ਮਾਮਲੇ ‘ਚ ਫੰਸਦਾ ਵੇਖ ਫਰਾਰ ਹੋਇਆ ਜਲੰਧਰ ਦਾ ਇਹ ਥਾਣੇਦਾਰ

ਡੈਸਕ- ਜਲੰਧਰ ਦੇ ਢਿੱਲੋਂ ਭਰਾਵਾਂ ਮਾਨਵਜੀਤ ਤੇ ਜਸ਼ਨਵੀਰ ਢਿੱਲੋਂ ਦੇ ਖੁਦਕੁਸ਼ੀ ਮਾਮਲੇ ‘ਚ ਲਾਈਨ ਹਾਜ਼ਰ ਚੱਲ ਰਹੇ ਥਾਣਾ ਇੰਚਾਰਜ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਫਰਾਰ ਹੋ ਗਏ ਹਨ। ਜਸ਼ਨਵੀਰ ਦੀ ਲਾਸ਼ ਮਿਲਣ ਮਗਰੋਂ ਉਨ੍ਹਾਂ ਖਿਲਾਫ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕੀਤਾ ਗਿਆ ਸੀ। ਫਰਾਰ ਹੋਣ ਮਗਰੋਂ ਪੁਲਿਸ ਵਾਲਿਆਂ ਖ਼ਿਲਾਫ਼ ਲੁੱਕਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ।

ਪੁਲਿਸ ਕੇਸ ਮੁਤਾਬਕ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 1 ਵਿੱਚ ਤਤਕਾਲੀ ਐਸਐਚਓ ਨਵਦੀਪ ਸਿੰਘ, ਮੁਨਸ਼ੀ ਬਲਵਿੰਦਰ ਤੇ ਮਹਿਲਾ ਕਾਂਸਟੇਬਲ ਜਗਜੀਤ ਕੌਰ ਵੱਲੋਂ ਤਸ਼ੱਦਦ ਤੇ ਜ਼ਲੀਲ ਕੀਤੇ ਜਾਣ ਤੋਂ ਬਾਅਦ ਢਿੱਲੋਂ ਭਰਾਵਾਂ ਮਾਨਵਜੀਤ ਤੇ ਜਸ਼ਨਵੀਰ ਨੇ ਗੋਇੰਦਵਾਲ ਸਾਹਿਬ ਦੇ ਪੁਲ ਤੋਂ ਬਿਆਸ ਦਰਿਆ ਵਿੱਚ ਛਾਲ ਮਾਰ ਦਿੱਤੀ ਸੀ। ਜਸ਼ਨਵੀਰ ਦੀ ਲਾਸ਼ ਤਿੰਨ ਦਿਨ ਪਹਿਲਾਂ ਖੇਤ ਵਿੱਚ ਦੱਬੀ ਹੋਈ ਮਿਲੀ ਸੀ ਪਰ ਮਾਨਵਜੀਤ ਦੀ ਲਾਸ਼ ਅਜੇ ਤੱਕ ਨਹੀਂ ਮਿਲੀ।

ਹੈਰਾਨੀ ਵਾਲੀ ਗੱਲ ਹੈ ਕਿ ਲਾਈਨ ਹਾਜ਼ਰ ਕੀਤੇ ਗਏ ਤਿੰਨੇ ਪੁਲਿਸ ਮੁਲਾਜ਼ਮ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਮਾਮਲਾ ਦਰਜ ਹੁੰਦੇ ਹੀ ਪੁਲਿਸ ਲਾਈਨ ‘ਚੋਂ ਗਾਇਬ ਹੋ ਗਏ। ਸੂਤਰਾਂ ਮੁਤਾਬਕ ਰੂਪੋਸ਼ ਹੋਣ ਤੋਂ ਬਾਅਦ ਤਿੰਨੋਂ ਪੁਲਿਸ ਵਾਲੇ ਲਗਾਤਾਰ ਕੁਝ ਵਕੀਲਾਂ ਦੇ ਸੰਪਰਕ ਵਿੱਚ ਹਨ ਤੇ ਅਗਾਊਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਤਿੰਨੇ ਜਲਦੀ ਹੀ ਆਪਣੇ ਵਕੀਲ ਰਾਹੀਂ ਕਪੂਰਥਲਾ ਅਦਾਲਤ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕਰ ਸਕਦੇ ਹਨ।