ਭਾਰਤ ਨੇ ਕੈਨੇਡਾ ਨੂੰ ਕੂਟਨੀਤਿਕ ਸਬੰਧਾਂ ’ਤੇ ਵਿਆਨਾ ਕਨਵੈਨਸ਼ਨ ਦੀ ਪਾਲਣਾ ਕਰਨ ਲਈ ਆਖਿਆ

New Delhi- ਭਾਰਤ ਨੇ ਵੀਰਵਾਰ ਕੈਨੇਡਾ ਨੂੰ ਕੂਟਨੀਤਕ ਸਬੰਧਾਂ ’ਤੇ ਵਿਆਨਾ ਕਨਵੈਨਸ਼ਨ ਦੇ ਉਪਬੰਧਾਂ ਦੇ ਅਨੁਸਾਰ ਅਨੁਕੂਲ ਮਾਹੌਲ ਬਣਾਉਣ ਦਾ ਸੱਦਾ ਦਿੱਤਾ ਤਾਂ ਜੋ ਉਸ ਦੇ ਅਧਿਕਾਰੀ ਬਿਨਾਂ ਕਿਸੇ ਰੁਕਾਵਟ ਜਾਂ ਸੁਰੱਖਿਆ ਚਿੰਤਾਵਾਂ ਦੇ ਆਪਣੀ ਡਿਊਟੀ ਨਿਭਾ ਸਕਣ। ਬੀਤੇ ਦਿਨੀਂ ਵੈਨਕੂਵਰ ’ਚ ਭਾਰਤੀ ਕੌਂਸਲੇਟ ਨੇ ਇੱਕ ਕੈਂਪ ਲਗਾਇਆ ਸੀ ਜਿਸ ’ਚ ਕੁਝ ਲੋਕਾਂ ਨੇ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਸੀ। ਇਸ ਘਟਨਾ ਦੇ ਮਗਰੋਂ ਭਾਰਤ ਨੇ ਇਹ ਅਪੀਲ ਕੀਤੀ ਹੈ।
ਸਤੰਬਰ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਲੋਂ 18 ਜੂਨ ਨੂੰ ਬ੍ਰਿਟਿਸ਼ ਕੋਲੰਬੀਆ ’ਚ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਹੱਤਿਆ ’ਚ ਭਾਰਤੀ ਏਜੰਟ ਦੀ ‘ਸੰਭਵ’ ਸ਼ਮੂਲੀਅਤ ਦੇ ਦੋਸ਼ ਲਾਏ ਜਾਣ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਸਬੰਧ ਬੇਹੱਦ ਤਣਾਅਪੂਰਨ ਹੋ ਗਏ ਸਨ। ਭਾਰਤ ਨੇ ਟਰੂਡੋ ਦੇ ਦੋਸ਼ਾਂ ਨੂੰ ‘ਬੇਤੁਕਾ’ ਦੱਸਦਿਆਂ ਰੱਦ ਕਰ ਦਿੱਤਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਵੀਰਵਾਰ ਨੂੰ ਆਪਣੀ ਹਫਤਾਵਾਰੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ, “ਕੈਨੇਡਾ ’ਚ ਸਾਡੇ ਹਾਈ ਕਮਿਸ਼ਨ ਅਤੇ ਕੌਂਸਲੇਟ ਨਿਯਮਤ ਤੌਰ ’ਤੇ ਕੌਂਸਲਰ ਕੈਂਪਾਂ ਦਾ ਆਯੋਜਨ ਕਰਦੇ ਹਨ। ਇਸੇ ਤਰ੍ਹਾਂ ਦਾ ਕੈਂਪ 12 ਨਵੰਬਰ ਨੂੰ ਵੈਨਕੂਵਰ ਨੇੜੇ ਪੈਨਸ਼ਨਰਾਂ ਨੂੰ ਜੀਵਨ ਸਰਟੀਫਿਕੇਟ ਦੇਣ ਲਈ ਲਗਾਇਆ ਗਿਆ ਸੀ।’’
ਉਨ੍ਹਾਂ ਆਖਿਆ, ‘‘ਕੁਝ ਕੱਟੜਪੰਥੀ ਤੱਤਾਂ ਵਲੋਂ ਰੁਕਾਵਟ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪ੍ਰੋਗਰਾਮ ਦਾ ਆਯੋਜਨ ਸਫਲਤਾਪੂਰਵਕ ਕੀਤਾ ਗਿਆ। ਸਾਡੇ ਕੌਂਸਲ ਜਨਰਲ ਉਸ ਕੈਂਪ ਵਿੱਚ ਮੌਜੂਦ ਨਹੀਂ ਸਨ।’’ ਬਾਗਚੀ ਨੇ ਕਿਹਾ ਕਿ ਅਸੀਂ ਰਾਸ਼ਟਰਾਂ ਨੂੰ ਡਿਪਲੋਮੈਟਿਕ ਸਬੰਧਾਂ ’ਤੇ ਵਿਆਨਾ ਕਨਵੈਨਸ਼ਨ ਦਾ ਸਨਮਾਨ ਕਰਨ ਦੀ ਲੋੜ ਨੂੰ ਦੁਹਰਾਉਂਦੇ ਹਾਂ ਤਾਂ ਜੋ ਸਾਡੇ ਡਿਪਲੋਮੈਟ ਆਪਣੀਆਂ ਕੂਟਨੀਤਕ ਜ਼ਿੰਮੇਵਾਰੀਆਂ ਨੂੰ ਨਿਭਾ ਸਕਣ। ਦੀਵਾਲੀ ਦੌਰਾਨ ਬਰੈਂਪਟਨ ਨੇੜੇ ਵਾਪਰੀ ਘਟਨਾ ਬਾਰੇ ਪੁੱਛੇ ਜਾਣ ’ਤੇ ਬਾਗਚੀ ਨੇ ਕਿਹਾ ਕਿ ਇਹ ਦੋ ਧੜਿਆਂ ਵਿਚਾਲੇ ਇੱਕ ਤਰ੍ਹਾਂ ਦੀ ‘ਝੜਪ’ ਸੀ।