ਨੂੰ ਕਈ ਘੰਟਿਆਂ ਤੱਕ ਬੰਦ ਕਰ ਰੱਖਿਆ।
ਇਸ ਹਾਦਸੇ ’ਚ ਦੋ ਫਾਇਰਫਾਈਟਰਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਹਨ ਪਰ ਕਿਸੇ ਨਾਗਰਿਕ ਦੇ ਜ਼ਖ਼ਮੀ ਹੋਣ ਦੀ ਕੋਈ ਜਾਣਕਾਰੀ ਨਹੀ ਹੈ। ਫਿਲਹਾਲ ਪੁਲਿਸ ਅਤੇ ਫਾਇਰ ਇਨਵੈਸਟੀਗੇਟਰ ਇਸ ਮਾਮਲੇ ਦੀ ਜਾਂਚ ’ਚ ਜੁਟੇ ਹੋਏ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਜਾਂਚ ਅਜੇ ਮੁੱਢਲੇ ਪੜਾਅ ’ਚ ਹੈ। ਇੱਕ ਵਾਰ ਜਦੋਂ ਜਾਂਚ ਪੂਰੀ ਹੋ ਜਾਵੇਗੀ ਤਾਂ ਹੀ ਇਸ ਗੱਲ ਦਾ ਪਤਾ ਲੱਗ ਸਕੇਗਾ ਕਿ ਇਹ ਅੱਗ ਆਖ਼ਰ ਲੱਗੀ ਕਿਸ ਤਰ੍ਹਾਂ ਸੀ।