ਕੇਜਰੀਵਾਲ ਨੇ ਹੁਣ ਉਤਰਾਖੰਡ ਵਾਸੀਆਂ ਨਾਲ ਕੀਤਾ 300 ਯੂਨਿਟ ਮੁਫ਼ਤ ਬਿਜਲੀ ਦੇਣ ਦਾ ਵਾਅਦਾ

ਦੇਹਰਾਦੂਨ : ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਤਰਾਖੰਡ ਚੋਣਾਂ ਦੇ ਮੱਦੇਨਜ਼ਰ ਵਾਅਦਾ ਕੀਤਾ ਹੈ ਕਿ ਜੇ 2022 ਵਿਚ ਉਤਰਾਖੰਡ ਵਿਚ ‘ਆਪ’ ਦੀ ਸਰਕਾਰ ਬਣੀ ਤਾਂ ਹਰ ਪਰਿਵਾਰ ਨੂੰ 300 ਯੂਨਿਟ ਤਕ ਮੁਫਤ ਬਿਜਲੀ ਦਿੱਤੀ ਜਾਵੇਗੀ। ਕੇਜਰੀਵਾਲ ਨੇ ਕਿਹਾ, “ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾਵੇਗੀ ਅਤੇ ਪੁਰਾਣੇ ਬਿੱਲ ਮੁਆਫ ਕੀਤੇ ਜਾਣਗੇ। ਉਨ੍ਹਾਂ ਕਿਹਾ, “ਇਕ ਨਵੀਂ ਸ਼ੁਰੂਆਤ ਹੋਵੇਗੀ। ਰਾਜ ਵਿਚ ਕੋਈ ਬਿਜਲੀ ਕਟੌਤੀ ਨਹੀਂ ਕੀਤੀ ਜਾਏਗੀ, ਜਿਵੇਂ ਕਿ ਦਿੱਲੀ ਵਿਚ ਕੀਤੀ ਗਈ ਹੈ।”

ਅਰਵਿੰਦ ਕੇਜਰੀਵਾਲ ਨੇ ਅੱਜ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਕਿ ਉਤਰਾਖੰਡ ਦੇ ਲੋਕ ਦੋਵਾਂ ਪਾਰਟੀਆਂ ਦੇ ਚੱਕਰਾਂ ‘ਚ ਇਸ ਤਰਾਂ ਪਿਸ ਰਹੇ ਹਨ ਜਿਵੇਂ ਚੱਕੀ ਦੇ ਦੋ ਪੁੜਾਂ ਵਿਚਕਾਰ ਕਣਕ ਦੇ ਦਾਣੇ ਪਿਸਦੇ ਹਨ। ਉਨ੍ਹਾਂ ਕਿਹਾ, “ਸੱਤਾਧਾਰੀ ਧਿਰ ਕੋਲ ਮੁੱਖ ਮੰਤਰੀ ਨਹੀਂ ਹੈ। ਉਹ ਇਕ ਨੂੰ ਮੁੱਖ ਮੰਤਰੀ ਬਣਾਉਂਦੇ ਹਨ, ਫਿਰ ਕੁਝ ਦਿਨਾਂ ਬਾਅਦ ਪਤਾ ਲੱਗ ਜਾਂਦਾ ਹੈ ਕਿ ਇਹ ਬੇਕਾਰ ਹੈ, ਫਿਰ ਉਸ ਨੂੰ ਬਦਲ ਦਿੰਦੇ ਹਨ।”

ਕੇਜਰੀਵਾਲ ਨੇ ਕਿਹਾ, ਉਤਰਾਖੰਡ ਦੇ ਲੋਕਾਂ ਦੇ ਵਿਕਾਸ ਬਾਰੇ ਕੌਣ ਸੋਚੇਗਾ? ਕੀ ਇਨ੍ਹਾਂ ਦੋਵਾਂ ਪਾਰਟੀਆਂ ਵਿਚੋਂ ਕੋਈ ਵੀ ਉਤਰਾਖੰਡ ਦੇ ਲੋਕਾਂ, ਉਤਰਾਖੰਡ ਦੇ ਵਿਕਾਸ, ਉਤਰਾਖੰਡ ਦੇ ਲੋਕਾਂ ਦੀ ਪਰਵਾਹ ਕਰਦਾ ਹੈ? ”ਕੇਜਰੀਵਾਲ ਨੇ ਕਿਹਾ, ਦੋਵੇਂ ਪਾਰਟੀਆਂ ਸਿਰਫ ਕੁਰਸੀ ਲਈ ਲੜ ਰਹੀਆਂ ਹਨ। ਉਨ੍ਹਾਂ ਕਿਹਾ, “ਅੱਜ ਇੰਨੀ ਮਹਿੰਗਾਈ ਹੋ ਗਈ ਹੈ ਕਿ ਆਮ ਆਦਮੀ ਨੂੰ ਆਪਣਾ ਘਰ ਚਲਾਉਣਾ ਮੁਸ਼ਕਲ ਲੱਗ ਰਿਹਾ ਹੈ। ਕਿਸੇ ਵੀ ਪਰਿਵਾਰ ਵਿਚ ਜਾਓ, ਸਭ ਤੋਂ ਵੱਧ ਨਾਖੁਸ਼ ਔਰਤਾਂ ਹਨ ਕਿਉਂਕਿ ਇਕ ਆਦਮੀ ਕਮਾਉਂਦਾ ਹੈ ਪਰ ਘਰ ਔਰਤਾਂ ਨੂੰ ਚਲਾਉਣਾ ਪੈਂਦਾ ਹੈ। ”

ਟੀਵੀ ਪੰਜਾਬ ਬਿਊਰੋ