ਏਅਰ ਕੈਨੇਡਾ ਦਾ ਕਾਰਾ, ਉਲਟੀ ਨਾਲ ਲਿੱਬੜੀਆਂ ਸੀਟਾਂ ’ਤੇ ਬੈਠਣ ਤੋਂ ਮਨ੍ਹਾ ਕਰਨ ’ਤੇ ਜਹਾਜ਼ ’ਚੋਂ ਲਾਹੇ ਯਾਤਰੀ

Ottawa- ਏਅਰ ਕੈਨੇਡਾ ਦੀ ਇੱਕ ਉਡਾਣ ’ਚ ਉਸ ਵੇਲੇ ਅਜੀਬੋ-ਗਰੀਬ ਮਾਹੌਲ ਪੈਦਾ ਹੋ ਗਿਆ, ਜਦੋਂ ਦੋ ਮਹਿਲਾ ਯਾਤਰੀਆਂ ਨੂੰ ਉਲਟੀ ਨਾਲ ਲਿੱਬੜੀਆਂ ਸੀਟਾਂ ’ਤੇ ਬੈਠਣ ਤੋਂ ਇਨਕਾਰ ਕਰਨ ਮਗਰੋਂ ਜਹਾਜ਼ ’ਚ ਹੀ ਉਤਾਰ ਦਿੱਤਾ ਗਿਆ। ਇਸ ਮਗਰੋਂ ਮਹਿਲਾ ਯਾਤਰੀਆਂ ਵਲੋਂ ਪੂਰੀ ਕਹਾਣੀ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ ਗਈ, ਜਿਸ ਮਗਰੋਂ ਇੰਟਰਨੈੱਟ ’ਤੇ ਬਵਾਲ ਮਚ ਗਿਆ ਅਤੇ ਲੋਕਾਂ ਵਲੋਂ ਏਅਰ ਕੈਨੇਡਾ ਦੀ ਖ਼ੂਬ ਖਿਚਾਈ ਵੀ ਕੀਤੀ ਗਈ। ਇਸ ਪੂਰੀ ਘਟਨਾ ਨੂੰ ਲੈ ਕੇ ਹੁਣ ਏਅਰ ਕੈਨੇਡਾ ਨੇ ਮੁਆਫ਼ੀ ਮੰਗੀ ਹੈ।
ਘਟਨਾ ਬਾਰੇ ਏਅਰ ਕੈਨੇਡਾ ਦੀ ਫਲਾਈਟ ’ਚ ਯਾਤਰਾ ਕਰਨ ਵਾਲੀ ਸੂਜ਼ਨ ਬੈਨਸਨ ਨੇ ਇਸ ਘਟਨਾ ਬਾਰੇ ਆਪਣੇ ਅਨੁਭਵ ਨੂੰ ਫੇਸਬੁੱਕ ’ਤੇ ਸ਼ੇਅਰ ਕੀਤਾ ਹੈ। ਇਹ ਘਟਨਾ ਬੀਤੀ 26 ਅਗਸਤ ਨੂੰ ਲਾਸ ਵੇਗਾਸ ਤੋਂ ਮਾਂਟਰੀਆਲ ਜਾ ਰਹੀ ਉਡਾਣ ’ਚ ਵਾਪਰੀ ਸੀ। ਬੈਨਸਨ ਨੇ ਫੇਸਬੁੱਕ ਪੋਸਟ ’ਚ ਲਿਖਿਆ ਕਿ ਸੀਟਾਂ ਦੇ ਆਲੇ-ਦੁਆਲੇ ਬੁਦਬੂ ਆ ਰਹੀ ਸੀ ਪਰ ਸਾਨੂੰ ਪਤਾ ਨਹੀਂ ਸੀ ਕਿ ਸਮੱਸਿਆ ਕੀ ਹੈ। ਬਾਅਦ ’ਚ ਇਹ ਗੱਲ ਪਤਾ ਲੱਗੀ ਕਿ ਫਲਾਈਟ ਦੀ ਪਿਛਲੀ ਉਡਾਣ ’ਚ ਕਿਸੇ ਨੇ ਇਸ ਸੀਟ ’ਚ ਉਲਟੀ ਕਰ ਦਿੱਤੀ ਸੀ। ਬੈਨਸਨ ਨੇ ਕਿਹਾ ਕਿ ਜਦੋਂ ਉਹ ਉਡਾਣ ’ਚ ਪਹੁੰਚੀਆਂ ਤਾਂ ਸੀਟ ਤੇ ਸੀਟਬੈੱਲਟ ਦੋਵੇਂ ਗਿੱਲੀਆਂ ਸਨ ਅਤੇ ਸੀਟਾਂ ਦੇ ਆਲੇ-ਦੁਆਲੇ ਉਲਟੀਆਂ ਦੇ ਨਿਸ਼ਾਨ ਸਨ। ਏਅਰਲਾਈਨ ਨੇ ਖ਼ੂਸ਼ਬੂਦਾਰ ਚੀਜ਼ਾਂ ਛਿੜਕ ਕੇ ਬਦਬੂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਪਰ ਇਸ ਨਾਲ ਕੋਈ ਫ਼ਾਇਦਾ ਨਹੀਂ ਹੋਇਆ।
ਬੈਨਸਨ ਨੇ ਅੱਗੇ ਲਿਖਿਆ ਕਿ ਉਨ੍ਹਾਂ ਨੇ ਇਸ ਤੋਂ ਪਰੇਸ਼ਾਨ ਹੋ ਕੇ ਫਲਾਈਟ ਅਟੈਂਡੈਂਟ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸੀਟ ਤੇ ਸੀਟ ਬੈੱਲਟ ਦੋਵੇਂ ਗਿੱਲੀਆਂ ਹਨ। ਇਸ ’ਤੇ ਅਟੈਂਡੈਂਟ ਨੇ ਅਫ਼ਸੋਸ ਜਤਾਉਂਦਿਆਂ ਕਿਹਾ ਕਿ ਜਹਾਜ਼ ਉੱਡਣ ਵਾਲਾ ਹੈ ਅਤੇ ਅਸੀਂ ਕੁਝ ਨਹੀਂ ਕਰ ਸਕਦੇ। ਇਸੇ ਦੌਰਾਨ , ਇੱਕ ਸੁਪਰਵਾਈਜ਼ਰ ਦੇ ਆਉਣ ਤੋਂ ਪਹਿਲਾਂ ਯਾਤਰੀਆਂ ਅਤੇ ਚਾਲਕ ਦਲ ਵਿਚਾਲੇ ਕਈ ਮਿੰਟਾਂ ਤੱਕ ਬਹਿਸ ਹੋਈ ਅਤੇ ਵਾਰ-ਵਾਰ ਇਹ ਗੱਲ ਕਹੀ ਕਿ ਉਨ੍ਹਾਂ ਨੂੰ ਉਲਟੀ ਵਾਲੀ ਸੀਟ ’ਤੇ ਹੀ ਬੈਠਣਾ ਪਵੇਗਾ।
ਕੁਝ ਦੇਰ ਬਾਅਦ ਇੱਕ ਪਾਇਲਟ ਯਾਤਰੀਆਂ ਨਾਲ ਗੱਲ ਕਰਨ ਲਈ ਅਤੇ ਉਸ ਨੇ ਕਿਹਾ ਕਿ ਉਹ ਫਲਾਈਟ ਤੋਂ ਉੱਤਰ ਸਕਦੀ ਹੈ। ਇਸ ਮਗਰੋਂ ਦੋਹਾਂ ਮਹਿਲਾ ਯਾਤਰੀਆਂ ਨੂੰ ਫਲਾਈਟ ਤੋਂ ਉਤਾਰ ਦਿੱਤਾ ਗਿਆ। ਪਾਇਲਟ ਨੇ ਕਿਹਾ ਕਿ ਯਾਤਰੀਆਂ ਨੇ ਫਲਾਈਟ ਅਟੈਂਡੈਂਟ ਨਾਲ ਸਹੀ ਵਿਵਹਾਰ ਨਹੀਂ ਕੀਤਾ। ਹਾਲਾਂਕਿ ਮਹਿਲਾ ਯਾਤਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜਿਹਾ ਕੁਝ ਵੀ ਨਹੀਂ ਕੀਤਾ ਸੀ।
ਇਸ ਸੰਬੰਧ ’ਚ ਏਅਰ ਕੈਨੇਡਾ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਸਮੀਖਿਆ ਕਰ ਰਿਹਾ ਹੈ ਅਤੇ ਯਾਤਰੀਆਂ ਨਾਲ ਸੰਪਰਕ ਕੀਤਾ ਗਿਆ ਹੈ ਕਿਉਂਕਿ ਇਸ ਘਟਨਾ ਦੌਰਾਨ ਏਅਰਲਾਈਨ ਦੇ ਸੰਚਾਲਨ ਸਬੰਧੀ ਤੌਰ-ਤਰੀਕਿਆਂ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਗਿਆ। ਏਅਰ ਕੈਨੇਡਾ ਨੇ ਕਿਹਾ, ‘‘ਇਸ ’ਚ ਇਨ੍ਹਾਂ ਯਾਤਰੀਆਂ ਤੋਂ ਮੁਆਫੀ ਮੰਗਣਾ, ਕਿਉਂਕਿ ਉਹਨਾਂ ਨੂੰ ਸਪੱਸ਼ਟ ਤੌਰ ’ਤੇ ਮਿਆਰੀ ਦੇਖਭਾਲ ਨਹੀਂ ਮਿਲੀ ਜਿਸ ਦੇ ਉਹ ਹੱਕਦਾਰ ਸਨ, ਅਤੇ ਉਨ੍ਹਾਂ ਦੀਆਂ ਚਿੰਤਾਵਾਂ ਨੂੰ ਹੱਲ ਕਰਨਾ ਸ਼ਾਮਲ ਹੈ।’’