ਨਸ਼ੇ ਨੇ ਤਬਾਅ ਕੀਤਾ ਪੰਜਾਬ, ਇਕੋ ਦਿਨ ਦੋ ਸਕੇ ਭਰਾਵਾਂ ਦੀ ਨਸ਼ੇ ਨਾਲ ਮੌਤ

ਅੰਮ੍ਰਿਤਸਰ – ਨਸ਼ਿਆਂ ਨੇ ਜਿੱਥੇ ਪਹਿਲਾਂ ਹੀ ਪੰਜਾਬ ਦਾ ਲੱਕ ਤੋੜ ਕੇ ਰੱਖਿਆ ਹੈ, ਉਥੇ ਮਹਾਨਗਰ ਅੰਮ੍ਰਿਤਸਰ ਵਿੱਚ ਨਸ਼ੇ ਨੇ ਇਕੋ ਹੀ ਦਿਨ ਵਿਚ ਦੋ ਭਰਾਵਾਂ ਦੀ ਜਾਨ ਲੈ ਲਈ। ਜਾਣਕਾਰੀ ਮੁਤਾਬਕ ਇੱਕ ਭਰਾ ਨਸ਼ੀਲੇ ਪਦਾਰਥਾਂ ਸਮੇਤ ਫੜਿਆ ਗਿਆ ਅਤੇ ਜੇਲ੍ਹ ਗਿਆ ਵਿਚ ਬੰਦ ਸੀ ਜਿਸਦੀ ਤਬੀਅਤ ਖਰਾਬ ਹੋਣ ਤੇ ਉਸਨੂੰ ਜੇਲ੍ਹ ਦੇ ਹਸਪਤਾਲ ਤੋਂ ਗੁਰੂ ਨਾਨਕ ਦੇਵ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਸੀ। ਜਿਥੇ ਇਹ ਸੁਣਦੇ ਹੀ ਉਸਦੇ ਦੂਜੇ ਭਰਾ ਨੇ ਗਮ ‘ਚ ਨਸ਼ੇ ਦੀ ਓਵਰਡੋਜ਼ ਲੈ ਲਈ ਜਿਸ ਨਾਲ ਦੋਵਾਂ ਭਰਾਵਾਂ ਦੀ ਮੌਤ ਹੋ ਗਈ। ਦੋਵਾਂ ਭਰਾਵਾਂ ਦੀ ਮੌਤ ਕਰੀਬ 5 ਘੰਟੇ ਦੇ ਸਮੇਂ ਵਿੱਚ ਇੱਕੋ ਦਿਨ ਵਿੱਚ ਹੋਈ। ਦੋਵਾਂ ਪੁੱਤਰਾਂ ਦੀ ਮੌਤ ਤੋਂ ਬਾਅਦ ਪੂਰਾ ਪਰਿਵਾਰ ਅਤੇ ਆਂਢ-ਗੁਆਂਢ ਦੇ ਲੋਕ ਸੋਗ ਵਿਚ ਹਨ ਅਤੇ ਸਰਕਾਰ ਤੋਂ ਨਸ਼ੇ ਨੂੰ ਖਤਮ ਕਰਨ ਦੀ ਮੰਗ ਕਰ ਰਹੇ ਹਨ।

ਇਹ ਘਟਨਾ ਅੰਮ੍ਰਿਤਸਰ ਦੇ ਇਲਾਕੇ ਕੱਟੜਾ ਬੱਗੀਆਂ ਦੀ ਹੈ ਜਿਥੇ ਦੋਵੇਂ ਭਰਾ ਨਸ਼ੇ ਦੇ ਆਦੀ ਸਨ। ਰੋਹਨ ਨਸ਼ੇ ਦੀ ਪੂਰਤੀ ਨਾ ਹੋਣ ਕਾਰਨ ਨਸ਼ਾ ਵੇਚਣ ਦਾ ਕੰਮ ਕਰਨ ਲੱਗ ਗਿਆ ਸੀ। ਪੁਲਿਸ ਨੇ ਕੁਝ ਦਿਨ ਪਹਿਲਾਂ ਉਸ ਨੂੰ ਗ੍ਰਿਫ਼ਤਾਰ ਕਰਕੇ ਐੱਨਡੀਪੀਐੱਸ ਕੇਸ ਵਿੱਚ ਜੇਲ੍ਹ ਭੇਜ ਦਿੱਤਾ ਸੀ। ਜੇਲ੍ਹ ਦੇ ਸਹਾਇਕ ਸੁਪਰਡੰਟ ਸੁਬੇਗ ਸਿੰਘ ਨੇ ਦੱਸਿਆ ਕਿ ਬੀਤੇ ਕੁਝ ਦਿਨ ਪਹਿਲਾਂ ਜੇਲ੍ਹ ਵਿੱਚ ਉਸਦੀ ਹਾਲਤ ਵਿਗੜ ਗਈ। ਉਸਦੇ ਬਾਅਦ ਜੇਲ਼੍ਹ ਵਿਚ ਹਸਪਤਾਲ ਵਿਚ ਇਲਾਜ ਕਰਾਇਆ ਜਾ ਰਿਹਾ ਸੀ ਪਰ ਬੀਤੇ ਦਿਨੀ ਉਸਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਅਤੇ ਉਸ ਨੂੰ ਜੇਲ੍ਹ ਵਿੱਚੋਂ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜੇਲ੍ਹ ਪ੍ਰਸ਼ਾਸਨ ਨੇ ਇਸ ਦੀ ਸੂਚਨਾ ਪਰਿਵਾਰ ਨੂੰ ਦਿੱਤੀ।