ਮਿਸ ਪੀ.ਟੀ.ਸੀ ਪੰਜਾਬਣ : ਸਿਆਸਤ ਦਾ ਸ਼ਿਕਾਰ ਹੋਏ ਨਰਾਇਣ- ਪੀ.ਟੀ.ਸੀ

ਚੰਡੀਗੜ੍ਹ- ਮਿਸ ਪੰਜਾਬਣ ਮਾਮਲੇ ‘ਚ ਪੀ.ਟੀ.ਸੀ ਚੈਨਲ ਦੇ ਐੱਮ.ਡੀ ਰਬਿੰਦਰ ਨਰਾਇਣ ਦੀ ਗ੍ਰਿਫਤਾਰੀ ਦਿਨ ਭਰ ਪੰਜਾਬ ਅਤੇ ਵਿਦੇਸ਼ਾਂ ਚ ਚਰਚਾ ਦਾ ਵਿਸ਼ਾ ਬਣੀ ਰਹੀ ।ਸੋਸ਼ਲ ਮੀਡੀਆ ‘ਤੇ ਲੋਕਾਂ ਵੋਂ ਆਪਣੇ ਆਪਣੇ ਪ੍ਰਤੀਕਰਮ ਦਿੱਤੇ ਜਾ ਰਹੇ ਨੇ ।ਨਰਾਇਣ ਦੀ ਗ੍ਰਿਫਤਾਰੀ ਤੋਂ ਬਾਅਦ ਚੈਨਲ ਨੇ ਅਧਿਕਾਰਿਕ ਰੂਪ ਚ ਆਪਣਾ ਬਿਆਨ ਜਾਰੀ ਕੀਤਾ ਹੈ ।

ਪੀਟੀਸੀ ਨੈਟਵਰਕ ਦੇ ਐੱਮ.ਡੀ. ਸ਼੍ਰੀ ਰਬਿੰਦਰ ਨਰਾਇਣ ਦੀ ਗ੍ਰਿਫ਼ਤਾਰੀ ਬਾਰੇ ਸਖ਼ਤ ਪ੍ਰਤੀਕਰਮ ਦਿੰਦੇ ਹੋਏ, ਪੀਟੀਸੀ ਨੈਟਵਰਕ ਦੇ ਬੁਲਾਰੇ ਨੇ ਇਸ ਕਾਰਵਾਈ ਨੂੰ ਕੋਝੀ ਸਿਆਸਤ ਪ੍ਰੇਰਿਤ ਕਾਰਵਾਈ ਕਰਾਰ ਦਿੱਤਾ ਹੈ। ਮੀਡੀਆ ਨੂੰ ਦਿੱਤੇ ਬਿਆਨ ਵਿੱਚ ਪੀਟੀਸੀ ਬੁਲਾਰੇ ਨੇ ਕਿਹਾ ਹੈ ਕਿ ਮਿਸ ਪੰਜਾਬਣ ਪ੍ਰੋਗਰਾਮ ਨਾਲ ਸੰਬੰਧਿਤ ਮਾਮਲੇ ਵਿੱਚ ਬਣਾਈ ਗਈ ਐੱਸ.ਆਈ.ਟੀ. ਪਹਿਲਾਂ ਹੀ ਸਾਡੇ ਐੱਮ.ਡੀ. ਸ਼੍ਰੀ ਰਬਿੰਦਰ ਨਰਾਇਣ ਦੇ ਬਿਆਨ ਲੈ ਚੁੱਕੀ ਹੈ। ਸ਼੍ਰੀ ਨਰਾਇਣ ਨੇ ਮਾਮਲੇ ਦੀ ਜਾਂਚ ਸੰਬੰਧੀ ਐੱਸ.ਆਈ.ਟੀ. ਨੂੰ ਪੂਰਾ ਸਹਿਯੋਗ ਦਿੱਤਾ, ਅਤੇ ਸਾਰੇ ਡੀ.ਵੀ.ਆਰ. ਵੀ ਪੁਲੀਸ ਨੂੰ ਸੌਂਪੇ ਜਾ ਚੁੱਕੇ ਹਨ। ਬੁਲਾਰੇ ਨੇ ਦੁਹਰਾਇਆ ਕਿ ਇਸ ਮਾਮਲੇ ‘ਚ ਨਾਮਜ਼ਦ ਮੁੱਖ ਮੁਲਜ਼ਮ ਨੈਨਸੀ ਘੁੰਮਣ ਅਤੇ ਭੁਪਿੰਦਰ ਸਿੰਘ ਨਾਲ ਪੀਟੀਸੀ ਨੈੱਟਵਰਕ ਦਾ ਕਿਸੇ ਕਿਸਮ ਦਾ ਕੋਈ ਸੰਬੰਧ ਨਹੀਂ ਹੈ, ਅਤੇ ਨਾ ਹੀ ਉਨ੍ਹਾਂ ਨਾਲ ਕਦੇ ਕਿਸੇ ਕਿਸਮ ਦਾ ਕੋਈ ਵਪਾਰਕ ਸਰੋਕਾਰ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਮਾਮਲੇ ‘ਚ ਨਾਮਜ਼ਦ ਉਕਤ ਵਿਅਕਤੀ ਨੈਨਸੀ ਘੁੰਮਣ ਅਤੇ ਭੁਪਿੰਦਰ ਸਿੰਘ ਨਾਲ ਪੀਟੀਸੀ ਨੈਟਵਰਕ ਦਾ ਕਿਸੇ ਵੀ ਕਿਸਮ ਦਾ ਕੋਈ ਸੰਬੰਧ ਸਾਬਤ ਕਰ ਦੇਣ ਵਾਲੇ ਨੂੰ ਮੀਡੀਆ ਰਾਹੀਂ ਸ਼੍ਰੀ ਰਬਿੰਦਰ ਨਰਾਇਣ ਇੱਕ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕਰ ਚੁੱਕੇ ਹਨ।