ਭਿਆਨਕ ਜੰਗਲੀ ਅੱਗ ’ਚ ਸੁਰੱਖਿਅਤ ਬਚਿਆ 81 ਸਾਲ ਪੁਰਾਣਾ ‘ਚਮਤਕਾਰੀ ਘਰ’

Washington- ਇਸ ਮਹੀਨੇ ਮਾਉਈ ਦੇ ਜੰਗਲਾਂ ਲੱਗੀ ਅੱਗ ਨੇ ਹਰੇ ਭਰੇ ਅਤੇ ਖ਼ੁਸ਼ਹਾਲ ਲਾਹਿਨਾ ਕਸਬੇ ਨੂੰ ਇੱਕ ਭੂਤ ਇਲਾਕਾ ਬਣਾ ਕੇ ਰੱਖ ਦਿੱਤਾ। ਅੱਗ ਨਾਲ ਹੋਈ ਤਬਾਹੀ ਤੋਂ ਬਾਅਦ ਇੱਥੇ ਹਰ ਪਾਸੇ ਰਾਖ ਦੇ ਢੇਰ ਅਤੇ ਖੰਡਰ ਹੋ ਚੁੱਕੀਆਂ ਇਮਾਰਤ ਨਜ਼ਰ ਆ ਰਹੀਆਂ ਹਨ ਪਰ ਇਸ ਸਭ ਦੇ ਵਿਚਾਲੇ ਸੋਸ਼ਲ ਮੀਡੀਆ ’ਤੇ ਇੱਕ ਤਸਵੀਰ ਕਾਫ਼ੀ ਵਾਇਰਲ ਹੋ ਰਹੀ ਹੈ।
ਇਸ ਤਸਵੀਰ ’ਚ ਇੱਕ 81 ਸਾਲ ਪੁਰਾਣਾ ਲਾਲ ਛੱਤ ਵਾਲਾ ਘਰ ਬਿਲਕੁਲ ਠੀਕ ਦਿਖਾਈ ਦੇ ਰਿਹਾ ਹੈ, ਜਿਸ ਨੂੰ ਕਿ ਅੱਗ ਕਾਰਨ ਜ਼ਰਾ ਵੀ ਨੁਕਸਾਨ ਨਹੀਂ ਪਹੁੰਚਿਆ, ਜਦਕਿ ਇਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਇਮਾਰਤਾਂ ਸੜ ਕੇ ਸੁਆਹ ਹੋ ਚੁੱਕੀਆਂ ਹਨ। ਇਸ ਘਰ ਦੀਆਂ ਤਸਵੀਰਾਂ ਕਾਫ਼ੀ ਤੇਜ਼ੀ ਨਾਲ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ ਅਤੇ ਕਈ ਲੋਕ ਇਸ ਨੂੰ ‘ਚਮਤਕਾਰੀ ਘਰ’ ਦੱਸ ਰਹੇ ਹਨ।
ਇਸ ਬਾਰੇ ’ਚ ਗੱਲਬਾਤ ਕਰਦਿਆਂ ਘਰ ਦੇ ਮਾਲਕਾਂ ਟ੍ਰਿਪ ਮਿਲਿਕਿਨ ਅਤੇ ਡੋਰਾ ਏਟਵਾਟਰ ਮਿਲਿਕਿਨ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਘਰ ਸਾਲ 2021 ’ਚ ਖ਼ਰੀਦਿਆ ਸੀ। ਬੀਤੀ 8 ਅਗਸਤ ਨੂੰ ਜਦੋਂ ਜੰਗਲ ’ਚ ਅੱਗ ਲੱਗੀ ਤਾਂ ਉਸ ਵੇਲੇ ਉਹ ਮੈਸੇਚਿਉਸੇਟਸ ’ਚ ਸਨ। ਉਸ ਵੇਲੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਹੁਣ ਉਨ੍ਹਾਂ ਦਾ ਘਰ ਵੀ ਇਸ ਅੱਗ ’ਚ ਪੂਰੀ ਤਰ੍ਹਾਂ ਤਬਾਹ ਹੋ ਜਾਵੇਗਾ।
ਉਕਤ ਮਿਲਿਕਿਨ ਜੋੜੇ ਨੇ ਦੱਸਿਆ ਕਿ ਉਨ੍ਹਾਂ ਨੂੰ ਹੈਰਾਨੀ ਉਸ ਵੇਲੇ ਹੋਈ ਜਦੋਂ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਨੂੰ ਘਰ ਦੀ ਤਸਵੀਰ ਦਿਖਾਈ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰੇ ਤਾਂ ਉਨ੍ਹਾਂ ਨੂੰ ਮਹਿਸੂਸ ਹੋਇਆ ਜਿਵੇਂ ਕਿਸੇ ਨੇ ਫੋਟੋਸ਼ਾਪ ਦੀ ਮਦਦ ਨਾਲ ਅਜਿਹਾ ਕੀਤਾ ਹੈ ਪਰ ਸੱਚ ਪਤਾ ਲੱਗਣ ਤੋਂ ਬਾਅਦ ਉਹ ਖ਼ੁਦ ਹੈਰਾਨ ਰਹਿ ਗਏ।
ਮਿਲਿਕਿਨ ਜੋੜੇ ਨੇ ਦੱਸਿਆ ਕਿ ਇਸ ਘਰ ਨੂੰ ਖ਼ਰੀਦਣ ਤੋਂ ਬਾਅਦ ਉਨ੍ਹਾਂ ਨੇ ਇਸ ਇਤਿਹਾਸਕ ਢਾਂਚੇ ਦੀ ਮੁਰੰਮਤ ਕਰਾਈ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਘਰ ਦੀ ਪੁਰਾਣੀ ਛੱਤ ਦੀ ਥਾਂ ਸਟੀਲ ਦੀ ਛੱਤ ਲਗਾਈ ਸੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਅਨੁਕੂਲ ਹਵਾਵਾਂ ਅਤੇ ਮੁਰੰਮਤ ਦੇ ਚੱਲਦਿਆਂ ਫਰੰਟ ਸਟਰੀਟ ’ਚ ਬਣੇ ਇਸ ਘਰ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਹੋਵੇ।