Jagmeet Singh ਨੇ ਦੱਸੀਆਂ ਆਪਣੀਆਂ ਸ਼ਰਤਾਂ

Vancouver – ਜਗਮੀਤ ਸਿੰਘ ਨੇ ਦੱਸਿਆ ਹੈ ਕਿ ਲਿਬਰਲ ਸਰਕਾਰ ਨੂੰ ਉਨ੍ਹਾਂ ਦਾ ਸਮਰਥਨ ਹਾਸਿਲ ਕਰਨ ਵਾਸਤੇ ਕੀ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇ ਜਸਟਿਨ ਟਰੂਡੋ ਦੀ ਸਰਕਾਰ ਉਨ੍ਹਾਂ ਕੋਲੋਂ ਸਪੋਰਟ ਚਾਹੁੰਦੀ ਹੈ ਤਾਂ ਉਨ੍ਹਾਂ ਨੂੰ ਮਹਾਮਾਰੀ ਨਾਲ ਸਬੰਧਤ ਵਿੱਤੀ ਰਾਹਤ ਤੋਂ ਲੈ ਕੇ ਪੇਡ ਸਿਕ ਲੀਵ ਤੱਕ, ਕਈ ਮੁੱਦਿਆਂ ਬਾਰੇ “ਠੋਸ ਅਤੇ ਤੁਰੰਤ” ਕਰਮ ਉਠਾਉਣੇ ਪੈਣਗੇ।ਜੀ ਹਾਂ, NDP ਲੀਡਰ ਜਗਮੀਤ ਸਿੰਘ ਵੱਲੋਂ ਇਨ੍ਹਾਂ ਵਿਚਾਰਾਂ ਦੀ ਸਾਂਝ ਓਟਵਾ ਵਿਚ ਆਯੋਜਿਤ ਇੱਕ ਨਿਊਜ਼ ਕਾਨਫ਼ਰੰਸ ਦੌਰਾਨ ਪਾਈ ਗਈ। ਇਸ ਮੌਕੇ ਜਗਮੀਤ ਸਿੰਘ ਨੇ ਐਨਡੀਪੀ ਦੀ ਸੂਚੀ ਜਾਰੀ ਕੀਤੀ ਜਿਸ ਵਿਚ ਫ਼ੈਡਰਲ ਵੈਕਸੀਨ ਪਾਸਪੋਰਟ ਵੀ ਸ਼ਾਮਲ ਹੈ। ਜਗਮੀਤ ਸਿੰਘ ਨੇ ਦੱਸਿਆ ਕਿ ਉਹ ਵੈਕਸੀਨ ਪਾਸਪੋਰਟ ਦੇ ਹੱਕ ‘ਚ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਇਸ ਬਾਰੇ ਗੱਲਬਾਤ ਹੁੰਦੀ ਰਹੀ ਹੈ ਅਤੇ ਜਸਟਿਨ ਟਰੂਡੋ ਨੇ ਵੀ ਇਸ ਬਾਰੇ ਗੱਲ ਕੀਤੀ ਸੀ ਪਰ ਉਨ੍ਹਾਂ ਨੇ ਇਸ ਬਾਰੇ ਕੀਤਾ ਕੁਝ ਨਹੀਂ।
ਦੱਸਦਈਏ ਕਿ 2021 ਦੀਆਂ ਹੋਈਆਂ ਫ਼ੈਡਰਲ ਚੋਣਾਂ ਵਿਚ ਐਨਡੀਪੀ ਨੂੰ 25 ਸੀਟਾਂ ਮਿਲੀਆਂ ਹਨ। ਲਿਬਰਲ ਪਾਰਟੀ ਨੂੰ ਇਨ੍ਹਾਂ ਚੋਣਾਂ ‘ਚ ਬਹੁਮਤ ਨਹੀਂ ਮਿਲ ਸਕੀ ਜਿਸ ਕਾਰਨ ਘੱਟਗਿਣਤੀ ਸਰਕਾਰ ਦੌਰਾਨ ਪਾਰਲੀਮੈਂਟ ਵਿਚ ਐਨਡੀਪੀ ਦੀ ਭੁਮਿਕਾ ਮਹੱਤਵਪੂਰਨ ਹੋਵੇਗੀ। ਬੁੱਧਵਾਰ ਨੂੰ ਐਨਡੀਪੀ ਦੇ ਐਮਪੀਜ਼ ਕੌਕਸ ਮੀਟਿੰਗ ਵਿਚ ਇਕੱਠੇ ਹੋਏ ਸਨ, ਜਿੱਥੇ ਪਾਰਟੀ ਦੀਆਂ ਤਰਜੀਹਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਜਗਮੀਤ ਸਿੰਘ ਚਾਹੁੰਦੇ ਹਨ ਕਿ ਫ਼ੈਡਰਲ ਸਰਕਾਰ, ਕੋਰੋਨਾ ਨਾਲ ਸਬੰਧਤ ਕੰਮਾਂ ਦੇ ਨਾਲ ਨਾਲ, ਕਲਾਇਮੇਟ ਚੇਂਜ ਅਤੇ ਰੀਕਨਸੀਲੀਏਸ਼ਨ ਦੇ ਵਿਸ਼ਿਆਂ ‘ਤੇ ਵੀ ਠੋਸ ਕਦਮ ਉਠਾਏ।
ਐਲਬਰਟਾ ਅਤੇ ਸਸਕੈਚਵਨ ਵਿਚ ਕੋਵਿਡ ਦੀ ਲਗਾਤਾਰ ਵਿਗੜਦੀ ਸਥਿਤੀ ਦਾ ਹਵਾਲਾ ਦਿੰਦਿਆਂ, ਜਗਮੀਤ ਸਿੰਘ ਨੇ ਫ਼ੈਡਰਲ ਸਰਕਾਰ ਨੂੰ, ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਅਤੇ ਕੈਨੇਡਾ ਐਮਰਜੈਂਸੀ ਰੈਂਟ ਸਬਸਿਡੀ ਵਰਗੇ ਵਿੱਤੀ ਰਾਹਤ ਪ੍ਰੋਗਰਾਮ ਜਾਰੀ ਰੱਖਣ ਦੀ ਮੰਗ ਕੀਤੀ। ਇਸ ਦੇਨਾਲ ਹੀ ਉਨ੍ਹਾਂ ਵੱਲੋਂ ਐਲਬਰਟਾ ਦੇ ਹਾਲਾਤਾਂ ਬਾਰੇ ਸੂਬਾ ਸਰਕਾਰ ਨੂੰ ਜਿੰਮੇਵਾਰ ਦੱਸਿਆ ਗਿਆ ਹੈ।