ਰੂਸੀ ਰਾਸ਼ਟਰਪਤੀ ਪੁਤਿਨ ਨਾਲ ਪੰਗਾ ਲੈਣ ਵਾਲੇ ਵਾਗਨਰ ਦੇ ਸੰਸਥਾਪਕ ਪ੍ਰਿਗੋਝਿਨ ਦੀ ਜਹਾਜ਼ ਹਾਦਸੇ ’ਚ ਮੌਤ

Moscow- ਰੂਸ ਦੀ ਪ੍ਰਾਈਵੇਟ ਆਰਮੀ ਵਾਗਨਰ ਦੇ ਸੰਸਥਾਪਕ ਯੇਵੇਗਨੀ ਪ੍ਰਿਗੋਝਿਨ ਦੀ ਇੱਕ ਜਹਾਜ਼ ਹਾਦਸੇ ਦੌਰਾਨ ਮੌਤ ਹੋ ਗਈ। ਰੂਸੀ ਮੀਡੀਆ ਵਲੋਂ ਐਮਰਜੈਂਸੀ ਮੰਤਰਾਲੇ ਦੇ ਹਵਾਲੇ ਨਾਲ ਇਹ ਖ਼ਬਰ ਦਿੱਤੀ ਗਈ ਹੈ।
ਮੰਤਰਾਲੇ ਮੁਤਾਬਕ ਜਹਾਜ਼ ’ਚ ਕੁੱਲ 10 ਲੋਕ ਸਵਾਰ ਸਨ, ਜਿਨ੍ਹਾਂ ’ਚ ਸੱਤ ਯਾਤਰੀ ਸਨ ਅਤੇ ਤਿੰਨ ਚਾਲਕ ਦਲ ਦੇ ਮੈਂਬਰ ਸਨ। ਮੰਨਿਆ ਜਾ ਰਿਹਾ ਹੈ ਕਿ ਇਸ ਹਾਦਸੇ ’ਚ ਜਹਾਜ਼ ’ਚ ਸਵਾਰ ਸਾਰੇ 10 ਲੋਕਾਂ ਦੀ ਮੌਤ ਹੋ ਗਈ ਹੈ। ਇਸ ਜਹਾਜ਼ ’ਚ ਵਾਗਨਰ ਦੇ ਸੰਸਥਾਪਕ ਯੇਵੇਗਨੀ ਪ੍ਰਿਗੋਝਿਨ ਵੀ ਸਵਾਰ ਸਨ।
ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰਾਈਵੇਟ ਜੈੱਟ ਨੇ ਮਾਸਕੋ ਤੋਂ ਸੇਂਟ ਪੀਟਰਸਬਰਗ ਲਈ ਉਡਾਣ ਭਰੀ ਸੀ। ਉਡਾਣ ਭਰਨ ਦੇ ਕੁਝ ਸਮੇਂ ਅੰਦਰ ਹੀ ਇਹ ਜਹਾਜ਼ ਤਵੇਰ ਇਲਾਕੇ ਦੇ ਨਜ਼ਦੀਕ ਕੁਜ਼ੇਨਕਿਨੋ ਪਿੰਡ ’ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਰੂਸ ਦੇ ਐਮਰਜੈਂਸੀ ਮੰਤਰਾਲੇ ਦਾ ਕਹਿਣਾ ਹੈ ਕਿ ਮੁੱਢਲੀ ਜਾਣਕਾਰੀ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਹਾਦਸੇ ਦੌਰਾਨ ਜਹਾਜ਼ ’ਚ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਵਲੋਂ ਘਟਨਾ ਵਾਲੀ ਥਾਂ ’ਤੇ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ।
ਰੂਸ ਦੀਆਂ ਕੁਝ ਮੀਡੀਆ ਰਿਪੋਰਟਾਂ ਮੁਤਾਬਕ ਮੌਕੇ ਤੋਂ 8 ਲਾਸ਼ਾਂ ਬਰਾਮਦ ਕੀਤੀ ਗਈਆਂ ਹਨ। ਰੂਸੀ ਜਾਂਚ ਕਮੇਟੀ ਦਾ ਕਹਿਣਾ ਹੈ ਕਿ ਇਸ ਹਾਦਸੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਪ੍ਰਿਗੋਝਿਨ ਦੀ ਮੌਤ ਦੀ ਪੁਸ਼ਟੀ ਅਜੇ ਤੱਕ ਨਹੀਂ ਹੋਈ ਹੈ।
ਇੱਥੇ ਇਹ ਦੱਸਣਾ ਬਣਦਾ ਹੈ ਕਿ ਰੂਸ-ਯੂਕਰੇਨ ਯੁੱਧ ’ਚ ਵੈਗਨਰ ਆਰਮੀ ਰੂਸ ਵਲੋਂ ਲੜ ਰਹੀ ਸੀ ਪਰ ਜੂਨ ’ਚ ਵੈਗਨਰ ਮੁਖੀ ਨੇ ਰੂਸ ਵਿਰੁੱਧ ਵਿਦਰੋਹ ਕਰ ਦਿੱਤਾ ਸੀ।
ਪ੍ਰਿਗੋਝਿਨ ਕੁਝ ਦਿਨ ਪਹਿਲਾਂ ਹੀ ਦੁਨੀਆ ਦੇ ਸਾਹਮਣੇ ਆਏ ਸਨ। ਉਦੋਂ ਉਨ੍ਹਾਂ ਨੇ ਟੈਲੀਗ੍ਰਾਮ ’ਤੇ ਇੱਕ ਛੋਟੀ ਜਿਹੀ ਵੀਡੀਓ ਜਾਰੀ ਕੀਤੀ ਸੀ। ਰਿਪੋਰਟਾਂ ਮੁਤਾਬਕ ਵੀਡੀਓ ਨੂੰ ਅਫਰੀਕਾ ’ਚ ਬਣਾਇਆ ਗਿਆ ਸੀ। ਉਹ ਫੌਜ ਦੀ ਵਰਦੀ ’ਚ ਇੱਕ ਰੇਗਿਸਤਾਨ ’ਚ ਨਜ਼ਰ ਆ ਰਹੇ ਸਨ। ਉੱਥੇ ਹੀ ਉਨ੍ਹਾਂ ਦੇ ਹੱਥ ’ਚ ਇੱਕ ਬੰਦੂਕ ਸੀ। ਕੋਲ ਹੀ ਇੱਕ ਪਿਕਅੱਪ ਟਰੱਕ ਖੜ੍ਹਾ ਦਿਖਾਈ ਦੇ ਰਿਹਾ ਸੀ। ਜੁਲਾਈ ’ਚ ਪ੍ਰਿਗੋਝਿਨ ਨੇ ਕਿਹਾ ਸੀ ਕਿ ਉਹ ਆਪਣੀ ਮੌਜੂਦਗੀ ਅਫ਼ਰੀਕਾ ’ਚ ਵਧਾਉਣ ਜਾ ਰਹੇ ਹਨ। ਜੂਨ ’ਚ ਉਨ੍ਹਾਂ ਨੇ ਰੂਸ ਵਿਰੁੱਧ ਵਿਦਰੋਹ ਕੀਤਾ ਸੀ, ਜਿਹੜਾ ਕਿ 24 ਘੰਟਿਆਂ ਦੇ ਅੰਦਰ ਹੀ ਖ਼ਤਮ ਹੋ ਗਿਆ ਸੀ।