ਬ੍ਰਿਟਿਸ਼ ਕੋਲੰਬੀਆ ਦੇ ਕਈ ਇਲਾਕਿਆਂ ’ਚ ਹਟਾਈਆਂ ਗਈਆਂ ਯਾਤਰਾ ਪਾਬੰਦੀਆਂ

Victoria- ਬ੍ਰਿਟਿਸ਼ ਕੋਲੰਬੀਆ ਦੇ ਐਮਰਜੈਂਸੀ ਪ੍ਰਬੰਧਨ ਮੰਤਰਾਲੇ ਵਲੋਂ ਜੰਗਲਾਂ ਦੀ ਅੱਗ ਦੇ ਚੱਲਦਿਆਂ ਸੂਬੇ ਦੇ ਦੱਖਣੀ-ਅੰਦਰੂਨੀ ਹਿੱਸੇ ’ਚ ਲਾਈਆਂ ਗਈਆਂ ਯਾਤਰਾ ਪਾਬੰਦੀ ਨੂੰ ਹਟਾ ਦਿੱਤਾ ਹੈ। ਇਹ ਪਾਬੰਦੀਆਂ ਬੀਤੇ ਸ਼ਨੀਵਾਰ ਨੂੰ ਲਾਈਆਂ ਗਈਆਂ ਸਨ। ਇਸ ਸੰਬੰਧ ’ਚ ਮੰਗਲਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਮਰਜੈਂਸੀ ਮੈਨੇਜਮੈਂਟ ਮੰਤਰੀ ਬੋਵਿਨ ਮਾ ਨੇ ਕਿਹਾ ਕਿ ਇਨ੍ਹਾਂ ਹੁਕਮਾਂ ਦਾ ਲੋੜੀਂਦਾ ਪ੍ਰਭਾਵ ਪਿਆ ਹੈ, ਕਿਉਂਕਿ ਇਸ ਕਾਰਨ ਨਿਕਾਸੀ ਦੇ ਹੁਕਮਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਅਤੇ ਸੰਕਟਕਾਲੀਨ ਕਰਮਚਾਰੀਆਂ ਲਈ ਹਜ਼ਾਰਾਂ ਥਾਂ ਖ਼ਾਲੀ ਹੋ ਗਏ ਸਨ। ਉਨ੍ਹਾਂ ਕਿਹਾ ਕਿ ਹੁਣ ਕੇਲੋਨਾ, ਓਲੀਵਰ, ਓਸੋਯੋਸ, ਪੈਂਟੀਕਟਨ ਅਤੇ ਵਰਨੋਨ ’ਚ ਇਹ ਪਾਬੰਦੀਆਂ ਹੁਣ ਹਟਾ ਦਿੱਤੀਆਂ ਗਈਆਂ ਹਨ।
ਮਾ ਨੇ ਸਰਕਾਰ ਦੇ ਇਸ ਫ਼ੈਸਲੇ ਦਾ ਸਵਾਗਤ ਕਰਨ ਲਈ ਸੈਰ-ਸਪਾਟਾ ਸੈਕਟਰ ਦਾ ਧੰਨਵਾਦ ਕੀਤਾ ਅਤੇ ਕਿਹਾ, ‘‘ਮੈਂ ਸੈਰ-ਸਪਾਟਾ ਸੈਕਟਰ ਦੇ ਸਮਰਥਨ, ਉਨ੍ਹਾਂ ਦੀ ਹਮਦਰਦੀ ਅਤੇ ਉਨ੍ਹਾਂ ਦੀ ਸਮਝ ਲਈ ਬਹੁਤ ਧੰਨਵਾਦੀ ਹਾਂ। ਅਸੀਂ ਜਾਣਦੇ ਹਾਂ ਕਿ ਇਸ ਤਰ੍ਹਾਂ ਦੇ ਯਾਤਰਾ ਹੁਕਮਾਂ ਨਾਲ ਉਨ੍ਹਾਂ ਦੇ ਕੰਮ ਅਤੇ ਰੋਜ਼ੀ-ਰੋਟੀ ’ਤੇ ਪ੍ਰਭਾਵ ਪੈਂਦਾ ਹੈ।’’
ਦੱਸਣਯੋਗ ਹੈ ਕਿ ਇਹ ਹੁਕਮ ਬੀਤੇ ਸ਼ਨੀਵਾਰ ਨੂੰ ਲਾਗੂ ਕੀਤੇ ਗਏ ਸਨ, ਜਿਨ੍ਹਾਂ ਦਾ ਮੁੱਖ ਮਕਸਦ ਹੋਟਲਾਂ, ਮੋਟਲਾਂ, ਸਰਾਵਾਂ, ਬੈੱਡ ਐਂਡ ਬ੍ਰੈੱਕਫਾਸਟ ਅਤੇ ਕੈਂਪਗ੍ਰਾਊਂਡਾਂ ’ਚ ਸੈਲਾਨੀਆਂ ਵਲੋਂ ਕੀਤੀ ਜਾ ਰਹੀ ਬੁਕਿੰਗ ਨੂੰ ਘਟਾਉਣਾ ਸੀ ਤਾਂ ਜੋ ਅੱਗ ਪ੍ਰਭਾਵਿਤ ਇਲਾਕਿਆਂ ’ਚੋਂ ਆਪਣੇ ਘਰ ਛੱਡ ਕੇ ਆਏ ਲੋਕਾਂ ਅਤੇ ਸੰਕਟਕਾਲੀਨ ਕਰਮਚਾਰੀਆਂ ਨੂੰ ਰਹਿਣ ਲਈ ਥਾਂ ਮਿਲ ਸਕੇ।
ਹਾਲਾਂਕਿ ਮੰਤਰਾਲੇ ਦਾ ਕਹਿਣਾ ਹੈ ਕਿ ਪੱਛਮੀ-ਕੇਲੋਨਾ ’ਚ ਗ਼ੈਰ-ਜ਼ਰੂਰੀ ਯਾਤਰਾ ਪਾਬੰਦੀਆਂ ਅਜੇ ਵੀ ਜਾਰੀ ਹਨ ਅਤੇ ਲੋਕਾਂ ਨੂੰ ਲੇਕ ਕੰਟਰੀ ਅਤੇ ਸ਼ੁਸਵੈਪ ਇਲਾਕਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ।