ਭਾਰਤੀ ਮੂਲ ਦੀ ਮਹਿਲਾ ਨੇ ਆਪਣੇ ਪਿਤਾ ਦੀ ਮੌਤ ਲਈ ਏਅਰ ਕੈਨੇਡਾ ਨੂੰ ਦੱਸਿਆ ਜ਼ਿੰਮੇਵਾਰ

Montreal- ਭਾਰਤੀ ਮੂਲ ਦੀ ਇਕ ਕੈਨੇਡੀਅਨ ਔਰਤ ਨੇ ਦੋਸ਼ ਲਾਇਆ ਹੈ ਕਿ ਏਅਰ ਕੈਨੇਡਾ ਦੀ ਲਾਪਰਵਾਹੀ ਕਾਰਨ ਉਸ ਦੇ 83 ਸਾਲਾ ਪਿਤਾ ਦੀ ਦਿੱਲੀ ਤੋਂ ਮਾਂਟਰੀਅਲ ਜਾ ਰਹੀ ਉਡਾਣ ਦੌਰਾਨ ਮੌਤ ਹੋ ਗਈ। ਸੋਮਵਾਰ ਨੂੰ ਇੱਕ ਕੈਨੇਡੀਅਨ ਮੀਡੀਆ ਰਿਪੋਰਟ ਮੁਤਾਬਕ ਓਨਟਾਰੀਓ ਨਿਵਾਸੀ ਸ਼ਾਨੂ ਪਾਂਡੇ ਸਤੰਬਰ ’ਚ ਆਪਣੇ ਪਿਤਾ ਹਰੀਸ਼ ਪੰਤ ਨਾਲ ਏਅਰ ਕੈਨੇਡਾ ਦੀ ਫਲਾਈਟ ਰਾਹੀਂ ਦਿੱਲੀ ਤੋਂ ਕੈਨੇਡਾ ਲਈ ਰਵਾਨਾ ਹੋਈ ਸੀ।
ਖਬਰ ਮੁਤਾਬਕ ਸੱਤ ਘੰਟੇ ਬਾਅਦ ਜਦੋਂ ਜਹਾਜ਼ ਯੂਰਪ ਦੇ ਉੱਪਰ ਸੀ ਤਾਂ ਪੰਤ ਨੂੰ ਛਾਤੀ ’ਚ ਦਰਦ, ਪਿੱਠ ’ਚ ਦਰਦ, ਉਲਟੀ ਅਤੇ ਖੜ੍ਹੇ ਹੋਣ ’ਚ ਅਸਮਰੱਥਾ ਵਰਗੀਆਂ ਸਮੱਸਿਆਵਾਂ ਹੋਣ ਲੱਗੀਆਂ। ਸ਼ਾਨੂ ਨੇ ਏਅਰਲਾਈਨ ਦੇ ਅਮਲੇ ਨੂੰ ਜਹਾਜ਼ ਨੂੰ ਉਤਾਰਨ ਦੀ ਬੇਨਤੀ ਕੀਤੀ ਤਾਂ ਜੋ ਉਸ ਦੇ ਪਿਤਾ ਨੂੰ ਹਸਪਤਾਲ ’ਚ ਦਾਖ਼ਲ ਕਰਾਇਆ ਜਾ ਸਕੇ। ਹਾਲਾਂਕਿ, ਜਹਾਜ਼ 9 ਘੰਟਿਆਂ ਤੋਂ ਵਧੇਰੇ ਸਮੇਂ ਤੱਕ ਆਇਰਲੈਂਡ, ਅਟਲਾਂਟਿਕ ਮਹਾਂਸਾਗਰ ਅਤੇ ਪੂਰਬੀ ਕੈਨੇਡਾ ਦੇ ਅਸਾਮਾਨ ’ਚ ਉਡਾਣ ਭਰਨ ਮਗਰੋਂ ਜਦੋਂ ਮਾਂਟਰੀਅਲ ’ਚ ਉਤਰਿਆ ਤਾਂ ਮੈਡੀਕਲ ਟੀਮ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ ਪਰ ਇਸ ਦੌਰਾਨ ਪੰਤ ਦੀ ਮੌਤ ਹੋ ਗਈ। ਦਿੱਲੀ ਤੋਂ ਮਾਂਟਰੀਅਲ ਦੀ ਫਲਾਈਟ ’ਚ ਲਗਭਗ 17 ਘੰਟੇ ਲੱਗਦੇ ਹਨ। ਮੀਡੀਆ ਰਿਪੋਰਟ ’ਚ ਸ਼ਾਨੂ ਦੇ ਹਵਾਲੇ ਨਾਲ ਲਿਖਿਆ ਗਿਆ ਹੈ, ‘‘ਮੇਰੀਆਂ ਅੱਖਾਂ ਦੇ ਸਾਹਮਣੇ ਉਨ੍ਹਾਂ ਦੀ ਹਾਲਤ ਵਿਗੜ ਰਹੀ ਸੀ।’’
ਉੱਧਰ ਏਅਰ ਕੈਨੇਡਾ ਨੇ ਯਾਤਰੀ ਦੀ ਮੌਤ ਲਈ ਜ਼ਿੰਮੇਵਾਰ ਹੋਣ ਦੇ ਕਿਸੇ ਵੀ ਦਾਅਵੇ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ। ਏਅਰਲਾਈਨ ਦੇ ਬੁਲਾਰੇ ਪੀਟਰ ਫਿਟਜ਼ਪੈਟ੍ਰਿਕ ਨੇ ਕਿਹਾ ਕਿ ਚਾਲਕ ਦਲ ਨੇ ਜਹਾਜ਼ ’ਚ ਮੈਡੀਕਲ ਐਮਰਜੈਂਸੀ ਨਾਲ ਸਬੰਧਤ ਪ੍ਰਕਿਰਿਆਵਾਂ ਦਾ ਸਹੀ ਢੰਗ ਨਾਲ ਪਾਲਣ ਕੀਤਾ। ਹਾਲਾਂਕਿ, ਜਦੋਂ ਉਨ੍ਹਾਂ ਨੂੰ ਪ੍ਰਕਿਰਿਆ ਬਾਰੇ ਜਾਣਕਾਰੀ ਦੇਣ ਲਈ ਕਿਹਾ ਗਿਆ ਤਾਂ ਉਨ੍ਹਾਂ ਨੇ ਇਨਕਾਰ ਕਰ ਦਿੱਤਾ।