ਪੰਜਾਬ ਪੁਲਿਸ ਨੇ ਲਿਆ ਸ਼ਹੀਦ ਅੰਮ੍ਰਿਤਪਾਲ ਦਾ ਬਦਲਾ, ਮੁਲਜ਼ਮ ਨੂੰ ਕੀਤਾ ਢੇਰ

ਡੈਸਕ- ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿਚ ਬੀਤੇ ਦਿਨ ਪੁਲਿਸ ਮੁਲਾਜ਼ਮ ’ਤੇ ਗੋਲੀ ਚਲਾਉਣ ਵਾਲੇ ਸੁਖਵਿੰਦਰ ਸਿੰਘ ਰਾਣਾ ਉਰਫ ਗੈਂਗਸਟਰ ਰਾਣਾ ਮਨਸੂਰਪੁਰੀਆ ਨੂੰ ਪੁਲਿਸ ਨੇ ਮੁਕੇਰੀਆਂ ਪਠਾਨਕੋਟ ਕੌਮੀ ਮਾਰਗ ਉਤੇ ਪੈਂਦੇ ਪਿੰਡ ਪੁਰਾਣਾ ਭੰਗਾਲਾ ਨੇੜੇ ਇਕ ਮੁਕਾਬਲੇ ਵਿਚ ਢੇਰ ਕਰ ਦਿੱਤਾ।

ਦੱਸਣਯੋਗ ਹੈ ਕਿ ਬੀਤੇ ਦਿਨ ਪਿੰਡ ਮਨਸੂਰਪੁਰ ਵਿਖੇ ਰਾਣਾ ਮਨਸੂਰਪੁਰੀਆ ਨੂੰ ਫੜਨ ਗਈ ਸੀਆਈਏ ਸਟਾਫ ਦੀ ਟੀਮ ਉਤੇ ਗੈਂਗਸਟਰ ਨੇ ਹਮਲਾ ਕਰਕੇ ਇਕ ਮੁਲਾਜ਼ਮ ਅੰਮਿ੍ਤਪਾਲ ਸਿੰਘ ਨੂੰ ਜ਼ਖਮੀ ਕਰ ਦਿੱਤਾ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

ਪੁਲਿਸ ਵੱਲੋਂ ਮੁਲਜ਼ਮ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ। ਐਸਐਸਪੀ ਹੁਸ਼ਿਆਰਪੁਰ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਘਟਨਾ ਸਮੇਂ ਤੋਂ ਹੀ ਦੋਸ਼ੀ ਦੀ ਭਾਲ ਕਰ ਰਹੀ ਸੀ ਅਤੇ ਵੱਖ ਵੱਖ ਸੂਚਨਾਵਾਂ ਦੇ ਅਧਾਰ ’ਤੇ ਪਿੰਡਾਂ ਅਤੇ ਖੇਤਾਂ ਦੀਆਂ ਲੋਕੇਸ਼ਨਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਹੋਈ ਸੀ।

ਪੁਲਿਸ ਨੇ ਘਟਨਾ ਦੀ ਥਾਂ ਤੋਂ ਜਲੰਧਰ, ਹੁਸ਼ਿਆਰਪੁਰ, ਪਠਾਨਕੋਟ ਨੂੰ ਜਾਣ ਵਾਲੀਆਂ ਸਾਰੀਆਂ ਜਰਨੈਲੀ, ਸੰਪਰਕ ਸੜਕਾਂ ਉਤੇ ਰਾਤ ਤੋਂ ਹੀ ਨਾਕਾਬੰਦੀ ਕੀਤੀ ਹੋਈ ਸੀ ਅਤੇ ਕਰੀਬ 4 ਡੀਐਸਪੀ ਅਤੇ 6 ਥਾਣਾ ਮੁਖੀਆਂ ਦੀ ਅਗਵਾਈ ਵਾਲੀਆਂ ਦਰਜਨ ਭਰ ਪੁਲਿਸ ਟੀਮਾਂ ਵਲੋਂ ਲਗਾਤਾਰ ਗ਼ਸ਼ਤ ਕੀਤੀ ਜਾ ਰਹੀ ਸੀ।

ਪੁਲਿਸ ਨੂੰ ਸੁੂਹ ਮਿਲੀ ਸੀ ਕਿ ਮੁਲਜ਼ਮ ਰਾਣਾ ਮਨਸੂਰਪੁਰੀਆ ਨੂੰ ਉਸ ਦੇ ਕਿਸੇ ਸਾਥੀ ਨੇ ਹਾਜੀਪੁਰ ਖੇਤਰ ਵਿਚ ਜੰਗਲਾਂ ਵਿੱਚ ਛੱਡਿਆ ਹੈ, ਜਿਸ ਦੀ ਵੱਖ ਵੱਖ ਟੀਮਾਂ ਬਣਾ ਕੇ ਭਾਲ ਕੀਤੀ ਜਾ ਰਹੀ ਸੀ। ਇਸੇ ਦੌਰਾਨ ਪੁਲਿਸ ਨੂੰ ਅੱਜ ਸਵੇਰੇ ਕਰੀਬ 9.30 ਸੂਚਨਾ ਮਿਲੀ ਸੀ ਕਿ ਉਕਤ ਗੈਂਗਸਟਰ ਨੇ ਭੰਗਾਲਾ ਨੇੜਲੇ ਇਕ ਪੈਟਰੋਲ ਪੰਪ ਤੋਂ ਮੋਟਰਸਾਈਕਲ ਵਿੱਚ ਤੇਲ ਪੁਆਇਆ ਹੈ। ਤਕਰੀਬਨ 5 ਵਜੇ ਸੂਚਨਾ ਮਿਲੀ ਸੀ ਕਿ ਗੈਂਗਸਟਰ ਰਾਣਾ ਨੇ ਭੰਗਾਲਾ ਨੇੜਲੇ ਅਮਨ ਪੈਲੇਸ ਦੇ ਬਾਹਰਵਾਰ ਇਕ ਸੁੰਨਸਾਨ ਥਾਂ ’ਤੇ ਸ਼ਰਨ ਲਈ ਹੋਈ ਹੈ। ਗੈਂਗਸਟਰ ਰਾਣਾ ਨੇ ਪੁਲਿਸ ਨੂੰ ਦੇਖਦਿਆਂ ਹੀ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਫਾਇਰਿੰਗਿ ’ਚ ਰਾਣਾ ਢੇਰ ਹੋ ਗਿਆ।