ਅੱਜ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲੇਗਾ ਭਾਰਤ

ਨਵੀਂ ਦਿੱਲੀ : ਭਾਰਤ ਲਈ ਅੱਜ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਕੱਲ੍ਹ ਸੋਮਵਾਰ ਤੋਂ ਹੋਵੇਗਾ।

ਸੁਰੱਖਿਆ ਪ੍ਰੀਸ਼ਦ ‘ਚ ਭਾਰਤ ਪ੍ਰਮੁੱਖ ਰੂਪ ਨਾਲ ਤਿੰਨ ਮੁੱਦਿਆਂ ‘ਤੇ ਅੱਗੇ ਵਧੇਗਾ। ਇਹ ਮੁੱਦੇ ਅੱਤਵਾਦ, ਅਮਨ ਤੇ ਸਮੁੰਦਰੀ ਸੁਰੱਖਿਆ ਹਨ। ਸੁਰੱਖਿਆ ਪ੍ਰੀਸ਼ਦ ਦੇ ਅਸਥਾਈ ਮੈਂਬਰ ਵਜੋਂ ਭਾਰਤ ਦਾ ਦੋ ਸਾਲਾਂ ਦਾ ਕਾਰਜਕਾਲ 1 ਜਨਵਰੀ, 2021 ਨੂੰ ਸ਼ੁਰੂ ਹੋਇਆ ਸੀ। ਭਾਰਤ ਫਿਰ ਅਗਲੇ ਸਾਲ ਦਸੰਬਰ ਵਿਚ ਆਪਣੇ ਦੋ ਸਾਲਾਂ ਦੇ ਕਾਰਜਕਾਲ ਦੇ ਆਖਰੀ ਮਹੀਨੇ ਸੁਰੱਖਿਆ ਪ੍ਰੀਸ਼ਦ ਦੀ ਮੁੜ ਪ੍ਰਧਾਨਗੀ ਕਰੇਗਾ।

ਇਸ ਕਾਰਜਕਾਲ ਦੌਰਾਨ, ਭਾਰਤ ਤਿੰਨ ਮੁੱਖ ਖੇਤਰਾਂ-ਸਮੁੰਦਰੀ ਸੁਰੱਖਿਆ, ਸ਼ਾਂਤੀ ਰੱਖਿਅਕ ਅਤੇ ਅੱਤਵਾਦ ਦੇ ਵਿਰੁੱਧ ਉੱਚ ਪੱਧਰੀ ਪ੍ਰੋਗਰਾਮਾਂ ਦਾ ਆਯੋਜਨ ਕਰੇਗਾ। ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਪ੍ਰਤੀਨਿਧੀ ਟੀਐਸ ਤਿਰੂਮੂਰਤੀ ਨੇ ਸੰਯੁਕਤ ਰਾਸ਼ਟਰ ਦੀ 15 ਮੈਂਬਰੀ ਸ਼ਕਤੀਸ਼ਾਲੀ ਸੰਸਥਾ ਦੀ ਆਵਰਤੀ ਪ੍ਰਧਾਨਗੀ ਸੰਭਾਲਣ ਦੀ ਪੂਰਵ ਸੰਧਿਆ ‘ਤੇ ਇਕ ਵੀਡੀਓ ਸੰਦੇਸ਼ ਵਿਚ ਕਿਹਾ ਕਿ ਸਮੁੰਦਰੀ ਸੁਰੱਖਿਆ ਭਾਰਤ ਲਈ ਉੱਚ ਤਰਜੀਹ ਹੈ ਅਤੇ ਸੁਰੱਖਿਆ ਪ੍ਰੀਸ਼ਦ ਲਈ ਇਹ ਮਹੱਤਵਪੂਰਨ ਹੈ ਕਿ ਉਸਨੂੰ ਇਸ ਬਾਰੇ ਸੰਪੂਰਨ ਪਹੁੰਚ ਅਪਣਾਉਣੀ ਚਾਹੀਦੀ ਹੈ।

ਟੀਵੀ ਪੰਜਾਬ ਬਿਊਰੋ